ਆਖਿਰ ਕਦੋਂ ਹਲ ਹੋਵੇਗੀ ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ?

ਪਿਛਲੇ ਚਾਰ ਦਹਾਕਿਆਂ ਦੌਰਾਨ ਸਾਡੇ ਸ਼ਹਿਰ ਦਾ ਭਾਵੇਂ ਬਹੁਤ ਵਿਕਾਸ ਹੋਇਆ ਹੈ ਅਤੇ ਇਸ ਦੌਰਾਨ ਸਾਡਾ ਇਹ ਸ਼ਹਿਰ (ਜਿਸਦੀ ਉਸਾਰੀ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਖੇਤਰ ਵਿੱਚ ਬਣੇ ਫੋਕਲ ਪਾਇੰਟ ਨਾਲ ਹੋਈ ਸੀ) ਇੱਕ ਅੰਤਰਾਸ਼ਟਰੀ ਪ੍ਰਸਿੱਧੀ ਵਾਲੇ ਸ਼ਹਿਰ ਵਿੱਚ ਤਬਦੀਲ ਹੋ ਗਿਆ ਹੈ ਪਰੰਤੂ ਸਾਡੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਆਰੰਭ ਹੋਈ ਆਵਾਰਾ ਪਸ਼ੂਆਂ ਦੀ ਸਮੱਸਿਆ ਹਲ ਨਹੀਂ ਹੋ ਪਾਈ ਹੈ| ਇਸ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਮੱਸਿਆ ਸਮੇਂ ਦੇ ਨਾਲ ਨਾਲ ਲਗਾਤਾਰ ਵੱਧਦੀ ਹੀ ਰਹੀ ਹੈ| ਸ਼ਹਿਰ ਦੇ ਵਿਕਾਸ ਦੇ ਪਿਛਲੇ ਚਾਰ ਦਹਾਕਿਆਂ ਦੇ ਸਫਰ ਦੇ ਦੌਰਾਨ ਜਿੱਥੇ ਸ਼ਹਿਰ ਦਾ ਘੇਰਾ ਵਧਿਆ ਹੈ ਉੱਥੇ ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੀ ਹੋਇਆ ਹੈ|
ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ, ਮਾਰਕੀਟਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਆਮ ਵੇਖਿਆ ਜਾ ਸਕਦਾ ਹੈ ਜਿੱਥੇ ਥਾਂ ਥਾਂ ਤੇ ਗੰਦਗੀ ਫੈਲਾਉਂਦੇ ਇਹ ਆਵਾਰਾ ਪਸ਼ੂ ਟ੍ਰੈਫਿਕ ਸਮੱਸਿਆ ਲਈ ਵੀ ਰੁਕਾਵਟ ਦਾ ਕਾਰਨ ਬਣਦੇ ਹਨ| ਕਈ ਵਾਰ ਤਾਂ ਇਹ ਆਵਾਰਾ ਪਸ਼ੂ ਸਾਈਕਲਾਂ ਜਾਂ ਦੋਪਹੀਆ ਵਾਹਨਾਂ ਤੇ ਜਾਣ ਵਾਲੇ ਲੋਕਾਂ ਦੇ ਪਿੱਛੇ ਵੀ ਪੈ ਜਾਂਦੇ ਹਨ| ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਵੀ ਮਗਰ ਪੈ ਜਾਂਦੇ ਹਨ ਪਿਛਲੇ ਸਮੇਂ ਦੌਰਾਨ ਇਹਨਾਂ ਆਵਾਰਾ ਪਸ਼ੂਆਂ ਵਲੋਂ ਸ਼ਹਿਰ ਵਾਸੀਆਂ ਉੱਪਰ ਹਮਲਾ ਕਰਨ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ|
ਇਸ ਸਭ ਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਤਸੱਲੀਬਖਸ਼ ਨਾ ਹੋਣ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ| ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਹਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਇਸ ਕੰਮ ਲਈ ਨਿਗਮ ਵਿੱਚ ਬਾਕਾਇਦਾ ਸਟਾਫ ਵੀ ਤੈਨਾਤ ਕੀਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾਂਦੀ ਹੈ| ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹਿਦੀ ਹੈ ਅਤੇ ਸਥਾਨਕ ਪ੍ਰਸ਼ਾਸ਼ਨ ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦਾ ਹਲ ਕਰਨ ਵਿੱਚ ਪੂਰੀ ਤਰ੍ਹਾ ਨਾਕਾਮ ਰਿਹਾ ਹੈ|
ਨਗਰ ਨਿਗਮ ਦੇ ਕਰਮਚਾਰੀਆਂ ਦੀ ਟੋਲੀ ਕਦੇ ਕਦਾਰ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਨਜਰ ਵੀ ਆ ਜਾਂਦੀ ਹੈ ਪਰੰਤੂ ਇਹ ਕਾਰਵਾਈ ਇਸ ਸਮੱਸਿਆ ਦਾ ਹਲ ਕਰਨ ਦੀ ਸਮਰਥ ਨਹੀਂ ਹੈ| ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਨੂੰ ਫੜ ਕੇ ਰੱਖਣ ਲਈ ਬਾਕਾਇਦਾ ਇੱਕ ਗਊਸ਼ਾਲਾ ਵੀ ਮੌਜੂਦ ਹੈ ਪਰੰਤੂ ਇਸਦੇ ਬਾਵਜੂਦ ਨਗਰ ਨਿਗਮ, ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਕਰਨ ਵਿੱਚ ਨਾਕਾਮ ਸਾਬਿਤ ਹੁੰਦਾ ਆਇਆ ਹੈ| ਵੈਸੇ ਵੀ ਸ਼ਹਿਰ ਦੇ ਨਾਲ ਲੱਗਦੇ ਖੇਤਰਾਂ ਤੋਂ ਅਜਿਹੇ ਆਵਾਰਾ ਪਸ਼ੂ ਲਗਾਤਾਰ ਸ਼ਹਿਰ ਵਿੱਚ ਆਉਂਦੇ ਰਹਿੰਦੇ ਹਨ ਅਤੇ ਜਿੰਨੇ ਕੁ ਪਸ਼ੂ ਇਹ ਕਰਮਚਾਰੀ ਫੜਦੇ ਹਨ ਉਸ ਤੋਂ ਕਿਤੇ ਵੱਧ ਪਸ਼ੂ ਸ਼ਹਿਰ ਵਿੱਚ ਦਾਖਿਲ ਹੋ ਜਾਂਦੇ ਹਨ ਅਤੇ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਰਹਿੰਦੀ ਹੈ|
ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਨੁੰ ਹਲ ਕੀਤਾ ਜਾਵੇ ਅਤੇ ਇਸ ਸਮੱਸਿਆ ਦੇ ਪ੍ਰਭਾਵੀ ਹਲ ਲਈ ਪ੍ਰਸ਼ਾਸ਼ਨ ਵਲੋਂ ਯੋਜਨਾਬੱਧ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ| ਇਸ ਸੰਬੰਧੀ ਜਿੱਥੇ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਉੱਥੇ ਸ਼ਹਿਰ ਵਿਚ ਨਾਲ ਲੱਗਦੇ ਇਲਾਕਿਆਂ ਤੋਂ ਆਉਣ ਵਾਲੇ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਨ| ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *