ਆਕਸਫੋਰਡ ਸਟ੍ਰੀਟ ਤੇ 2 ਵਿਅਕਤੀਆਂ ਵਿਚਕਾਰ ਹੋਏ ਝਗੜੇ ਕਾਰਨ 16 ਵਿਅਕਤੀ ਜ਼ਖਮੀ

ਲੰਡਨ , 25 ਨਵੰਬਰ (ਸ.ਬ.)  ਆਕਸਫੋਰਡ ਇਲਾਕੇ ਵਿਚ 2 ਵਿਅਕਤੀਆਂ ਵਿਚਕਾਰ ਹੋਏ ”ਝਗੜੇ” ਕਾਰਨ ਉਥੇ ਹਫੜਾ-ਦਫੜੀ ਮਚ ਗਈ| ਪੁਲੀਸ ਨੇ ਉਥੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਪਰ ਹਫੜਾ-ਦਫੜੀ ਕਾਰਨ 16 ਵਿਅਕਤੀ ਜ਼ਖਮੀ ਹੋ ਗਏ| ਇਨ੍ਹਾਂ ਜ਼ਖਮੀ ਹੋਏ ਵਿਅਕਤੀਆਂ ਵਿਚੋਂ 8 ਵਿਅਕਤੀਆਂ ਨੂੰ ਮੱਧ ਲੰਡਨ ਦੇ ਹਸਪਤਾਲਾਂ ਵਿਚ ਲੈ ਜਾਇਆ ਗਿਆ ਅਤੇ 7 ਹੋਰ ਲੋਕਾਂ ਦਾ ਮੌਕੇ ਤੇ ਹੀ ਮੁੱਢਲਾ ਇਲਾਜ ਕੀਤਾ ਗਿਆ| ਪੁਲੀਸ ਨੇ ਅੱਤਵਾਦੀ ਹਮਲੇ ਦੇ ਡਰ ਨੂੰ ਰੱਦ ਕਰਦੇ ਹੋਏ ਕਿਹਾ ਕਿ ਗੋਲੀ ਚੱਲਣ ਦੀ ਸੂਚਨਾ ਮਿਲਣ ਤੇ ਸ਼ਹਿਰ ਦੇ ਇਸ ਭੀੜ ਵਾਲੇ ਇਲਾਕੇ ਨੂੰ ਕੁਝ ਦੇਰ ਬੰਦ ਕਰ ਦਿੱਤਾ ਗਿਆ ਸੀ|
ਮੈਟਰੋਪਾਲੀਟਨ ਪੁਲੀਸ ਮੁਤਾਬਕ ਅਸੀਂ ਦੋਹਾਂ ਵਿਅਕਤੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰ ਰਹੇ ਹਾਂ| ਆਕਸਫੋਰਡ ਸਰਕਸ ਤੇ ਸ਼ਨੀਵਾਰ ਨੂੰ ਹੋਈ ਘਟਨਾ ਮਗਰੋਂ ਅਸੀਂ ਉਨ੍ਹਾਂ ਦੋਹਾਂ ਵਿਅਕਤੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ| ਬ੍ਰਿਟਿਸ਼ ਟਰਾਂਸਪੋਰਟ ਪੁਲੀਸ (ਬੀ. ਟੀ. ਪੀ.) ਦਾ ਕਹਿਣਾ ਹੈ ਕਿ ਭੂਮੀਗਤ ਰੇਲਵੇ ਸਟੇਸ਼ਨ ਦੇ ਆਕਸਫੋਰਡ ਸਰਕਸ ਤੇ ਇਹ ਝਗੜਾ ਹੋਇਆ, ਜਿਸ ਮਗਰੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਇੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ| ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਲੇਟਫਾਰਮ ਤੇ ਦੋ ਲੋਕਾਂ ਵਿਚਕਾਰ ਝਗੜਾ ਹੋਇਆ| ਹੁਣ ਉਹ ਸੀ. ਸੀ.ਟੀ. ਵੀ. ਫੁਟੇਜ ਵਿਚ ਦਿੱਸ ਰਹੇ ਦੋ ਲੋਕਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਹਾਂ ਕੋਲ ਘਟਨਾ ਦੇ ਸੰਬੰਧ ਵਿਚ ਹੋਰ ਜਾਣਕਾਰੀ ਹੋਵੇਗੀ| ਘਟਨਾ ਮਗਰੋਂ ਇਕ ਵਿਅਕਤੀ ਨੂੰ ਪੈਰ ਵਿਚ ਸੱਟ ਲੱਗਣ ਕਾਰਨ ਟ੍ਰਾਮਾ ਸੈਂਟਰ ਲੈ ਜਾਇਆ ਗਿਆ ਹੈ| ਪੁਲੀਸ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਆਕਸਫੋਰਡ ਸਟ੍ਰੀਟ ਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਪਰ ਮੌਕੇ ਤੇ ਪਹੁੰਚ ਕੇ ਪਤਾ ਚੱਲਿਆ ਕਿ ਅਜਿਹਾ ਕੁਝ ਨਹੀਂ ਹੋਇਆ ਸੀ|

Leave a Reply

Your email address will not be published. Required fields are marked *