ਆਟੋ ਪਾਰਟਸ ਅਤੇ ਹੈਂਡ ਟੂਲ ਤਕਨਾਲੋਜੀ ਇੰਸਟੀਚਿਊਟ ਦੇ ਅਪਗ੍ਰੇਡੇਸ਼ਨ ਨਾਲ ਪੰਜਾਬ ਉਤਪਾਦਕ ਅਤੇ ਬਰਾਮਦ ਕੇਂਦਰ ਬਣਿਆ : ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ, 23 ਅਕਤੂਬਰ (ਸ.ਬ.) ਪੰਜਾਬ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਏ.ਐਸ.ਆਈ. ਡੀ. ਈ. ਸਕੀਮ ਤਹਿਤ ਇੰਸਟੀਚਿਊਟ ਫਾਰ ਆਟੋ ਪਾਰਟਸ ਐਂਡ ਹੈਂਡ ਟੂਲ ਤਕਨਾਲੋਜੀ, ਲੁਧਿਆਣਾ ਵਿਖੇ ਅਪਗ੍ਰੇਡ ਕੀਤਾ ਗਿਆ, ਜਿਸ ਤਹਿਤ ਪਲਾਂਟ ਅਤੇ ਮਸ਼ੀਨਰੀ ਵਿੱਚ 12 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ| ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਆਧੁਨਿਕ ਤਕਨਾਲੋਜੀ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਸੰਸਥਾਗਤ, ਮਾਈਕ੍ਰੋ, ਛੋਟੇ ਤੇ ਦਰਮਿਆਨੇ ਖੇਤਰਾਂ ਵਿਸ਼ੇਸ਼ ਤੌਰ ਤੇ ਹੈਂਡ ਟੂਲ ਅਤੇ ਆਟੋ ਪਾਰਟ ਬਣਾਉਣ ਵਾਲੇ ਉਤਪਾਦਕਾਂ ਨੂੰ ਲਾਭ ਮਿਲੇਗਾ, ਉੱਥੇ ਉਹ ਵਿਸ਼ਵ ਬਾਜ਼ਾਰ ਵਿੱਚ ਪ੍ਰਤੀਯੋਗੀ ਬਣਨਗੇ ਅਤੇ ਸੂਬੇ ਵਿੱਚ ਬਰਾਮਦ ਨੂੰ ਵੀ ਹੁਲਾਰਾ ਮਿਲੇਗਾ| ਉਨ੍ਹਾਂ ਦੱਸਿਆ ਕਿ ਹੁਣ ਸੂਬੇ ਵਿੱਚ ਐਮ.ਐਸ.ਐਮ.ਈ. ਕੋਲ ਵਿਸ਼ਵ ਪੱਧਰੀ ਆਰ ਐਂਡ ਡੀ, ਟੈਸਟਿੰਗ ਅਤੇ ਉਤਪਾਦਨ ਦੀਆਂ ਸੁਵਿਧਾਵਾਂ ਹੋਣਗੀਆਂ| ਇਸ ਸੰਸਥਾ ਦੀ ਮਜਬੂਤੀ ਨਾਲ, ਹੈਂਡ ਟੂਲ ਅਤੇ ਆਟੋ ਕੰਪਨੀਆਂ ਨੂੰ ਆਪਣਾ ਉਤਪਾਦਨ ਵਧਾਉਣ ਅਤੇ ਉਤਪਾਦਾਂ ਦੀ ਗੁਣਵੱਤਾ ਵਧਾਉਣ ਲਈ ਪ੍ਰੇਰਣਾ ਮਿਲੇਗੀ, ਜਿਸ ਨਾਲ ਪੰਜਾਬ ਸੂਬੇ ਤੋਂ ਬਰਾਮਦ ਅਤੇ ਮੁਨਾਫਾ ਵਧੇਗਾ|
ਵਰਣਨਯੋਗ ਹੈ ਕਿ ਹਾਲ ਹੀ ਵਿੱਚ ਸਨਅਤ ਅਤੇ ਵਣਜ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਪ੍ਰਾਜੈਕਟ ਮੋਨੀਟਰਿੰਗ ਕਮੇਟੀ (ਪੀ.ਐਮ.ਸੀ.) ਨੇ ਇਸ ਸੰਸਥਾ ਦੀ ਤਰੱਕੀ ਦੀ ਸਮੀਖਿਆ ਕੀਤੀ ਸੀ| ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇੰਸਟੀਚਿਊਟ ਦੇ ਸਫਲਤਾਪੂਰਵਕ ਅਮਲ ਅਤੇ ਮਜ਼ਬੂਤੀ ਨੇ ਆਧੁਨਿਕ ਤਕਨੀਕੀ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਹੈ ਜੋ ਅੰਤਰਰਾਸ਼ਟਰੀ ਪੱਧਰ ਤੇ ਉਪਲੱਬਧ ਸਹੂਲਤਾਂ ਦੇ ਬਰਾਬਰ ਹੈ| ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਨਾਲ ਜਿੱਥੇ ਇਹ ਸੰਸਥਾ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿੱਚ ਸ਼ੁਮਾਰ ਹੋਈ ਹੈ, ਉੱਥੇ ਹੀ ਸਥਾਨਕ ਉਤਪਾਦਕਾਂ ਅਤੇ ਬਰਾਮਦਕਾਰਾਂ ਕੋਲ ਹੁਣ ਅਪਗ੍ਰੇਡ ਕੀਤੇ ਪਲਾਂਟ, ਮਸ਼ੀਨਰੀ ਅਤੇ ਵਿਸ਼ਵ ਪੱਧਰੀ ਉਪਕਰਣਾਂ ਦੀ ਉਪਲੱਬਧਤਾ ਹੋਈ ਹੈ|

Leave a Reply

Your email address will not be published. Required fields are marked *