ਆਉਣ ਵਾਲੇ ਦਿਨਾਂ ਦੌਰਾਨ ਵੱਧ ਸਕਦੀ ਹੈ ਮੇਅਰ ਅਤੇ ਵਿਧਾਇਕ ਵਿਚਾਲੇ ਖਿਚੋਤਾਣ

ਸ਼ਹਿਰ ਦੇ ਵਿਕਾਸ ਕਾਰਜਾਂ ਤੇ ਪੈ ਸਕਦਾ ਹੈ ਅਸਰ

ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 25 ਅਪ੍ਰੈਲ
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਦੇ ਆਪਸੀ ਰਿਸ਼ਤਿਆਂ ਵਿੱਚ ਫਿਕ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਸਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਣ ਦੀ ਸੰਭਾਵਨਾ ਬਣਦੀ ਦਿਖ ਰਹੀ ਹੈ| ਇਹਨਾਂ ਦੋਵਾਂ ਆਗੂਆਂ ਦੀ ਇਸ ਆਪਸੀ ਖਿਚੋਤਾਣ ਦਾ ਨਿਗਮ ਦੇ ਮੌਜੂਦਾ ਢਾਂਚੇ ਤੇ ਭਾਵੇਂ ਕੋਈ ਅਸਰ ਨਾ ਪਵੇ ਪਰ ਇਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਜਰੂਰ ਅਸਰ ਪੈ ਸਕਦਾ ਹੈ|
2 ਸਾਲ ਪਹਿਲਾਂ ਹੋਈ ਨਗਰ ਨਿਗਮ ਦੀ ਚੋਣ ਵੇਲੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜੇ ਆਜਾਦ ਗਰੁੱਪ ਦੇ 11 ਮੈਂਬਰ ਜੇਤੂ ਰਹੇ ਸੀ ਅਤੇ ਉਸ ਵੇਲੇ 2 ਆਜਾਦ ਮੈਂਬਰਾਂ ਸ੍ਰ. ਮਨਜੀਤ ਸਿੰਘ ਸੇਠੀ ਅਤੇ ਸ੍ਰੀਮਤੀ ਹਰਵਿੰਦਰ ਕੌਰ ਲੰਗ ਵਲੋਂ ਵੀ ਸ੍ਰ. ਕੁਲਵੰਤ ਸਿੰਘ ਨੂੰ ਆਪਣਾ  ਸਮਰਥਨ ਦਿੱਤੇ ਜਾਣ ਨਾਲ ਇਹਨਾਂ ਮੈਂਬਰਾਂ ਦੀ ਗਿਣਤੀ 13 ਹੋ ਰਹੀ ਸੀ| ਉਸ ਵੇਲੇ ਦੀ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਦੇ 23 ਮੈਂਬਰ ਚੋਣ ਜਿਤੇ ਸਨ ਜਦੋਂ ਕਿ ਹਲਕਾ ਵਿਧਾਇਕ ਸ੍ਰ. ਸਿੱਧੂ ਦੀ ਅਗਵਾਈ ਵਿੱਚ ਚੋਣ ਲੜੀ ਕਾਂਗਰਸ ਪਾਰਟੀ ਦੇ 14 ਮੈਂਬਰ ਜਿੱਤੇ ਸਨ|
ਉਸ ਵੇਲੇ ਅਕਾਲੀ ਭਾਜਪਾ ਗਠਜੋੜ ਨੂੰ ਮਾਤ ਦੇਣ ਲਈ ਹਲਕਾ ਵਿਧਾਇਕ ਵਲੋਂ ਸ੍ਰ. ਕੁਲਵੰਤ ਸਿੰਘ ਦੇ ਧੜੇ ਨੂੰ ਸਮਰਥਨ ਦੇ ਦਿੱਤਾ ਗਿਆ ਸੀ ਅਤੇ ਇਹਨਾਂ ਧਿਰਾਂ ਵਿੱਚ ਹੋਏ ਆਪਸੀ ਸਮਝੌਤੇ ਸਦਕਾ ਸ੍ਰ. ਕੁਲਵੰਤ ਸਿੰਘ ਮੇਅਰ ਬਣ ਗਏ ਸਨ ਜਦੋਂ ਕਿ ਕਾਂਗਰਸ ਦੇ ਸ੍ਰੀ ਰਿਸ਼ਵ ਜੈਨ ਵੀ ਸੀ. ਡਿਪਟੀ ਮੇਅਰ ਅਤੇ ਆਜਾਦ ਮੈਂਬਰ ਸ੍ਰ. ਮਨਜੀਤ ਸਿੰਘ ਸੇਠੀ ਡਿਪਟੀ  ਮੇਅਰ ਬਣ ਗਏ ਸਨ|
ਮੇਅਰ ਅਤੇ ਹਲਕਾ ਵਿਧਾਇਕ ਦੇ ਰਿਸ਼ਤਿਆਂ ਵਿੱਚ ਫਿੱਕ ਪੈਣ ਦਾ ਦੌਰ ਉਦੋਂ ਆਰੰਭ ਹੋਇਆ ਸੀ ਜਦੋਂ ਪਿਛਲੇ ਸਾਲ ਮੇਅਰ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ| ਮੇਅਰ ਦੀ ਇਸ ਕਾਰਵਾਈ ਤੋਂ ਬਾਅਦ ਹਲਕਾ ਵਿਧਾਇਕ (ਕਾਂਗਰਸ) ਨੇ ਮੇਅਰ ਤੋਂ ਆਪਣਾ ਸਮਰਥਨ ਵਾਪਿਸ ਲੈ ਲਿਆ ਸੀ ਪਰੰਤੂ ਇਸਦੇ ਬਾਵਜੂਦ ਸ੍ਰੀ ਰਿਸ਼ਵ ਜੈਨ ਸੀ. ਡਿਪਟੀ ਮੇਅਰ ਬਣੇ ਰਹੇ ਸਨ|
ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ  ਪਾਰਟੀ ਦੀ ਸਰਕਾਰ ਬਣ ਗਈ ਹੈ ਤਾਂ ਇਹਨਾਂ ਦੋਵਾਂ ਆਗੂਆਂ ਵਿਚਾਲੇ ਆਪਸੀ ਖਿਚੋਤਾਣ ਵੀ ਵਧਦੀ ਦਿਖ ਰਹੀ ਹੈ| ਹਾਲਾਂਕਿ ਹਲਕਾ ਵਿਧਾਇਕ ਦੇ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਨਿਗਮ ਦੀ ਮੀਟਿੰਗ ਵਿਚ ਭਾਗ ਲੈਣ ਵੇਲੇ ਮੇਅਰ ਦੀ ਅਗਵਾਈ ਵਿਚ ਹਲਕਾ ਵਿਧਾਇਕ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅਤੇ   ਦੋਵੇਂ ਆਗੂ ਇੱਕ ਦੂਜੇ ਨਾਲ ਗਲਵਕੜੀਆਂ ਪਾਉਂਦੇ ਵੀ ਦਿਖੇ ਸੀ| ਪਰੰਤੂ ਜਿਵੇਂ ਜਿਵੇਂ ਨਿਗਮ ਦੀ ਰੁਟੀਨ ਕੰਮਾਂ ਵਿਚ ਵਿਧਾਇਕ ਦਾ ਦਖਲ ਵਧ ਰਿਹਾ ਹੈ| ਉਹਨਾਂ ਦੋਹਾਂ ਆਗੂਆਂ ਵਿਚ ਆਪਸੀ ਖਿਚੋਤਾਣ ਵੀ ਵਧ ਰਹੀ ਹੈ|
ਇਸ ਦੌਰਾਨ ਮੇਅਰ ਸ੍ਰ. ਕੁਲਵੰਤ ਸਿੰਘ ਦੀ ਕੰਪਨੀ ਜੇ.ਐਲ.ਪੀ.ਐਲ. ਵਲੋਂ ਵਿਕਸਿਤ ਕੀਤੇ ਸੈਕਟਰ 82 ਦੇ  ਉਦਯੋਗਪਤੀਆਂ ਵਲੋਂ ਆਪਣੀਆਂ ਮੰਗਾਂ ਲਈ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਮੌਕੇ ਇਸ ਤਰੀਕੇ ਨਾਲ ਵਿਧਾਇਕ ਵਲੋਂ ਇਹਨਾਂ ਉਦਯੋਗਪਤੀਆਂ ਨੂੰ ਥਾਪੜਾ ਦਿੱਤਾ ਗਿਆ ਹੈ| ਉਸ ਨਾਲ ਜਾਹਿਰ ਹੋ ਰਿਹਾ ਹੈ ਕਿ ਇਹਨਾਂ ਦੋਵਾਂ ਆਗੂਆਂ ਦੇ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਸਿਫਤ ਬਾਕੀ ਨਹੀਂ ਰਹੀ ਹੈ| ਇਹ ਵੀ ਚਰਚਾ ਹੈ ਕਿ ਹਲਕਾ ਵਿਧਾਇਕ ਵੱਲੋਂ ਨਿਗਮ ਦੇ ਕੁਝ ਅਜਿਹੇ ਅਫਸਰਾਂ ਅਤੇ ਮੁਲਾਜਮਾਂ ਦੀ ਇੱਥੋਂ ਬਦਲੀ ਕਰਵਾਉਣ ਦੀ ਵੀ ਅੰਦਰ ਖਾਤੇ ਸਿਫਾਰਿਸ਼ ਕੀਤੀ ਜਾ ਚੁੱਕੀ ਹੈ ਜਿਹੜੇ ਮੇਅਰ ਦੇ ਨਜਦੀਕੀ ਸਮਝੇ ਜਾਂਦੇ ਹਨ ਅਤੇ ਇਹਨਾਂ ਦੀਆਂ ਬਦਲੀਆਂ ਵੀ ਛੇਤੀ ਹੀ ਹੋ ਸਕਦੀਆਂ ਹਨ|
ਹਾਲਾਂਕਿ ਇਸ ਸਾਰੇ ਕੁਝ ਦਾ  ਮੇਅਰ ਦੀ ਕੁਰਸੀ ਤੇ ਕੋਈ ਅਸਰ  ਪਵੇਗਾ ਇਸ ਦੀ ਸੰਭਾਵਨਾ ਘੱਟ ਹੀ ਹੈ| ਇਸਦਾ  ਕਾਰਣ ਇਹ ਹੈ ਕਿ ਮੇਅਰ ਨੂੰ ਬਣਾਉਣ ਲਈ ਭਾਵੇਂ ਅੱਧੇ ਤੋਂ ਵੱਧ ਮੈਂਬਰਾਂ ਦਾ ਸਮਰਥਨ ਹੋਣਾ ਜਰੂਰੀ ਹੁੰਦਾ ਹੈ ਪਰੰਤੂ ਮੇਅਰ ਦੇ ਖਿਲਾਫ  ਬੇਵਿਸਾਹੀ ਤੇ  ਮਤੇ ਲਈ ਦੋ ਤਿਹਾਈ ਬਹੁਮਤ ਹੋਣਾ ਜਰੂਰੀ ਹੁੰਦਾ ਹੈ ਅਤੇ ਇਹ ਗਿਣਤੀ 34 ਮੈਂਬਰਾਂ ਦੀ ਬਣਦੀ ਹੈ ਜਦੋਂਕਿ ਨਿਗਮ ਵਿੱਚ ਕਾਂਗਰਸ ਦੇ ਸਿਰਫ 14 ਮੈਂਬਰ ਹਨ| ਅਕਾਲੀ-ਭਾਜਪਾ ਗਠਜੋੜ ਦੇ ਕੁਝ ਮੈਂਬਰ ਜਰੂਰ ਮੇਅਰ ਤੋਂ ਦੂਰੀ ਬਣਾ ਕੇ ਚਲਦੇ ਹਨ ਪਰੰਤੂ ਜੇਕਰ ਉਹ ਵੀ ਕਾਂਗਰਸੀ ਮੈਂਬਰਾਂ ਦੇ ਨਾਲ ਮਿਲਕੇ ਮੇਅਰ ਦੇ ਖਿਲਾਫ ਹੋ ਜਾਣ ਤਾਂ ਵੀ ਮੇਅਰ ਦੀ ਕੁਰਸੀ ਨੂੰ ਹਾਲ ਫਿਲਹਾਲ ਕੋਈ ਖਤਰਾ ਨਹੀਂ ਹੈ|
ਇੰਨਾ ਜਰੂਰ ਹੈ ਕਿ ਇਹਨਾਂ ਦੋਵਾਂ ਆਗੂਆਂ ਵਿੱਚ ਹੋਣ ਵਾਲੀ ਇਸ ਖਿਚੋਤਾਣ ਦਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਪੈ ਸਕਦਾ ਹੈ ਵੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਦਾ ਕੀ ਨਤੀਜਾ ਨਿਕਲ ਕੇ ਆਉਂਦਾ ਹੈ|

Leave a Reply

Your email address will not be published. Required fields are marked *