ਆਖਿਰ ਕਿੱਥੇ ਖੜ੍ਹਦੀ ਹੈ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ

ਸਾਡੀ ਸਿੱਖਿਆ ਪ੍ਰਣਾਲੀ ਕਿਥੇ ਖੜੀ ਹੈ, ਇਹ ਵੇਖਣਾ ਬੇਹੱਦ ਜ਼ਰੂਰੀ ਹੋ ਗਿਆ ਹੈ| ਸਭ ਤੋਂ ਪਹਿਲਾਂ ਤਾਂ ਸਿਖਿਆ ਦਾ ਅਰਥ ਸਮਝੀਏ,ਫੇਰ ਇਹ ਕਿਵੇਂ ਦੀ ਪਹਿਲਾਂ ਸੀ ਅਤੇ ਹੁਣ ਕਿਵੇਂ ਦੀ ਹੈ,ਇਹ ਵੀ ਵੇਖਣ ਵਾਲੀ ਗੱਲ ਹੈ| ਇਸ ਵਿੱਚ ਨਿਘਾਰ ਕਿਵੇਂ ਅਤੇ ਕਿਉਂ ਆਇਆ ਇਹ ਮਹੱਤਵਪੂਰਨ ਗੱਲ ਹੈ| ਪਰ ਸਭ ਤੋਂ ਵੱਡੀ ਅਤੇ ਸਮੇਂ ਦੀ ਜ਼ਰੂਰਤ ਇਹ ਹੈ ਕਿ ਇਸ ਨੂੰ ਸੁਧਾਰਿਆ ਕਿਵੇਂ ਜਾਵੇ ਤਾਂ ਕਿ ਸਾਡੇ ਬੱਚੇ/ ਵਿਦਿਆਰਥੀ ਡਿਗਰੀਆਂ ਲੈਕੇ ਸੜਕਾਂ ਜੋਗੇ ਹੀ ਨਾ ਰਹਿ ਜਾਣ|
ਸਿੱਖਿਆ ਇਵੇਂ ਦੀ ਹੋਵੇ ਕਿ ਚੰਗੇ ਨਾਗਰਿਕ ਪੈਦਾ ਹੋਣ| ਵਧੀਆ ਅਧਿਆਪਕ ਹੀ, ਵਧੀਆ ਸੇਧ ਦੇ ਸਕਦੇ ਹਨ| ਐਡਮਜ ਅਨੁਸਾਰ, ”ਸਿਖਿਆ ਇੱਕ ਸੁਚੇਤ ਅਤੇ ਸੋਚੀ ਸਮਝੀ ਪ੍ਰਕਿਰਿਆ ਹੈ| ਜਿਸ ਵਿੱਚ ਇੱਕ ਵਿਅਕਤੀ ਗਿਆਨ ਫੈਲਾਉਣ ਦੇ ਰਾਹੀਂ ਦੂਸਰੇ ਵਿਅਕਤੀ ਦੇ ਵਿਕਾਸ ਨੂੰ ਸੋਧਦਾ ਹੈ ”ਚੰਗੇ ਅਧਿਆਪਕ ਹੋਣੇ ਬਹੁਤ ਜ਼ਰੂਰੀ ਹਨ|
ਕੁਝ ਦਹਾਕਿਆਂ ਤੱਕ ਸਰਕਾਰੀ ਸਕੂਲ ਹੀ ਹੁੰਦੇ ਸਨ| ਹਰ ਕੋਈ ਉਸ ਸਕੂਲ ਵਿੱਚ ਹੀ ਜਾਂਦਾ ਸੀ| ਇੱਕਸਾਰਤਾ ਸੀ| ਇੱਕੋ ਜਿਹੀ ਵਰਦੀ, ਇੱਕੋ ਜਗ੍ਹਾ ਤੱਪੜਾਂ ਉਪਰ ਬੈਠਣਾ ਅਤੇ ਇੱਕੋ ਤਰ੍ਹਾਂ ਦੀਆਂ ਮਾਸਟਰ ਜੀ ਦੀਆਂ ਝਿੜਕਾਂ| ਨਾ ਬੱਚਿਆਂ/ ਵਿਦਿਆਰਥੀਆਂ ਨੂੰ ਗੁੱਸਾ ਆਉਣਾ ਅਤੇ ਨਾ ਮਾਪਿਆਂ ਨੇ ਬੁਰਾ ਮਨਾਉਣਾ| ਉਸ ਸਿਖਿਆ ਪ੍ਰਣਾਲੀ ਵਿੱਚ ਨਿਘਾਰ ਆਉਂਦਾ ਗਿਆ ਅਤੇ ਅੱਜ ਦੀ ਸਥਿਤੀ ਬਣ ਗਈ| ਅੱਜ ਸਰਕਾਰੀ ਸਕੂਲਾਂ ਦੀ ਵਧੇਰੇ ਕਰਕੇ ਹਾਲਤ ਖਸਤਾ ਹੀ ਹੈ| ਇਥੇ ਅਧਿਆਪਕ ਨਹੀਂ ਹਨ| ਬਾਕੀ ਸਹੂਲਤਾਂ ਦੀ ਗੱਲ ਕਰਨੀ ਬਹੁਤ ਦੂਰ ਦੀ ਗੱਲ ਹੈ| ਸਾਡੀ ਸਿਖਿਆ ਪ੍ਰਣਾਲੀ ਵੀ ਬਿਮਾਰ ਹੈ, ਭਿਆਨਕ ਬਿਮਾਰੀ ਦੀ ਮਰੀਜ਼ ਹੈ|
ਨੌਜਵਾਨ ਡਿਗਰੀਆਂ ਲੈ ਕੇ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਹਨ| ਜੇਕਰ ਇੰਨਾ ਨੂੰ ਨੌਕਰੀਆਂ ਸਰਕਾਰ ਦੇਣ ਦੇ ਕਾਬਲ ਨਹੀਂ ਤਾਂ ਡਿਗਰੀਆਂ ਦੇਣ ਵਾਲੇ ਕਾਲਜ ਕਿਉਂ ਖੋਲੇ| ਜੇਕਰ ਇੰਨਾ ਨੇ ਸੜਕਾਂ ਤੇ ਧਰਨੇ ਹੀ ਦੇਣੇ ਹਨ ਤਾਂ ਮਾਪਿਆਂ ਦੇ ਪੈਸੇ ਬਰਬਾਦ ਕਿਉਂ ਕਰਵਾਏ| ਥਾਂ ਥਾਂ ਖੁੱਲੇ ਕਾਲਜ ਮਿਆਰੀ ਸਿਖਿਆ ਦੇਣ ਵਿੱਚ ਸਫ਼ਲ ਨਹੀਂ ਹੋ ਰਹੇ| ਵਧੀਆ ਅਧਿਆਪਕ ਹੋਣ ਤਾਂ ਹੀ ਮਿਆਰੀ ਸਿਖਿਆ ਮਿਲ ਸਕਦੀ ਹੈ| ਪ੍ਰਾਈਵੇਟ ਸਕੂਲਾਂ ਕਾਲਜਾਂ ਦਾ ਤਾਂ ਪੈਸੇ ਬਣਾਉਣਾ ਹੈ, ਇਹ ਉਨ੍ਹਾਂ ਦਾ ਕਿੱਤਾ ਹੈ|
ਇਹ ਸਿੱਖਿਆ ਨਾਲ ਖਿਲਵਾੜ ਹੈ ਅਤੇ ਬੱਚਿਆਂ ਦੇ ਭਵਿੱਖ ਨਾਲ ਖੇਡਣਾ| ਅੱਠਵੀਂ ਕਲਾਸ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ| ਨਾ ਅਧਿਆਪਕ ਪੜ੍ਹਾਵੇ ਅਤੇ ਨਾ ਬੱਚੇ ਪੜ੍ਹਨ| ਬੱਚਿਆਂ ਨੂੰ ਆਪਣਾ ਨਾਮ ਆਪਣੀ ਮਾਤਰ ਭਾਸ਼ਾ ਵਿੱਚ ਵੀ ਲਿਖਣਾ ਨਹੀਂ ਆਉਂਦਾ| ਨੌਵੀਂ ਕਲਾਸ ਵਿੱਚ ਉਹ ਕੀ ਕਰਨਗੇ| ਉਹ ਉਸ ਦਿਨ ਵਰਗੇ ਕੋਰੇ ਹੁੰਦੇ ਹਨ ਜਿਸ ਤਰ੍ਹਾਂ ਪਹਿਲੇ ਦਿਨ ਸਕੂਲ ਆਏ ਸੀ ਉਵੇਂ ਦੇ ਹੀ| ਇਹ ਸਰਕਾਰੀ ਸਕੂਲਾਂ ਦੇ ਵਧੇਰੇ ਕਰਕੇ ਬੱਚਿਆਂ ਦਾ ਹਾਲ ਹੈ| ਇਹ ਉਹ ਬੱਚੇ ਹਨ ਜੋ ਬਿਲਕੁੱਲ ਉਵੇਂ ਦੇ ਹੀ ਹੁੰਦੇ ਹਨ ਜਿਵੇਂ ਦੇ ਕਦੇ ਵੀ ਸਕੂਲ ਨਾ ਆਉਣ ਵਾਲਿਆਂ ਦਾ ਹਾਲ ਹੁੰਦਾ ਹੈ| ਥਾਂ ਥਾਂ ਖੁੱਲੇ ਪ੍ਰਾਈਵੇਟ ਸਕੂਲਾਂ ਨੇ ਮਾਪਿਆਂ ਦਾ ਫੀਸਾਂ ਅਤੇ ਹੋਰ ਖਰਚਿਆ ਨਾਲ ਲੱਕ ਤੋੜਿਆ ਹੋਇਆ ਹੈ| ਹਰ ਕੋਈ ਇੰਨਜੀਅਰਿੰਗ ਦੀ ਡਿਗਰੀ ਲੈਣ ਲਈ ਫੀਸ ਔਖਾ ਸੌਖਾ ਦੇਣ ਦਾ ਪ੍ਰਬੰਧ ਕਰ ਲੈਂਦਾ ਹੈ| ਹੱਥੀਂ ਕੰਮ ਇੰਨਾ ਨੂੰ ਸਿਖਾਇਆ ਹੀ ਨਹੀਂ ਜਾਂਦਾ| ਜ਼ਿੰਦਗੀ ਵਿੱਚ ਸਿੱਖਿਆ ਬਹੁਤ ਜ਼ਰੂਰੀ ਹੈ| ਜੌਹਨ ਡਿਊਈ ਅਨੁਸਾਰ, ”ਸਿੱਖਿਆ ਜੀਵਨ ਲਈ ਤਿਆਰੀ ਨਹੀਂ ਹੁੰਦੀ ਸਗੋਂ ਇਹ ਜੀਵਨ ਹੀ ਹੁੰਦੀ ਹੈ|” ਨਕਲ ਦਾ ਰੁਝਾਨ ਇੱਕ ਵੱਖਰੀ ਬਿਮਾਰੀ ਹੈ| ਪੇਪਰ ਲੀਕ ਹੋਣਾ ਆਮ ਜਿਹੀ ਗੱਲ ਹੋ ਗਈ ਹੈ| ਉਹ ਚਾਹੇ ਦੱਸਵੀਂ ਦੇ ਹੋਣ ਜਾਂ ਬਾਹਰਵੀਂ ਦੇ ਅਤੇ ਭਾਵੇਂ ਹੋਣ ਪ੍ਰੋਫੈਸ਼ਨਲ ਦਾਖਲਿਆਂ ਦੇ| ਇਥੇ ਤਾਂ ਆਵਾ ਹੀ ਊਤਿਆ ਹੋਇਆ ਹੈ| ਜਦੋਂ ਅਧਿਆਪਕ ਹੀ ਸੰਤੁਸ਼ਟ ਨਹੀਂ, ਕਿਧਰੇ ਪੂਰੀ ਤਨਖਾਹ ਨਹੀਂ ਅਤੇ ਕਿਧਰੇ ਜਵਾਬ ਦੇਹੀ ਨਹੀਂ| ਨਾ ਵਿਦਿਆਰਥੀ ਸਕੂਲਾਂ ਵਿੱਚੋਂ ਚੰਗੇ ਨਾਗਰਿਕ ਬਣ ਕੇ ਨਿਕਲ ਰਹੇ ਹਨ ਅਤੇ ਨਾ ਹੀ ਵਧੀਆ ਸਿੱਖਿਆ ਲੈ ਕੇ| ਵਾਸਲੀ ਸੁਖੋ ਮਲਿਸਕੀ ਅਨੁਸਾਰ, ”ਵਿੱਦਿਆ ਸੱਭ ਤੋਂ ਪਹਿਲਾਂ ਇਸ ਸਬੰਧੀ ਸਿੱਖਿਆ ਹੈ ਕਿ ਇੱਕ ਚੰਗਾ ਇਨਸਾਨ ਕਿਵੇਂ ਬਣਿਆ ਜਾਵੇ| ”ਇਥੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਘਪਲਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ| ਜਿਹੜੇ ਇਸ ਹੱਦ ਤੱਕ ਡਿੱਗ ਜਾਣਗੇ ਉਹ ਸਿੱਖਿਆ ਦਾ ਮਿਆਰ ਉਚਾ ਕਿਵੇਂ ਚੁੱਕ ਸਕਦੇ ਹਨ|
ਸਾਡੀ ਸਿਖਿਆ ਪ੍ਰਣਾਲੀ ਡਿਗਰੀਆਂ ਦੇਣ ਦੀ ਦੌੜ ਵਿੱਚ ਹੈ| ਜੋ ਹਾਲਤ ਬਣ ਚੁੱਕੀ ਹੈ ਉਹ ਬੱਚਿਆਂ ਦੇ ਭਵਿੱਖ ਅਤੇ ਜ਼ਿੰਦਗੀ ਨਾਲ ਖਿਲਵਾੜ ਹੈ| ਸਿੱਖਿਆ ਪ੍ਰਣਾਲੀ ਵਿੱਚ ਵਾਰ ਵਾਰ ਤਜ਼ੁਰਬੇ ਕਰਨ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ ਹੈ| ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ| ਕੁਝ ਸੁਧਾਰ ਹੋਣੇ, ਸਮੇਂ ਦੀ ਜ਼ਰੂਰਤ ਹੈ| ਹਰ ਨੌਜਵਾਨ ਨੂੰ ਉਸਦੀ ਕਾਬਲੀਅਤ ਅਨੁਸਾਰ ਰੁਜ਼ਗਾਰ ਜ਼ਰੂਰ ਮਿਲੇ, ਨੌਜਵਾਨਾਂ ਨੂੰ ਸਿਰਫ਼ ਕਿਤਾਬੀ ਕੀੜੇ ਨਾ ਬਣਾਇਆ ਜਾਵੇ, ਹੱਥੀ ਕੰਮ ਜ਼ਰੂਰ ਆਉਂਦਾ ਹੋਵੇ| ਕਾਲਜ ਅਤੇ ਯੂਨੀਵਰਸਿਟੀਆਂ ਘੱਟ ਖੋਲੋ ਪਰ ਮਿਆਰੀ ਸਿੱਖਿਆ ਦਿੱਤੀ ਜਾਵੇ| ਅਰਸਤੂ ਅਨੁਸਾਰ,”ਵਿਦਿਆ ਅਜਿਹਾ ਪੌਦਾ ਹੈ ਜਿਸ ਦੀਆਂ ਜੜ੍ਹਾਂ ਕੌੜੀਆਂ ਤੇ ਫਲ ਮਿੱਠਾ ਹੁੰਦਾ ਹੈ| ”ਸਿੱਖਿਆ ਪ੍ਰਣਾਲੀ ਜੇਕਰ ਵਿਹਲੜ ਪੈਦਾ ਕਰ ਰਹੀ ਹੈ ਤਾਂ ਸਮਾਜ ਵਿੱਚ ਹੋਰ ਸਮਸਿਆਵਾਂ ਵੀ ਪੈਦਾ ਹੋਣਗੀਆਂ| ਸਾਡੀ ਸਿਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਸੁਧਾਰ ਕਰਨ ਵਾਲੇ ਹਨ ਪਰ ਵਾਰ ਵਾਰ ਤਜ਼ੁਰਬੇ ਕਰਨੇ ਠੀਕ ਨਹੀਂ ਹਨ|
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ|

Leave a Reply

Your email address will not be published. Required fields are marked *