ਆਟੋ ਰਿਕਸ਼ਿਆਂ ਲਈ ਰਫਤਾਰ ਦੀ ਹੱਦ ਲਾਗੂ ਕਰੇ ਪ੍ਰਸ਼ਾਸ਼ਨ

ਉਂਝ ਤਾਂ ਸਾਡੇ ਸ਼ਹਿਰ ਦੀਆਂ ਜਿਆਦਾਤਰ ਸੜਕਾਂ ਦੀ ਚੌੜਾਈ ਤਸੱਲੀਬਖਸ਼ ਹੈ ਅਤੇ ਇਹ ਆਪਣੇ ਉੱਪਰ ਪੈਣ ਵਾਲੇ ਟ੍ਰੈਫਿਕ ਦੇ ਭਾਰ ਨੂੰ ਸਹਿਣ ਦੇ ਸਮਰਥ ਵੀ ਹਨ ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਬਦਹਾਲ ਹੈ ਅਤੇ ਸ਼ਹਿਰ ਵਾਸੀ ਇਸਦੀ ਹਮੇਸ਼ਾ ਸ਼ਿਕਾਇਤ ਕਰਦੇ ਵੀ ਦਿਖਦੇ ਹਨ| ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਉਹਨਾਂ ਚਾਲਕਾਂ ਨੂੰ ਮੰਨਿਆ ਜਾਂਦਾ ਹੈ ਜਿਹਨਾਂ ਵਲੋਂ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਇਹਨਾਂ ਦੀਆਂ ਆਪ ਹੁਦਰੀਆਂ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ| ਸਾਡੇ ਸ਼ਹਿਰ ਦੇ ਵਸਨੀਕ ਵੀ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਇਹਨਾਂ ਆਟੋ ਚਾਲਕਾਂ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ| ਇਹਨਾਂ ਆਟੋ ਚਾਲਕਾਂ ਤੋਂ ਆਮ ਲੋਕਾਂ ਨੂੰ ਢੇਰਾਂ ਸ਼ਿਕਾਇਤਾਂ ਹਨ ਅਤੇ ਲੋਕ ਇਹ ਮੰਨਦੇ ਹਨ ਕਿ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸਭ ਤੋਂ ਵੱਧ ਯੋਗਦਾਨ ਸਵਾਰੀ ਸਿਸਟਮ ਦੇ ਆਧਾਰ ਤੇ ਚੱਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਹੀ ਪਾਇਆ ਜਾਂਦਾ ਹੈ|
ਸਮੱਸਿਆ ਇਹ ਵੀ ਹੈ ਕਿ ਇਸ ਸਾਰੇ ਕੁੱਝ ਦੇ ਬਾਵਜੂਦ ਟ੍ਰੈਫਿਕ ਪੁਲੀਸ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਹਾਲਾਤ ਕਾਬੂ ਤੋਂ ਲਗਾਤਾਰ ਬਾਹਰ ਹੁੰਦੇ ਜਾ ਰਹੇ ਹਨ| ਹਾਲਾਤ ਇਹ ਹਨ ਕਿ ਸੜਕ ਤੇ ਚਲਦੇ ਚਲਦੇ ਅਜਿਹੇ ਕਿਸੇ ਆਟੋ ਰਿਕਸ਼ਾ ਦਾ ਚਾਲਕ ਅਚਾਨਕ ਕਦੋਂ ਸੜਕ ਦੇ ਵਿਚਕਾਰ ਆਪਣਾ ਵਾਹਨ ਰੋਕ ਲਵੇਗਾ ਜਾਂ ਫਿਰ ਹੋਰਨਾਂ ਆਟੋ-ਰਿਕਸ਼ਾ ਚਾਲਕਾਂ ਨਾਲ ਰੇਸ ਲਗਾਉਣੀ ਸ਼ੁਰੂ ਕਰ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਇਹਨਾਂ ਆਟੋ ਚਾਲਕਾਂ ਦਾ ਵਸ ਚੱਲੇ ਤਾਂ ਇਹ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਆਪਣੇ ਥ੍ਰੀ ਵਹੀਲਰਾਂ ਨੂੰ ਜਹਾਜ ਬਣਾ ਕੇ ਉੜਾਉਣਾ ਸ਼ੁਰੂ ਕਰ ਦੇਣ| ਇਹਨਾਂ ਆਟੋ ਚਾਲਕਾਂ ਦੀ ਮਾਨਸਿਕਤਾ ਹੀ ਸ਼ਾਇਦ ਅਜਿਹੀ ਬਣ ਗਈ ਹੈ ਕਿ ਇਹ ਬਾਕੀ ਵਾਹਨ ਚਾਲਕਾਂ ਨੂੰ ਪੂਰੀ ਤਰ੍ਹਾਂ ਤੁੱਛ ਸਮਝਦੇ ਹਨ ਅਤੇ ਆਪਣੇ ਤੋਂ ਪਿੱਛੇ ਆਉਣ ਵਾਲੇ ਕਿਸੇ ਵਾਹਨ ਨੂੰ ਰਾਹ ਤਕ ਦੇਣ ਲਈ ਤਿਆਰ ਨਹੀਂ ਹੁੰਦੇ ਜਿਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ|
ਟ੍ਰੈਫਿਕ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਆਦੀ ਹੋ ਚੁੱਕੇ ਇਹਨਾਂ ਆਟੋ ਚਲਾਕਾਂ ਨੂੰ ਕਾਬੂ ਵਿੱਚ ਰੱਖਣ ਲਈ ਇਹ ਜਰੂਰੀ ਹੈ ਕਿ ਇਹਨਾਂ ਆਟੋ ਰਿਕਸ਼ਿਆਂ ਵਾਸਤੇ ਰਫਤਾਰ ਦੀ ਹੱਦ ਤੈਅ ਕੀਤੀ ਜਾਵੇ ਜਾਂ ਫਿਰ ਇਹਨਾਂ ਵਾਸਤੇ ਵੱਖਰੀਆਂ ਸਲਿਪ ਸੜਕਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਸੜਕ ਤੇ ਚਲਣ ਵਾਲੇ ਹੋਰਨਾਂ ਵਾਹਨ ਚਾਲਕਾਂ ਲਈ ਪਰੇਸ਼ਾਨੀ ਪੈਦਾ ਨਾ ਕਰ ਸਕਣ| ਸਾਡੇ ਸ਼ਹਿਰ ਦਾ ਬੁਨਿਆਦੀ ਢਾਂਚਾ ਅਜਿਹਾ ਹੈ ਕਿ ਇਹਨਾਂ ਆਟੋ ਰਿਕਸ਼ਿਆਂ ਲਈ ਵੱਖਰੇ ਤੌਰ ਤੇ ਸਲਿਪ ਸੜਕਾਂ ਬਣਾਉਣਾ ਸ਼ਾਇਦ ਹੀ ਸੰਭਵ ਹੋ ਪਾਏ ਪਰੰਤੂ ਜੇਕਰ ਪ੍ਰਸ਼ਾਸ਼ਨ ਚਾਹੇ ਤਾਂ ਉਸ ਵਲੋਂ ਇਹਨਾਂ ਆਟੋ ਰਿਕਸ਼ਿਆਂ ਦੀ ਰਫਤਾਰ ਤੇ ਤਾਂ ਕਾਬੂ ਕੀਤਾ ਹੀ ਜਾ ਸਕਦਾ ਹੈ| ਵੈਸੇ ਵੀ ਸਵਾਰੀਆਂ ਢੋਣ ਵਾਲੇ ਵਾਹਨਾਂ ਦਾ ਇੱਕ ਸੁਰਖਿਅਤ ਸਪੀਡ ਦੇ ਦਾਇਰੇ ਵਿੱਚ ਚਲਨਾ ਬਹੁਤ ਜਰੂਰੀ ਹੁੰਦਾ ਹੈ|
ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਇਹ ਇੱਕ ਮਿੱਥੀ ਸਪੀਡ ਤੋਂ ਵੱਧ ਤੇਜ ਚਲ ਹੀ ਨਾ ਸਕਣ| ਇਸਦੇ ਨਾਲ ਨਾਲ ਪ੍ਰਸ਼ਾਸ਼ਨ ਨੂੰ ਸ਼ਹਿਰ ਵਿੱਚ ਆਏ ਦਿਨ ਵੱਧਦੇ ਇਹਨਾਂ ਆਟੋ ਰਿਕਸ਼ਿਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਵੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਵਰਨਾ ਜਿਸ ਤੇਜੀ ਨਾਲ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਉਸ ਹਿਸਾਬ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀਆਂ ਸੜਕਾਂ ਤੇ ਸਿਰਫ ਆਟੋ ਹੀ ਚੱਲਦੇ ਨਜਰ ਆਉਣਗੇ ਅਤੇ ਹੋਰ ਕਿਸੇ ਵਾਹਨ ਨੂੰ ਚਲਣ ਦੀ ਥਾਂ ਹੀ ਨਹੀਂ ਮਿਲੇਗੀ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਤੋਂ ਪਹਿਲਾਂ ਕਿ ਸ਼ਹਿਰ ਦੀਆਂ ਸੜਕਾਂ ਤੇ ਆਮ ਲੋਕਾਂ ਦੀ ਆਵਾਜਾਈ ਲਈ ਕੋਈ ਥਾਂ ਬਾਕੀ ਨਾ ਰਹੇ ਪ੍ਰਸ਼ਾਸ਼ਨ ਨੂੰ ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀਆਂ ਆਪ ਹੁਦਰੀਆਂ ਉੱਪਰ ਕਾਬੂ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *