ਆਜਾਦ ਗਰੁੱਪ ਤੇ ਹਮਲਾ ਕਰਨ ਦੇ ਦੋਸ਼ ਹੇਠ ਛਿੰਦੀ ਅਤੇ ਬਿੱਲੇ ਸਮੇਤ ਚਾਰ ਖਿਲਾਫ ਮਾਮਲਾ ਦਰਜ

ਐਸ.ਏ.ਐਸ. ਨਗਰ 25 ਜਨਵਰੀ (ਸ.ਬ) ਸੋਹਾਣਾ ਪੁਲੀਸ ਨੇ ਬੀਤੇ ਕੱਲ ਸੈਕਟਰ 79 ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਬਣਾਏ ਗਏ ਆਜਾਦ ਗਰੁੱਪ ਦੇ ਮੁੱਖ ਦਫਤਰ ਤੇ ਹਮਲਾ ਕਰਨ ਦੇ ਦੋਸ਼ ਹੇਠ ਆਜਾਦ ਗਰੁੱਪ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ਸ਼ਿਕਾਇਤ ਤੇ ਪਿੰਡ ਸੋਹਾਣਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਛਿੰਦੀ, ਜਗਤਾਰ ਸਿੰਘ ਬਿੱਲਾ, ਹਰਪ੍ਰੀਤ ਸਿੰਘ ਹੈਪੀ ਅਤੇ ਬਲਜਿੰਦਰ ਸਿੰਘ ਗੋਲੂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 452, 323, 294, 295ਏ, 506 ਅਤੇ 34 ਅਧੀਨ ਮਾਮਲਾ ਦਰਜ ਕੀਤਾ ਹੈ। ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਸਾਬਕਾ ਮੇਅਰ ਸz. ਕੁਲਵੰਤ ਸਿੰਘ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਇਲਜਾਮ ਲਗਾਇਆ ਸੀ ਕਿ ਉਕਤ ਵਿਅਕਤੀਆਂ ਨੇ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਆਗੂ ਪz. ਪ੍ਰੇਮ ਸਿੰਘ ਚੰਦੂਮਾਰਜਾ ਦੀ ਸ਼ਹਿਰ ਤੇ ਉਹਨਾਂ ਦੇ ਦਫਤਰ ਤੇ ਹਮਲਾ ਕੀਤਾ ਸੀ।

ਇਸ ਸੰਬੰਧੀ ਆਜਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਸ਼ਿਕਾਇਤ ਦਿੱਤੀ ਸੀ ਕਿ 24 ਜਨਵਰੀ ਨੂੰ ਦੁਪਹਿਰ 1 ਵਜੇ ਦੇ ਕਰੀਬ ਉਹ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮਿਲਣ ਲਈ ਆਜਾਦ ਗਰੁੱਪ ਦੇ ਮੁੱਖ ਦਫਤਰ (ਕੋਠੀ ਨੰਬਰ 712 ਸੈਕਟਰ 79 ਮੁਹਾਲੀ) ਵਿਖੇ ਗਏ ਸਨ। ਪਰਵਿੰਦਰ ਸਿੰਘ ਅਨੁਸਾਰ ਸਵਾ ਇੱਕ ਵਜੇ ਦੇ ਕਰੀਬ ਸੁਖਵਿੰਦਰ ਸਿੰਘ ਉਰਫ ਛਿੰਦੀ ਵਾਸੀ ਪਿੰਡ ਬੱਲੋਮਾਜਰਾ ਅਤੇ ਉਸਦਾ ਪੁੱਤਰ ਹਰਪ੍ਰੀਤ ਸਿੰਘ ਹੈਪੀ, ਜਗਤਾਰ ਸਿੰਘ ਉਰਫ ਬਿਲਾ ਪਿੰਡ ਛੱਜੂ ਮਾਜਰਾ ਅਤੇ ਬਲਜਿੰਦਰ ਸਿੰਘ ਉਰਫ ਗੋਲੂ ਪਿੰਡ ਸਹੇੜੀ ਨੇੜੇ ਮੋਰਿੰਡਾ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਲਲਕਾਰੇ ਮਾਰਦੇ ਹੋਏ ਦਫਤਰ ਵਿੱਚ ਵੜ ਗਏ ਅਤੇ ਉਸਦੀ ਕੁੱਟ ਮਾਰ ਕਰਨ ਲੱਗ ਪਏ।

ਸੋਹਾਣਾ ਅਨੁਸਾਰ ਸੁਖਵਿੰਦਰ ਸਿੰਘ ਉਰਫ ਛਿੰਦੀ ਨੇ ਉਸਨੂੰ ਗਾਲ ਕੱਢ ਕੇ ਕਿਹਾ ਕਿ ਸਾਲ 2013 ਵਿਚ ਤੂੰ ਮੈਨੂੰ ਟਰੱਕ ਯੂਨੀਅਨ ਮੁਹਾਲੀ ਦੀ ਪ੍ਰਧਾਨਗੀ ਤੋਂ ਉਤਾਰਿਆ ਸੀ, ਤੂੰ ਵੱਡਾ ਲੀਡਰ ਬਣਿਆ ਫਿਰਦਾ ਸੀ ਅੱਜ ਅਸੀਂ ਤੈਨੂੰ ਜਾਨ ਤੋਂ ਖਤਮ ਕਰ ਦੇਣਾ ਹੈ। ਸੋਹਾਣਾ ਅਨੁਸਾਰ ਉਸ ਵਲੋਂ ਰੌਲਾ ਪਾਉਣ ਤੇ ਉਥੇ ਦਫਤਰ ਵਿਚ ਮੌਜੂਦ ਰੋਹਿਤ ਸ਼ਰਮਾ ਉਰਫ ਰਾਜੂ ਵਾਸੀ ਸੋਹਾਣਾ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਉਸਨੂੰ ਬਚਾਉਣ ਲਈ ਅੱਗੇ ਆਏ ਤਾਂ ਹਮਲਾਵਰਾ ਨੇ ਰੋਹਿਤ ਸ਼ਰਮਾ ਉਰਫ ਰਾਜੂ ਦੀ ਕੁੱਟ ਮਾਰ ਕੀਤੀ ਅਤੇ ਕੁਲਵੰਤ ਸਿੰਘ ਨੂੰ ਵੀ ਗੰਦੀਆਂ ਗਾਲਾ ਕੱਢੀਆਂ। ਸ਼ਿਕਾਇਤਕਰਤਾ ਅਨੁਸਾਰ ਇਸਤੋਂ ਬਾਅਦ ਸੁਖਵਿੰਦਰ ਸਿੰਘ ਉਰਫ ਛਿੰਦੀ ਨੇ ਉਸਦੇ ਸਿਰ ਤੇ ਬੰਨੀ ਦਸਤਾਰ ਉਤਾਰ ਦਿੱਤੀ ਅਤੇ ਉਸਦੇ ਕੇਸਾਂ ਦੀ ਬੇ ਅਦਬੀ ਕੀਤੀ ਅਤੇ ਫਿਰ ਚਾਰੇ ਹਮਲਾਵਰ ਉਸਨੂੰ ਜਾਨੋਂ ਮਾਰਨ ਦੀਆ ਧਮਕੀਆ ਦਿੰਦੇ ਹੋਏ ਅਤੇ ਲਲਕਾਰੇ ਮਾਰਦੇ ਹੋਏ ਆਪਣੇ ਆਪਣੇ ਹਥਿਆਰਾਂ ਸਮੇਤ ਉਸਦੀ ਦਸਤਾਰ ਆਪਣੇ ਨਾਲ ਲੈ ਕੇ ਭੱਜ ਗਏ।

ਪਰਵਿੰਦਰ ਸਿੰਘ ਸੋਹਾਣਾ ਅਨੁਸਾਰ ਉਸਤੇ ਹਮਲੇ ਦਾ ਕਾਰਨ ਇਹ ਹੈ ਕਿ ਜਦੋਂ ਤੋਂ ਸੁਖਵਿੰਦਰ ਸਿੰਘ ਉਰਫ ਛਿੰਦੀ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਉਤਾਰਿਆ ਗਿਆ ਸੀ ਉਦੋ ਤੋਂ ਹੀ ਉਹ ਉਸਦੇ ਨਾਲ ਖਾਰ ਖਾਂਦਾ ਹੈ ਅਤੇ ਇਸ ਕਰਕੇ ਹੀ ਉਸਨੇ ਆਪਨੇ ਸਾਥੀਆ ਨਾਲ ਮਿਲ ਕੇ ਅਤੇ ਆਜਾਦ ਗਰੁੱਪ ਦੇ ਦਫਤਰ ਵਿੱਚ ਦਾਖਿਲ ਹੋ ਕੇ ਉਸਦੀ ਕੁੱਟ ਮਾਰ ਕੀਤੀ ਹੈ।

ਸੰਪਰਕ ਕਰਨ ਤੇ ਮੁਹਾਲੀ ਦੇ ਡੀ ਐਸ ਪੀ ਸਿਟੀ 2 ਦੀਪ ਕਮਲ ਨੇ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *