ਆਖਿਰ ਜਿੰਦਗੀ ਦੀ ਲੜਾਈ ਹਾਰ ਗਿਆ ਫਤਹਿਵੀਰ, ਅੱਜ ਤੜਕੇ ਬੋਰ ਵਿੱਚੋਂ ਕੱਢੀ ਫਤਹਿਵੀਰ ਦੀ ਲਾਸ਼

ਆਖਿਰ ਜਿੰਦਗੀ ਦੀ ਲੜਾਈ ਹਾਰ ਗਿਆ ਫਤਹਿਵੀਰ, ਅੱਜ ਤੜਕੇ ਬੋਰ ਵਿੱਚੋਂ ਕੱਢੀ ਫਤਹਿਵੀਰ ਦੀ ਲਾਸ਼
ਫਤਹਿਵੀਰ ਦੀ ਮੌਤ ਦੇ ਰੋਸ ਵਜੋਂ ਸੁਨਾਮ ਬੰਦ, ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸੜਕਾਂ ਜਾਮ, ਧਰਨੇ, ਪ੍ਰਦਰਸ਼ਨ, ਕੱਲ੍ਹ ਸੰਗਰੂਰ ਰਹੇਗਾ ਬੰਦ
ਸੰਗਰੂਰ, 11 ਜੂਨ (ਸ.ਬ.) ਬੀਤੇ ਵੀਰਵਾਰ 150 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਾ ਫਤਹਿਵੀਰ ਆਖਿਰ ਜ਼ਿੰਦਗੀ ਦੀ ਲੜਾਈ ਹਾਰ ਗਿਆ| ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਂਹੀ ਸਿੱਧਾ ਪੀ ਜੀ ਆਈ ਚੰਡੀਗੜ੍ਹ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਬੀਤੇ ਪੰਜ ਦਿਨਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਦੋ ਸਾਲ ਦੇ ਬੱਚੇ ਫਤਹਿਵੀਰ ਲਈ ਅਨੇਕਾਂ ਲੋਕਾਂ ਨੇ ਦੁਆਵਾਂ ਕੀਤੀਆਂ ਪਰ ਫਤਹਿ ਅੰਤ ਇਹ ਲੜਾਈ ਹਾਰ ਗਿਆ|
ਬੱਚੇ ਨੂੰ ਅੱਜ ਸਵੇਰੇ 5:10 ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ| ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਪਿਛਲੇ ਪੰਜ ਦਿਨਾਂ ਤੋਂ ਚਲ ਰਿਹਾ ਰੈਸਕਿਊ ਆਪਰੇਸ਼ਨ ਫੇਲ੍ਹ ਹੋ ਜਾਣ ਤੋਂ ਬਾਅਦ ਅੱਜ ਤੜਕੇ ਬਚਾਅ ਕੰਮ ਵਿੱਚ ਲੱਗੀਆਂ ਟੀਮਾਂ ਵਲੋਂ ਸਰੀਏ ਦੀ ਕੁੰਡੀ ਬਣਾ ਕੇ ਅਤੇ ਉਸ ਵਿੱਚ ਬੱਚੇ ਨੂੰ ਫਸਾ ਕੇ ਉਸੇ ਪਾਈਪ ਤੋਂ ਉੱਪਰ ਖਿੱਚ ਲਿਆ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵੇਲੇ ਫਤਹਿਵੀਰ ਨੂੰ ਉੱਪਰ ਖਿੱਚਿਆ ਗਿਆ ਉਸ ਵੇਲੇ ਉਹ ਬੁਰੀ ਤਰ੍ਹਾਂ ਲਹੂਲੁਹਾਨ ਹਾਲਤ ਵਿੱਚ ਸੀ ਅਤੇ ਐਨ ਡੀ ਆਰ ਐਫ ਦੇ ਜਵਾਨ ਉਸਨੂੰ ਇੱਕ ਕਪੜੇ ਵਿੱਚ ਲਪੇਟ ਕੇ ਐਂਬੂਲੈਂਸ ਤਕ ਲੈ ਗਏ ਜਿੱਥੋਂ ਉਸਨੂੰ ਸਿੱਧਾ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ| ਜਿਸ ਐਂਬੂਲੈਂਸ ਵਿੱਚ ਫਤਹਿਵੀਰ ਨੂੰ ਭੇਜਿਆ ਗਿਆ ਉਸ ਵਿੱਚ ਵੈਂਟੀਲੇਟਰ ਦਾ ਵੀ ਪ੍ਰਬੰਧ ਸੀ ਪਰੰਤੂ ਫਤਹਿਵੀਰ ਨੰ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਜਿੰਦਗੀ ਦੀ ਜੰਗ ਹਾਰ ਗਿਆ| ਇਸ ਦੌਰਾਨ ਉਸ ਦੇ ਦਾਦਾ ਐਬੂਲੈਂਸ ਵਿੱਚ ਮੌਜੂਦ ਸਨ|
ਪੀ ਜੀ ਆਈ ਦੇ ਡਾਕਟਰਾਂ ਅਨੁਸਾਰ ਫਤਿਹਵੀਰ ਨੂੰ ਮ੍ਰਿਤਕ ਹਾਲਤ ਵਿੱਚ ਪੀ. ਜੀ. ਆਈ. ਲਿਆਂਦਾ ਗਿਆ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ|
ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪੀ. ਜੀ. ਆਈ. ਵਿੱਚ ਪੋਸਟ ਮਾਰਟਮ ਕੀਤਾ ਗਿਆ| ਪੀ. ਜੀ. ਆਈ. ਵਿੱਚ ਪੰਜ ਡਾਕਟਰਾਂ ਦੇ ਪੈਨਲ ਵਲੋਂ ਫਤਿਹਵੀਰ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਹੁਣ ਪੋਸਟ ਮਾਰਟ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਉਸ ਦੀ ਮੌਤ ਕਦੋਂ ਅਤੇ ਕਿਸ ਕਾਰਨ ਹੋਈ ਹੈ|
ਫਤਿਹਵੀਰ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਪ੍ਰਸ਼ਾਸਨ ਵਲੋਂ ਫਤਿਹ ਦੀ ਲਾਸ਼ ਨੂੰ ਤੁਰਤ ਫੁਰਤ ਵਿੱਚ ਪੀ ਜੀ ਆਈ ਦੇ ਪਿਛਲੇ ਗੇਟ ਤੋਂ ਬਾਹਰ ਕੱਢੀ ਗਈ ਅਤੇ ਉਸਨੂੰ ਹੈਲੀਕਾਪਟਰ ਰਾਹੀਂ ਸੰਗਰੂਰ ਰਵਾਨਾ ਕਰ ਦਿੱਤਾ ਗਿਆ| ਇਸ ਦੌਰਾਨ ਪੀ. ਜੀ. ਆਈ. ਦੇ ਮੁੱਖ ਗੇਟ ਤੇ ਜਦੋਂਕਿ ਮੀਡੀਆ ਕਰਮਚਾਰੀ ਅਤੇ ਹੋਰ ਲੋਕ ਮੌਜੂਦ ਸਨ| ਇਸ ਦੌਰਾਨ ਉੱਥੇ ਇਕੱਤਰ ਹੋਏ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਵੀ ਕੀਤੀ ਗਈ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ| ਕਿਸੇ ਅਣਸੁਖਾਵੀ ਘਟਨਾ ਨੂੰ ਟਾਲਣ ਲਈ ਪ੍ਰਸ਼ਾਸਨ ਵਲੋਂ ਗੁੱਪ-ਚੁੱਪ ਤਰੀਕੇ ਨਾਲ ਫਤਿਹ ਦੀ ਲਾਸ਼ ਨੂੰ ਪਿਛਲੇ ਗੇਟ ਰਾਹੀਂ ਸੰਗਰੂਰ ਲਈ ਰਵਾਨਾ ਕਰ ਦਿੱਤਾ ਗਿਆ| ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਦੀ ਮੋਰਚਰੀ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ ਅਤੇ ਮੋਰਚਰੀ ਦੇ ਬਾਹਰ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੇ ਲੋਕਾਂ ਵਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ|
ਪੀਜੀ ਆਈ ਵਿੱਚ ਇਕੱਤਰ ਹੋਏ ਲੋਕਾਂ ਦੇ ਵਿਰੋਧ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਅਤੇ ਮੁਹਾਲੀ ਪੁਲੀਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਪੀ. ਜੀ. ਆਈ. ਦੇ ਬਾਹਰ ਭਾਰੀ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸ਼ਨ ਵਲੋਂ ਅੱਜ ਬਾਅਦ ਦੁਪਹਿਰ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਵੀ ਕਰਵਾ ਦਿੱਤਾ ਗਿਆ| ਉਸਦਾ ਅੰਤਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ| ਫਤਿਹ ਦੀ ਚਿਤਾ ਨੂੰ ਅਗਨੀ ਉਸ ਦੇ ਦਾਦਾ ਜੀ ਵਲੋਂ ਭੇਟ ਕੀਤੀ ਗਈ| ਇਸ ਮੌਕੇ ਉਸਦੇ ਪਰਿਵਾਰਕ ਮੈਂਬਰਾਂ ਇਲਾਵਾ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਗਏ ਸਨ ਅਤੇ ਫਤਿਹ ਨੂੰ ਆਖਰੀ ਵਿਦਾਈ ਦੇਣ ਮੌਕੇ ਇੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ|
ਇੱਥੇ ਇਹ ਜਿਕਰਯੋਗ ਹੈ ਕਿ ਫਤਹਿਵੀਰ ਬੀਤੇ ਵੀਰਵਾਰ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈਲ ਵਿੱਚ ਡਿੱਗ ਪਿਆ ਸੀ| ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਕਾਰਨ ਫਤਹਿ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ| ਇਸ ਦੌਰਾਨ ਫਤਿਹਵੀਰ ਸਿੰਘ ਨੂੰ ਨਾ ਬਚਾਏ ਜਾ ਸਕਣ ਦੇ ਮਾਮਲੇ ਵਿੱਚ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਵੱਲੋਂ ਇਸ ਮਿਸ਼ਨ ਵਿੱਚ ਫੈਲ ਹੋਣ ਪਿੱਛੋਂ ਆਪਣੀ ਗਲਤੀ ਮੰਨਦਿਆਂ ਮੁਆਫੀ ਮੰਗੀ ਗਈ ਹੈ|
ਫਤਿਹ ਦੀ ਮੌਤ ਬਾਅਦ ਪੂਰੇ ਪੰਜਾਬ ਵਿੱਚ ਸ਼ੋਕ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ ਅਤੇ ਲੋਕ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਲਈ ਉਸਨੂੰ ਲਾਹਨਤਾਂ ਪਾ ਰਹੇ ਹਨ| ਪਿੰਡ ਭਗਵਾਨਪੁਰਾ ਅਤੇ ਸੁਨਾਮ ਵਿੱਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ| ਲੋਕਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵਲੋਂ ਫਤਿਹਵੀਰ ਨੂੰ ਬਾਹਰ ਕੱਢਣ ਨੂੰ ਲੈ ਕੇ ਲਾਪਰਵਾਹੀ ਵਰਤੀ ਗਈ ਹੈ ਅਤੇ ਉਹ ਪ੍ਰਸ਼ਾਸ਼ਨ ਦੀ ਨਾਲਾਇਕੀ ਦਾ ਸ਼ਿਕਾਰ ਹੋਇਆ ਹੈ| ਲੋਕਾਂ ਵਲੋਂ ਸੁਨਾਮ-ਪਟਿਆਲਾ ਤੇ ਸੜਕ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ| ਇਸੇ ਦੌਰਾਨ ਰੋਹ ਵਿੱਚ ਆਏ ਲੋਕਾਂ ਵਲੋਂ ਸੁਨਾਮ ਬੰਦ ਕਰ ਦਿੱਤਾ ਗਿਆ ਅਤੇਉੱਥੋਂ ਦੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਗਏ| ਧਨੌਲਾ ਵਿਖੇ ਵੀ ਸਥਾਨਕ ਵਸਨੀਕਾਂ ਵਲੋਂ ਸੰਗਰੂਰ-ਬਰਨਾਲਾ ਰੋਡ ਜਾਮ ਕਰ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ|
ਫਤਿਹਵੀਰ ਸਿੰਘ ਨੂੰ ਬਚਾ ਨਾ ਸਕਣ ਖ਼ਿਲਾਫ ਸੰਗਰੂਰ ਦੀਆਂ ਕਈ ਜਨਤਕ, ਜਮਹੂਰੀ ਤੇ ਵਪਾਰਕ ਜਥੇਬੰਦੀਆਂ ਨੇ ਭਲਕੇ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ| ਅੱਜ ਸਵੇਰੇ ਹੋਈ ਮੀਟਿੰਗ ਵਿੱਚ ਮਾਸੂਮ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਨਕਲਾਬੀ ਮੋਰਚਾ ਦੇ ਸਵਰਨਜੀਤ ਸਿੰਘ ਨੇ ਕਿਹਾ ਕਿ ਇਸ ਬੱਚੇ ਦੀ ਮੌਤ ਲਈ ਜਿੰਮੇਵਾਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ|
ਇਸ ਦੌਰਾਨ ਫਤਿਹਵੀਰ ਸਿੰਘ ਦੇ ਦਾਦਾ ਰੋਹੀ ਸਿੰਘ ਨੇ ਆਮ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਬੇਨਤੀ ਕੀਤੀ ਹੈ ਕਿ ਫਤਿਹਵੀਰ ਦੇ ਨਾਂਅ ਤੇ ਕੋਈ ਧਰਨਾ ਨਾ ਲਗਾਇਆ ਜਾਵੇ| ਉਨ੍ਹਾਂ ਕਿਹਾ ਕਿ ਆਪੋ ਆਪਣੇ ਧਾਰਮਿਕ ਸਥਾਨਾਂ ਉੱਪਰ ਫਤਿਹ ਲਈ ਅਰਦਾਸ ਕੀਤੀ ਜਾਵੇ|

Leave a Reply

Your email address will not be published. Required fields are marked *