ਆਤਮ ਹਤਿਆ ਮਾਮਲੇ ਵਿਚ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਐਸ ਏ ਐਸ ਨਗਰ,18 ਜਨਵਰੀ (ਸ.ਬ.) ਖਰੜ ਵਿਖੇ  ਇਕ ਵਿਅਕਤੀ ਵਲੋਂ ਆਤਮ ਹਤਿਆ ਕਰਨ  ਦੇ ਮਾਮਲੇ ਵਿਚ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਸਬੰਧੀ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅੱਜ ਨੋਟਿਸ ਜਾਰੀ ਕੀਤਾ ਹੈ| ਮਾਮਲੇ ਦੀ ਜਾਣਕਾਰੀ ਦਿੰਦਿਆਂ ਪੰਜਾਬ ਅਗੇਂਸਟ ਕੁਰਪਸ਼ਨ ਦੇ ਆਗੂ ਸਤਨਾਮ ਦਾਊਂ ਨੇ ਕਿਹਾ ਕਿ  ਸਾਲ 2016 ਵਿਚ ਰਾਮ ਕ੍ਰਿਪਾਲ   ਵਸਨੀਕ  ਮਕਾਨ ਨੰਬਰ 23 ਰਮਨ ਇਨਕਲੇਵ ਪਿੰਡ ਛੱਜੂ ਮਾਜਰਾ ਰੋਡ ਥਾਣਾ ਸਿਟੀ ਖਰੜ ਨੇ ਆਤਮ ਹਤਿਆ ਕਰ ਲਈ ਸੀ, ਜਿਸ ਸਬੰਧੀ ਖਰੜ ਪੁਲੀਸ ਨੇ ਐਫ ਆਈ ਆਰ ਨੰਬਰ 12 ਮਿਤੀ 12 ਜੁਲਾਈ 2016 ਨੂੰ ਦਰਜ ਕੀਤੀ ਸੀ|  ਉਹਨਾਂ ਦਸਿਆ ਕਿ ਬਾਅਦ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਮ੍ਰਿਤਕ ਦੀ ਡਾਇਰੀ ਵਿੱਚ ਲਿਖਿਆ ਆਤਮ ਹਤਿਆ ਨੋਟ ਮਿਲਿਆ, ਜਿਸ ਵਿੱਚ ਆਤਮ ਹਤਿਆ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੇ ਨਾਮ ਲਿਖੇ ਹੋਏ ਸਨ, ਦੋਸ਼ੀਆਂ ਵਲੋਂ ਪਰਿਵਾਰ ਨੂੰ ਧਮਕੀਆਂ ਦੇਣ ਕਾਰਨ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ|
ਉਹਨਾਂ ਦਸਿਆ ਕਿ ਬਾਅਦ ਵਿੱਚ ਮ੍ਰਿਤਕ ਦੀ ਪਤਨੀ ਨਿਰਮਲਾ ਦੇਵੀ ਵਲੋਂ 25 ਸਤੰਬਰ  ਨੂੰ ਐਸ ਐਸ ਪੀ ਮੁਹਾਲੀ ਨੂੰ  ਸ਼ਿਕਾਇਤ ਕੀਤੀ ਗਈ ਅਤੇ ਇਸ ਮਾਮਲੇ ਨੂੰ ਡੀ ਐਸ ਪੀ ਕੋਲ ਭੇਜ ਦਿਤਾ ਗਿਆ ਪਰ ਪੁਲੀਸ ਦੀ ਢਿਲੀ ਕਾਰਵਾਈ ਕਾਰਨ ਮ੍ਰਿਤਕ ਦੀ ਪਤਨੀ ਨੇ ਮਾਮਲਾ ਉਹਨਾਂ ਦੀ ਸੰਸਥਾ ਦੇ ਧਿਆਨ ਵਿਚ ਲਿਆਂਦਾ ਅਤੇ ਸੰਸਥਾ  ਦੀ ਬੇਨਤੀ ਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਆਰ ਐਸ ਬੈਂਸ ਰਾਹੀਂ ਮੁਲਜਮਾਂ ਖਿਲਾਫ ਕਾਰਵਾਈ ਕਰਵਾਉਣ ਲਈ ਹਾਈਕੋਰਟ ਵਿਚ ਪੁਲੀਸ ਖਿਲਾਫ ਕੇਸ ਕੀਤਾ ਗਿਆ, ਜਿਸ ਵਿਚ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਹੈ|

Leave a Reply

Your email address will not be published. Required fields are marked *