ਆਟੋ ਚਾਲਕਾਂ ਦੀ ਪਹਿਚਾਨ ਯਕੀਨੀ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਪੁਲੀਸ : ਬੇਦੀ

ਆਟੋ ਚਾਲਕਾਂ ਦੀ ਪਹਿਚਾਨ ਯਕੀਨੀ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਪੁਲੀਸ : ਬੇਦੀ
ਕੌਂਸਲਰ ਬੇਦੀ ਨੇ ਕਾਰਵਾਈ ਲਈ ਐਸ ਐਸ ਪੀ ਨੂੰ ਪੱਤਰ ਲਿਖਿਆ
ਐਸ.ਏ.ਐਸ.ਨਗਰ, 21 ਨਵੰਬਰ (ਸ.ਬ.) ਪਿਛਲੇ ਸਮੇਂ ਦੌਰਾਨ ਆਟੋ ਚਾਲਕਾਂ ਵਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਪੁਲੀਸ ਅਤੇ ਪ੍ਰਸ਼ਾਸ਼ਨ ਕੋਲ ਸ਼ਹਿਰ ਵਿੱਚ ਆਟੋ ਚਲਾਉਣ ਵਾਲੇ ਲੋਕਾਂ ਦੀ ਪਹਿਚਾਨ ਯਕੀਨੀ ਕੀਤੀ ਜਾਵੇ ਅਤੇ ਇਸਦੇ ਆਧਾਰ ਤੇ ਇਹਨਾਂ ਆਟੋ ਚਾਲਕਾਂ ਨੂੰ ਪਹਿਚਾਨ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਇਹਨਾਂ ਆਟੋ ਚਾਲਕਾਂ ਦੀ ਆੜ ਵਿੱਚ ਲੁਕੇ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ| ਸ਼ਹਿਰਵਾਸੀਆਂ ਦੀਆਂ ਵੱਖ ਵੱਖ ਸਮੱਸਿਆਵਾ ਦੇ ਹਲ ਲਈ ਸਰਕਾਰ ਦੇ ਖਿਲਾਫ ਅਦਾਲਤਾਂ ਦਾ ਦਰਵਾਜਾ ਖੜਕਾਉਣ ਵਾਲੇ ਸਮਾਜਸੇਵੀ ਆਗੂ ਅਤੇ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਐਸ ਐਸ ਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਚਾਲਕਾਂ ਵਲੋਂ ਕੀਤੀਆਂ ਜਾਂਦੀਆਂ ਅਪਰਾਧਿਕ ਵਾਰਦਾਤਾਂ ਤੇ ਕਾਬੂ ਕਰਨ ਲਈ ਉਹਨਾਂ ਦੀ ਪਹਿਚਾਨ ਦਾ ਰਿਕਾਰਡ ਤਿਆਰ ਕੀਤਾ ਜਾਵੇ ਅਤੇ ਸਿਰਫ ਅਜਿਹੇ ਵਿਅਕਤੀਆਂ ਨੂੰ ਹੀ ਇੱਥੇ ਆਟੋ ਚਲਾਉਣ ਦੀ ਇਜਾਜਤ ਦਿੱਤੀ ਜਾਵੇ ਜਿਹਨਾਂ ਦੇ ਕਿਰਦਾਰ ਦੀ ਜਾਂਚ ਕਰਨ ਉਪਰੰਤ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਉਹਨਾਂ ਨੂੰ ਲੋੜੀਂਣੇ ਦਸਤਾਵੇਜ ਜਾਰੀ ਕੀਤੇ ਗਏ ਹੋਣ|
ਸ੍ਰ. ਬੇਦੀ ਨੇ ਕਿਹਾ ਕਿ ਪਿਛਲੇ ਦਿਨੀ ਚੰਡੀਗੜ੍ਹ ਤੋਂ ਮੁਹਾਲੀ ਆ ਰਹੀ ਇੱਕ ਨੌਜਵਾਨ ਲੜਕੀ ਦੇ ਨਾਲ ਆਟੋ ਦੇ ਚਾਲਕ ਵਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਜਾਮ ਦਿੱਤੀ ਗਈ ਬਲਾਤਕਾਰ ਦੀ ਵਾਰਦਾਤ ਨਾਲ ਇਹ ਜਾਹਿਰ ਹੁੰਦਾ ਹੈ ਕਿ ਇਹਨਾਂ ਅਪਰਾਧੀਆਂ ਦੇ ਹੌਂਸਲੇ ਕਿੰਨੇ ਵੱਧ ਚੁੱਕੇ ਹਨ| ਉਹਨਾਂ ਕਿਹਾ ਕਿ ਆਟੋ ਵਿੱਚ ਸਫਰ ਕਰ ਹੀ ਇਸ ਲੜਕੀ ਨੂੰ ਆਟੋ ਚਾਲਕ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਚਲਦੀ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਲਿਜਾ ਕੇ ਅੰਜਾਮ ਦਿੱਤੀ ਗਈ ਇਸ ਵਾਰਦਾਤ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਕੋਈ ਖੌਫ ਨਹੀਂ ਬਚਿਆ ਹੈ| ੇ
ਉਹਨਾਂ ਲਿਖਿਆ ਹੈ ਕਿ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਟੋ ਚਾਲਕਾਂ ਦੀ ਪਹਿਚਾਨ ਯਕੀਨੀ ਕਰਨ ਦਾ ਕੋਈ ਤੰਤਰ ਲਾਗੂ ਨਾ ਹੋਣ ਕਾਰਨ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਬੜੀ ਆਸਾਨੀ ਨਾਲ ਗਾਇਬ ਹੋ ਸਕਦੇ ਹਨ|
ਐਸ ਐਸ ਪੀ ਨੂੰ ਲਿਖੇ ਪੱਤਰ ਵਿੱਚ ਸ੍ਰ. ਬੇਦੀ ਨੇ ਕਿਹਾ ਹੈ ਕਿ ਇਹਨਾਂ ਆਟੋ ਚਾਲਕਾਂ ਦਾ ਕੰਮ ਸਿੱਧੇ ਰੂਪ ਵਿੱਚ ਲੋਕਾਂ ਦੀ ਸੁਰਖਿਆ ਨਾ ਜੁੜਿਆ ਹੋਇਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਸੰਵੇਦਨਸ਼ੀਲ ਅਤੇ ਜਿੰਮੇਵਾਰੀ ਵਾਲੇ ਕੰਮ ਦੀ ਜਿੰਮੇਵਾਰੀ ਦੇਣ ਤੋਂ ਪਹਿਲਾਂ ਉਸਦੇ ਪਿਛੋਕੜ ਅਤੇ ਕਿਰਦਾਰ ਦੀ ਜਾਣਕਾਰੀ ਦਾ ਰਿਕਾਰਡ ਰੱਖਿਆ ਜਾਣਾ ਜਰੂਰੀ ਹੈ| ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਆਟੋ ਚਾਲਕਾਂ ਦੇ ਭੇਸ਼ ਵਿੱਚ ਲੁਕੇ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇਗਾ ਅਤੇ ਕਿਸੇ ਵੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਆਟੋ ਚਾਲਕ ਦੀ ਪਹਿਚਾਨ ਦਾ ਅਮਲ ਵੀ ਆਸਾਨ ਹੋ ਜਾਵੇਗਾ| ਇਸਦੇ ਨਾਲ ਨਾਲ ਆਪਣੇ ਫੜੇ ਜਾਣ ਦਾ ਡਰ ਇਹਨਾਂ ਆਟੋ ਚਾਲਕਾਂ ਨੂੰ ਅਪਰਾਧ ਕਰਨ ਤੋਂ ਰੋਕਣ ਦਾ ਕੰਮ ਵੀ ਕਰੇਗਾ| ਉਹਨਾਂ ਕਿਹਾ ਕਿ ਅੱਜ ਕੱਲ ਉੱਚ ਤਕਨੀਕ ਦੇ ਦੌਰ ਵਿੱਚ ਜਦੋਂ ਸਰਕਾਰ ਵਲੋਂ ਹਰ ਕੰਮ ਲਈ ਆਧਾਰ ਕਾਰਡ ਜਰੂਰੀ ਕੀਤਾ ਜਾ ਰਿਹਾ ਹੈ ਤਾਂ ਆਮ ਲੋਕਾਂ ਦੀ ਸੁਰਖਿਆ ਲਈ ਵੀ ਇਸਦੇ ਆਧਾਰ ਤੇ ਆਟੋ ਚਾਲਕਾਂ ਦੀ ਪਹਿਚਾਨ ਦਾ ਰਿਕਾਰਡ ਰੱਖਿਆ ਜਾ ਸਕਦਾ ਹੈ ਅਤੇ ਅਪਰਾਧਿਕ ਪਿਛੋਕੜ ਨਾਲ ਜੁੜੇ ਵਿਅਕਤੀਆਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਇਸ ਸੰਵੇਦਨਸ਼ੀਲ ਕੰਮ ਤੋਂ ਦੂਰ ਰੱਖਿਆ ਜਾ ਸਕਦਾ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *