ਆਖਿਰ ਕਦੋਂ ਹੋਵੇਗਾ ਜਨਤਕ ਆਵਾਜਾਈ ਵਿੱਚ ਪੂਰਾ ਸੁਧਾਰ

ਪੰਜਾਬ ਵਿੱਚ ਜਨਤਕ ਆਵਾਜਾਈ ਦੇ ਨਾਮ ਤੇ ਆਮ ਲੋਕਾਂ ਨੂੰ ਸਿਰਫ ਬੱਸਾਂ ਦੀ ਹੀ ਸਹੂਲੀਅਤ ਹਾਸਿਲ ਹੈ ਅਤੇ ਪੰਜਾਬ ਦੀਆਂ ਸੜਕਾਂ ਤੇ ਚਲਣ ਵਾਲੀਆਂ ਜਿਆਦਾਤਰ ਬੱਸਾਂ (ਸਰਕਾਰੀ ਅਤੇ ਪ੍ਰਾਈਵੇਟ) ਖਸਤਾ ਹਾਲਾਤ ਵਿੱਚ ਹਨ ਜਿਹੜੀਆਂ ਰਾਹ ਵਿੱਚ ਹੀ ਖਰਾਬ ਹੋ ਕੇ ਖੜ ਜਾਂਦੀਆਂ ਹਨ ਜਿਸ ਕਾਰਨ ਸਵਾਰੀਆਂ ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈਂਦਾ ਹੈ| ਹਾਲਾਂਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਜਨਤਕ ਆਵਾਜਾਈ ਵਿੱਚ ਸੁਧਾਰ ਕਰਨ ਲਈ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾਈਆਂ ਗਈਆਂ ਹਨ ਅਤੇ ਇਸਦੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਵਲੋਂ ਵੀ ਆਪਣੀਆਂ ਨਵੀਆਂ ਬੱਸਾਂ ਸੜਕਾਂ ਉਪਰ ਚਲਾਈਆਂ ਜਾ ਰਹੀਆਂ ਹਨ ਪਰੰਤੂ ਇਸ ਨਾਲ ਜਨਤਕ ਬੱਸ ਸੇਵਾ ਵਿੱਚ ਲੋੜੀਂਦਾ ਸੁਧਾਰ ਹੋਣ ਦੀ ਆਸ ਨਹੀਂ ਹੈ|
ਪੰਜਾਬ ਦੀਆਂ ਸੜਕਾਂ ਤੇ ਚੱਲ ਰਹੀਆਂ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੀਆਂ ਵੱਡੀ ਗਿਣਤੀ ਬੱਸਾਂ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਇਹ ਕੰਡਮ ਹੋ ਚੁੱਕੀਆਂ ਹਨ| ਇਹਨਾਂ ਵਿੱਚੋਂ ਕਈ ਬੱਸਾਂ ਦੀ ਹਾਲਤ ਤਾਂ ਬਹੁਤ ਜਿਆਦਾ ਖਰਾਬ ਹੈ ਅਤੇ ਇਹਨਾਂ ਬੱਸਾਂ ਦੇ ਕਈ ਸ਼ੀਸ਼ੇ ਤਕ ਟੁੱਟੇ ਹੋਏ ਹਨ| ਇਹਨਾਂ ਖਸਤਾਹਾਲ ਬੱਸਾਂ ਦੇ ਇੰਜਣਾਂ ਵਿੱਚੋਂ ਖਤਰਨਾਕ ਕਿਸਮ ਦੀਆਂ ਆਵਾਜਾਂ ਨਿਕਲਦੀਆਂ ਹਨ ਜਿਸ ਕਾਰਨ ਬੱਚੇ ਡਰ ਜਾਂਦੇ ਹਨ| ਇਹਨਾਂ ਖਸਤਾਹਾਲ ਬੱਸਾਂ ਦੇ ਇੰਜਨ ਤੋਂ ਨਿਕਲਣ ਵਾਲੀ ਖਤਰਨਾਕ ਗੈਸ ਕਾਰਨ ਬੱਸ ਵਿਚ ਸਫਰ ਕਰਨ ਵਾਲਿਆਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਉਂਦੀ ਹੈ|
ਇਹਨਾਂ ਬੱਸਾਂ ਵਿੱਚ ਸਮਰੱਥਾ ਤੋਂ ਕਿਤੇ ਵੱਧ ਸਵਾਰੀਆਂ ਚੜ੍ਹਾ ਲਈਆਂ ਜਾਂਦੀਆਂ ਹਨ ਅਤੇ ਓਵਰ ਲੋਡ ਹੋਣ ਕਾਰਨ ਅਕਸਰ ਇਹ ਬੱਸਾਂ ਰਾਹ ਵਿੱਚ ਹੀ ਖਰਾਬ ਹੋ ਜਾਂਦੀਆਂ ਹਨ| ਆਮ ਤੌਰ ਤੇ ਪੇਂਡੂ ਰੂਟਾਂ ਤੇ ਚਲਣ ਵਾਲੀਆਂ ਬੱਸਾਂ ਵਿੱਚ ਕੋਈ ਨਾ ਕੋਈ ਖਰਾਬੀ ਆ ਹੀ ਜਾਂਦੀ ਹੈ| ਕਦੇ ਇਹਨਾਂ ਦੇ ਟਾਇਰ ਪਟਾਕੇ ਮਾਰ ਜਾਂਦੇ ਹਨ ਅਤੇ ਕਦੇ ਬਰੇਕਾਂ ਫੇਲ ਹੋ ਜਾਂਦੀਆਂ ਹਨ| ਕਈ ਵਾਰ ਤਾਂ ਇਹਨਾਂ ਦਾ ਸਟੇਅਰਿੰਗ ਹੀ ਫੇਲ ਹੋ ਜਾਂਦਾ ਹੈ| ਸਫਰ ਦੌਰਾਨ ਬੱਸ ਵਿੱਚ ਆਉਣ ਵਾਲੀਆਂ ਇਹਨਾਂ ਖਰਾਬੀਆਂ ਕਾਰਨ ਇਹਨਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕ ਅੱਧ ਵਿਚਾਲੇ ਜਿਹੇ ਹੀ ਫਸ ਜਾਂਦੇ ਹਨ| ਰੋਡਵੇਜ ਦੀਆਂ ਕਈ ਬੱਸਾਂ ਤਾਂ ਅਜਿਹੀਆਂ ਹਨ ਜਿਹੜੀਆਂ ਇੱਕ ਪਾਸੇ ਨੂੰ ਟੇਢੀਆਂ ਜਿਹੀਆਂ ਹੋ ਕੇ ਚਲਦੀਆਂ ਹਨ ਅਤੇ ਸਵਾਰੀਆਂ ਨੂੰ ਹਰ ਵੇਲੇ ਇਹ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਬੱਸ ਚਲਦੀ ਚਲਦੀ ਉਲਟ ਹੀ ਨਾ ਜਾਵੇ|
ਜੇਕਰ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚੋਂ ਵੀ ਵੱਡੀ ਗਿਣਤੀ ਬੱਸਾਂ ਪੁਰਾਣੀਆਂ ਹੋ ਚੁੱਕੀਆਂ ਹਨ| ਹਾਲਾਂਕਿ ਕਿਲੋਮੀਟਰ ਸਕੀਮ ਤਹਿਤ ਹਰ ਤਿੰਨ ਸਾਲ ਬਾਅਦ ਨਵੀਂ ਬੱਸ ਚਲਾਉਣ ਦੀ ਵਿਵਸਥਾ ਦੱਸੀ ਜਾਂਦੀ ਹੈ, ਪਰ ਤਿੰਨ ਸਾਲ ਬਾਅਦ ਉਹੀ ਬੱਸ ਫਿਰ ਪਾਸ ਕਰਕੇ ਕਿਲੋਮੀਟਰ ਸਕੀਮ ਤਹਿਤ ਚਲਾ ਦਿੱਤੀ ਜਾਂਦੀ ਹੈ| ਕਿਲੋਮੀਟਰ ਸਕੀਮ ਵਾਲੀਆਂ ਕੁੱਝ ਪ੍ਰਾਈਵੇਟ ਬੱਸਾਂ ਦੀ ਹਾਲਤ ਤਾਂ ਰੋਡਵੇਜ ਦੀਆਂ ਬੱਸਾਂ ਨਾਲੋਂ ਵੀ ਵੱਧ ਖਸਤਾ ਹੈ ਜਿਸ ਕਰਕੇ ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਜਨਤਕ ਆਵਾਜਾਈ ਬੁਰੀ ਤਰ੍ਹਾਂ ਬਦਹਾਲੀ ਦੀ ਸ਼ਿਕਾਰ ਹੈ| ਜਿਹੜੀਆਂ ਨਵੀਆਂ ਬੱਸਾਂ (ਜਿਹਨਾਂ ਦੀ ਗਿਣਤੀ ਪੁਰਾਣੀਆਂ ਬੱਸਾਂ ਮੁਕਾਬਲੇ ਕਾਫੀ ਘੱਟ ਹੈ) ਚਲ ਰਹੀਆਂ ਹਨ ਜੇਕਰ ਉਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਦੀਆਂ ਬੱਸਾਂ ਵਿੱਚ ਸਫਰ ਕਰਨਾ ਬਹੁਤ ਔਖਾ ਹੈ ਜਿਸ ਕਾਰਨ ਆਮ ਲੋਕ ਇਹਨਾਂ ਬਸਾਂ ਵਿੱਚ ਸਫਰ ਕਰਨ ਦੀ ਥਾਂ ਨਿੱਜੀ ਵਾਹਨਾ ਤੇ ਆਉਣ ਜਾਣ ਨੂੰ ਤਰਜੀਹ ਦਿੰਦੇ ਹਨ ਅਤੇ ਮਜਬੂਰੀ ਵਿੱਚ ਹੀ ਇਹਨਾਂ ਬੱਸਾਂ ਵਿੱਚ ਚੜ੍ਹਦੇ ਹਨ|
ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਜਨਤਕ ਆਵਾਜਾਈ (ਬੱਸਾਂ) ਦੀ ਹਾਲਤ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਮਿਆਦ ਪੁਗਾ ਚੁੱਕੀਆਂ ਬੱਸਾਂ ਦੀ ਥਾਂ ਨਵੀਆਂ ਬੱਸਾਂ ਲਿਆਂਦੀਆਂ ਜਾਣ| ਮਿਆਦ ਪੁਗ ਚੁੱਕੀਆਂ ਇਹ ਬੱਸਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਅਤੇ ਇਹਨਾਂ ਵਿੱਚ ਸਫਰ ਕਰਨ ਵਾਲਿਆਂ ਦੀ ਜਿੰਦਗੀ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ| ਆਮ ਲੋਕਾਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਆਵਾਜਾਈ ਮੁਹਈਆ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *