ਆਟੋ ਵਿੱਚ ਬੈਗ ਛੱਡ ਗਈਆਂ ਸਵਾਰੀਆਂ, ਬੈਗ ਵਿੱਚੋਂ ਨਿਕਲੀ 20 ਹਜ਼ਾਰ ਦੀ ਨਕਦੀ ਅਤੇ ਗਹਿਣੇ

ਐਸ. ਏ. ਐਸ ਨਗਰ, 28 ਅਪ੍ਰੈਲ (ਸ.ਬ.) ਸੋਹਾਣਾ ਤੋਂ ਚੰਡੀਗੜ੍ਹ ਬਸ ਅੱਡੇ ਦੇ ਰੂਟ ਤੇ ਆਟੋ ਚਲਾਉਣ ਵਾਲੇ ਸ੍ਰ. ਅਮਰਜੀਤ ਸਿੰਘ ਦੇ ਆਟੋ ਵਿੱਚ ਅੱਜ ਕੁੱਝ ਸਵਾਰੀਆਂ ਆਪਣਾ ਬੈਗ ਭੁੱਲ ਗਈਆਂ ਜਿਸ ਵਿੱਚ ਨਕਦੀ ਅਤੇ ਗਹਿਣੇ ਸੀ| ਅਮਰਜੀਤ ਸਿੰਘ ਵੱਲੋਂ ਹੁਣ ਇਹਨਾਂ ਸਵਾਰੀਆਂ ਦੀ ਉਡੀਕ ਕੀਤੀ ਜਾ ਰਹੀ ਹੈ ਉਹ ਆ ਕੇ ਆਪਣੇ ਸਾਮਾਨ ਦੀ ਪਹਿਚਾਣ ਦਸ ਕੇ ਵਾਪਸ ਲੈ ਜਾਣ|
ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਦੇ ਕਰੀਬ ਸੈਕਟਰ 70 (ਮਟੌਰ ਜਾਣ ਵਾਲੀ ਸੜਕ ਦੇ ਮੋੜ ਤੋਂ) ਵਿਖੇ ਉਹਨਾਂ ਦੇ ਆਟੋ ਵਿੱਚ ਕੁਝ ਸਵਾਰੀਆਂ ਬੈਠੀਆਂ ਹਨ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਬਾਕੀ ਮਰਦ ਸਨ| ਇਹ ਸਾਰੇ ਵੇਖਣ ਵਿੱਚ ਗਰੀਬ ਜਿਹੇ ਲੱਗਦੇ ਸਨ ਅਤੇ ਇਹ ਲੋਕ ਸੈਕਟਰ 43 ਵਿੱਚ ਉਹਨਾਂ ਦੇ ਆਟੋ ਤੋਂ ਉਤਰ ਗਏ ਸਨ| ਉਹਨਾਂ ਦੱਸਿਆ ਕਿ ਬਾਅਦ ਵਿੱਚ ਉੁਹਨਾਂ ਵੇਖਿਆ ਕਿ ਇਹ ਸਵਾਰੀਆਂ ਆਪਣਾ ਇੱਕ ਪੁਰਾਣਾ ਜਿਹਾ ਬੈਗ ਆਟੋ ਵਿੱਚ ਹੀ ਛੱਡ ਗਏ ਸਨ| ਉਹਨਾਂ ਕਿਹਾ ਕਿ ਉਹ ਆਟੋ ਲੈ ਕੇ ਸੈਕਟਰ 43 ਦੇ ਅੱਡੇ ਤੇ ਚਲੇ ਗਏ ਕਿ ਸ਼ਾਇਦ ਉਹ ਸਵਾਰੀਆਂ ਆਪਣਾ ਬੈਗ ਲੱਭਦੀਆਂ ਉਹਨਾਂ ਨੂੰ ਮਿਲ ਜਾਣ ਪਰੰਤੂ ਕੋਈ ਨਹੀਂ ਮਿਲਿਆ| ਉਹਨਾਂ ਦੱਸਿਆ ਕਿ ਬਾਅਦ ਵਿੱਚ ਜਦੋਂ ਉਹਨਾਂ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿੱਚ ਲੇਡੀਜ ਪਰਸ ਪਿਆ ਮਿਲਿਆ ਅਤੇ ਉਹਨਾਂ ਨੇ ਇਹ ਸੋਚ ਕੇ ਪਰਸ ਖੋਲ੍ਹਿਆ ਕਿ ਸ਼ਾਇਦ ਇਸ ਵਿੱਚ ਸਵਾਰੀ ਦੇ ਨਾਮ ਪਤੇ ਦੀ ਕੋਈ ਜਾਣਕਾਰੀ ਮਿਲ ਜਾਵੇ ਪਰੰਤੂ ਉਸ ਪਰਸ ਵਿੱਚ ਲਗਭਗ 20 ਹਜਾਰ ਰੁਪਏ ਨਕਦ ਅਤੇ ਕੁਝ ਸੋਨੇ ਚਾਂਦੀ ਦੇ ਗਹਿਣੇ ਪਏ ਸੀ| ਉਹਨਾਂ ਕਿਹਾ ਕਿ ਉਹ ਹੁਣੇ ਵੀ ਸਵਾਰੀ ਦੀ ਉਡੀਕ ਕਰ ਰਹੇ ਹਨ ਕਿ ਉਹ ਆਪਣਾ ਸਾਮਾਨ ਪਹਿਚਾਨ ਕੇ ਵਾਪਿਸ ਲੈ ਜਾਵੇ|

Leave a Reply

Your email address will not be published. Required fields are marked *