ਆਗੂਆਂ ਦੀ ਆਪਸੀ ਖਿਚੋਤਾਣ ਦੀ ਭੇਂਟ ਚੜ੍ਹਿਆ 2017

ਆਗੂਆਂ ਦੀ ਆਪਸੀ ਖਿਚੋਤਾਣ ਦੀ ਭੇਂਟ ਚੜ੍ਹਿਆ 2017
ਸ਼ਹਿਰ ਦੇ ਕਈ ਅਹਿਮ ਪ੍ਰੋਜੈਕਟ ਲਮਕੇ, ਨਿਗਮ ਦੇ ਅਫਸਰਾਂ ਦੀਆਂ ਬਦਲੀਆਂ ਦਾ ਰਿਹਾ ਜੋਰ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 14 ਦਸੰਬਰ

ਨਗਰ ਨਿਗਮ ਐਸ. ਏ . ਐਸ. ਨਗਰ ਵਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਅਹਿਮ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਕਾਫੀ ਹੱਦ ਤੱਕ ਫਾਡੀ ਸਾਬਿਤ ਹੋਇਆ ਹੈ| ਇਹ ਪੂਰਾ ਸਾਲ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਚਲਦੀ ਸਿਆਸੀ ਖਿਚੋਤਾਣ ਦੀ ਭੇਂਟ ਚੜ੍ਹ ਗਿਆ ਹੈ| ਹਾਲਾਂਕਿ ਇਸ ਦੌਰਾਨ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਉ (ਸੜਕਾਂ, ਪਾਰਕ, ਕਮਿਉਨਿਟੀ ਸੈਂਟਰ ਆਦਿ) ਦੇ ਸਾਰੇ ਕੰਮ ਨਗਰ ਨਿਗਮ ਦੇ ਅਧੀਨ ਆ ਗਏ ਹਨ ਅਤੇ ਇਸ ਸੰਬੰਧੀ ਗਮਾਡਾ ਵਲੋਂ ਨਿਗਮ ਵਲੋਂ ਹਰ ਸਾਲ ਇਕ ਮਿੱਥੀ ਰਕਮ ਦਿੱਤੇ ਜਾਣ ਸਬੰਧੀ ਐਗਰੀਮੈਂਟ ਵੀ ਹੋ ਗਿਆ ਹੈ ਪਰੰਤੂ ਇਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਉਲਟਾ ਪਾਰਕਾਂ ਦੇ ਰੱਖ ਰਖਾਉਂ ਅਤੇ ਸਾਫ ਸਫਾਈ ਦਾ ਕੰਮ ਹੋਰ ਵੀ ਪ੍ਰਭਾਵਿਤ ਹੋ ਗਿਆ ਹੈ| ਇਸਦਾ ਕਾਰਣ ਇਹ ਹੈ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਪਾਰਕਾਂ ਦਾ ਰੱਖ ਰਖਾਉ ਕਰਨ ਵਾਲੇ ਠੇਕੇਦਾਰ ਅਤੇ ਨਗਰ ਨਿਗਮ ਵਿਚਾਲੇ ਹੋਏ ਐਗਰੀਮੈਂਟ ਵਿੱਚ ਕੁਝ ਸੋਧਾਂ ਕਰ ਦਿੱਤੀਆਂ ਜਿਸ ਕਾਰਣ ਠੇਕੇਦਾਰ ਦੀ ਅਦਾਇਗੀ ਤੇ ਅਸਰ ਪੈਣ ਕਾਰਣ ਉਸ ਵਲੋਂ ਕੰਮ ਘੱਟ ਕਰ ਦਿੱਤਾ ਗਿਆ ਅਤੇ ਸ਼ਹਿਰ ਦੇ ਪਾਰਕਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|
ਸ਼ਹਿਰ ਵਿੱਚ ਬਣੇ ਕਮਿਉਨਿਟੀ ਸੈਂਟਰਾਂ ਵਿਚੋਂ ਵੀ ਜਿਆਦਾਤਰ ਦਾ ਕਬਜਾ ਭਾਵੇਂ ਨਿਗਮ ਨੂੰ ਮਿਲ ਗਿਆ ਹੈ ਪਰੰਤੂ ਇਹਨਾਂ ਵਿੱਚ ਰਹਿੰਦੇ ਗਮਾਡਾ ਦੇ ਕਰਮਚਾਰੀ ਹਾਲੇ ਵੀ ਇਹਨਾਂ ਕਮਿਉਨਿਟੀ ਸੈਂਟਰਾਂ ਵਿੱਚ ਹੀ ਹਨ ਅਤੇ ਇਹ ਕੰਮ ਵੀ ਹਾਲੇ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਪਾਇਆ ਹੈ|
ਢਾਈ ਸਾਲ ਪਹਿਲਾਂ ਜਦੋਂ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਸੀ ਉਸ ਵੇਲੇ ਮੇਅਰ ਸ੍ਰ. ਕੁਲਵੰਤ ਸਿੰਘ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸਮਰਥਨ ਨਾਲ ਹੀ ਮੇਅਰ ਦੀ ਕੁਰਸੀ ਤੇ ਕਾਬਿਜ ਹੋਵੇ ਸੀ ਪਰੰਤੂ ਪਿਛਲੇ ਸਾਲ ਦੇ ਅਖੀਰ ਵਿੱਚ ਜਦੋਂ ਮੇਅਰ ਸ੍ਰ. ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਤਾਂ ਇਹਨਾਂ ਦੋਵਾਂ ਆਗੂਆਂ ਵਿਚਾਲੇ ਲਕੀਰ ਖਿੱਚੀ ਗਈ | ਉਸ ਵੇਲੇ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੋਣ ਕਾਰਨ ਹਲਕਾ ਵਿਧਾਇਕ ਦਾ ਜੋਰ ਨਹੀਂ ਚਲਿਆ ਪਰੰਤੂ ਫਰਵਰੀ 2017 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਜਿਥੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਉੱਥੇ ਸ੍ਰ. ਸਿੱਧੂ ਦੇ ਤੀਜੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਇਕ ਬਣਨ ਨਾਲ ਉਹਨਾਂ ਦਾ ਸਿਆਸੀ ਕਦ ਹੋਰ ਵੱਧ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਨਿਗਮ ਦੇ ਕੰਮਾਂ ਕਾਰਾਂ ਵਿੱਚ ਦਖਲ ਵੀ ਵੱਧ ਗਿਆ| ਇਸ ਦੌਰਾਨ ਨਿਗਮ ਵਿੱਚ ਮੇਅਰ ਦੇ ਨਜਦੀਕੀ ਸਮਝੇ ਜਾਂਦੇ ਕਮਿਸ਼ਨਰ, ਐਸ. ਈ., ਐਕਸੀਅਨ, ਐਸ. ਡੀ. ਉ ਅਤੇ ਹੋਰਨਾਂ ਅਧਿਕਾਰੀਆਂ ਦੀਆ ਬਦਲੀਆਂ ਦਾ ਦੌਰ ਸ਼ੁਰੂ ਹੋਇਆ | ਇਸ ਦੌਰਾਨ ਮੇਅਰ ਦੀ ਨਿਜੀ ਸਹਾਇਕ ਦੀ ਬਦਲੀ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਅਤੇ ਬਾਅਦ ਵਿੱਚ ਨਿੱਜੀ ਸਹਾਇਕ ਵਲੋਂ ਅਦਾਲਤ ਵਿੱਚ ਜਾਣ ਉਪਰੰਤ ਉਹਨਾਂ ਦੀ ਬਦਲੀ ਤਾਂ ਭਾਵੇਂ ਰੁਕ ਗਈ ਪਰੰਤੂ ਇਸ ਦੌਰਾਨ ਹਲਕਾ ਵਿਧਾਇਕ ਅਤੇ ਮੇਅਰ ਵਿਚਾਲੇ ਚਲਦੀ ਖਿਚੋਤਾਣ ਖੁਲ ਕੇ ਸਾਮ੍ਹਣੇ ਆ ਗਈ ਅਤੇ ਇਸ ਦੇ ਨਾਲ ਹੀ ਦੋਵਾਂ ਧਿਰਾਂ ਦੇ ਕੌਂਸਲਰਾਂ ਵਲੋਂ ਖੁੱਲ੍ਹ ਕੇ ਦੂਸ਼ਨਬਾਜੀ ਦਾ ਅਮਲ ਵੀ ਆਰੰਭ ਹੋ ਗਿਆ|
ਇਸ ਦੌਰਾਨ ਜਿੱਥੇ ਨਿਗਮ ਦੀਆਂ ਮੀਟਿੰਗਾਂ ਵਿੱਚ ਪਾਸ ਕੀਤੇ ਜਾਂਦੇ ਮਤਿਆਂ ਤੇ ਸਥਾਨਕ ਸਰਕਾਰ ਵਿਭਾਗ ਵਲੋਂ ਰੋਕ ਲਗਾਏ ਜਾਣ ਦੇ ਇਲਜਾਮ ਲੱਗੇ ਉਥੇ ਮੇਅਰ ਵਲੋਂ ਵਿੱਚ ਦਾ ਰਾਹ ਅਖਤਿਆਰ ਕਰਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ( ਰੱਖ ਰਖਾਉ ਨਾਲ ਸੰਬੰਧਿਤ ) ਦੇ ਮਤੇ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਾਸ ਕਰਨੇ ਸ਼ੁਰੂ ਕਰ ਦਿੱਤੇ ਗਏ| ਇਸ ਸਾਲ 2017 ਵਿੱਚ ਨਿਗਮ ਦੀਆਂ ਮੀਟਿੰਗਾਂ ਵੀ ਘੱਟ ਹੀ ਹੋਈਆ ਅਤੇ ਵਿਕਾਸ ਅਤੇ ਤਰੱਕੀ ਲਈ ਜਿੰਮਾਰ ਸ਼ਹਿਰ ਦੇ ਇਹਨਾਂ ਦੋਵਾਂ ਆਗੂਆਂ ਵਿਚਾਲੇ ਚਲਦੀ ਇਸ ਆਪਸੀ ਖਿਚੋਤਾਣ ਕਾਰਨ ਜਿੱਥੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰਖ ਰਖਾਉ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਉਥੇ ਇਸ ਕਾਰਣ ਕੌਂਸਲਰਾਂ ਵਿੱਚ ਵੀ ਨਿਰਾਸ਼ਾ ਵੇਖੀ ਗਈ| ਇਹ ਵਰ੍ਹਾ ਤਾਂ ਹੁਣ ਬੀਤ ਗਿਆ ਹੈ ਅਤੇ ਵੇਖਣਾ ਇਹ ਹੈ ਕਿ ਅਗਲਾ ਸਾਲ ਸ਼ਹਿਰ ਦੇ ਵਿਕਾਸ ਪੱਖੋਂ ਕਿਹੋ ਜਿਹਾ ਸਾਬਿਤ ਹੁੰਦਾ ਹੈ|

Leave a Reply

Your email address will not be published. Required fields are marked *