ਆਧਾਰ ਕਾਰਡ ਬਣਿਆ ਵਿਸ਼ਣੂ ਨੂੰ ਉਸ ਦੇ ਮਾਪਿਆਂ ਨਾਲ ਮਿਲਾਉਣ ਦਾ ਜਰੀਆ

ਐਸ.ਏ.ਐਸ. ਨਗਰ, 28 ਜੁਲਾਈ (ਸ.ਬ.) ਰਾਜਸਥਾਨ ਦੇ ਜਿਲ੍ਹਾ ਭਗਤਪੁਰ ਦੇ ਪਿੰਡ ਨੋਹ ਤੋਂ 2 ਸਾਲ ਪਹਿਲਾਂ ਗੁੰਮ ਹੋਏ 14 ਸਾਲ ਦੇ ਬੱਚੇ ਵਿਸ਼ਣੂ ਨੂੰ ਆਧਾਰ ਕਾਰਡ ਦੀ ਸਹਾਇਤਾ ਨਾਲ  ਉਸ ਦੇ ਮਾਪਿਆਂ ਦਾ ਪਤਾ ਲਗਾ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ| 14 ਸਾਲਾ ਵਿਸ਼ਣੂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਬਾਲ ਭਲਾਈ ਕਮੇਟੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਦੀ ਮੌਜੂਦਗੀ ਵਿਚ ਉਸਦੇ ਮਾਪਿਆਂ ਦੇ ਹਵਾਲੇ ਕੀਤਾ| ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਪਣੇ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਪੁਸ਼ਤਕ’ ਤਹਿਤ ਵਿਸ਼ਣੂ ਨੂੰ ਪੜ੍ਹਨ ਲਈ ਪੰਜ ਕਿਤਾਬਾਂ ਵੀ  ਦਿੱਤੀਆਂ ਅਤੇ ਮਾਪਿਆਂ ਨੂੰ ਵਿਸ਼ਨੂੰ ਦੀ ਪੜ੍ਹਾਈ  ਜਾਰੀ ਰੱਖਣ ਲਈ ਪ੍ਰੇਰਿਤ ਕੀਤਾ|
ਸ੍ਰੀਮਤੀ ਜਸਵੀਰ ਕੌਰ ਸੁਪਰਡੈਂਟ ਚਿਲਡਰਨ ਹੋਮ ਦੁਸਾਰਨਾ ਅਤੇ ਕਾਊਂਸਲਰ ਅਜੇ ਭਾਰਤੀ ਨੇ ਦੱਸਿਆ ਕਿ ਵਿਸ਼ਣੂ ਨਵੰਬਰ 2015 ਵਿਚ  ਰੇਲਵੇ ਪੁਲੀਸ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਮਿਲਿਆ ਸੀ ਅਤੇ ਉਸਨੂੰ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਆਦੇਸ਼ਾਂ ਅਨੁਸਾਰ ਚਿਲਡਰਨ ਹੋਮ ਦੁਸਾਰਨਾ ਭੇਜਿਆ ਸੀ| ਜਦੋਂ ਉਹ ਆਇਆ ਸੀ ਤਾਂ ਉਹ ਸਿਰਫ ਆਪਣੇ ਪਿੰਡ ਦਾ ਨਾਂ ਹੀ ਦੱਸਦਾ ਸੀ| ਵਿਸ਼ਣੂ ਨੂੰ ਸਰਕਾਰੀ ਸਕੂਲ ਕੁਰਾਲੀ ਵਿਖੇ ਦਾਖਲ ਕਰਵਾਇਆ ਗਿਆ ਅਤੇ ਪਿਛਲੇ ਸਾਲ ਸਕੂਲ ਪ੍ਰਸਾਸ਼ਨ ਵੱਲੋਂ ਵਿਸ਼ਣੂ  ਦੇ ਆਧਾਰ ਕਾਰਡ ਦੀ ਮੰਗ ਕੀਤੀ| ਜਿਸ ਸਬੰਧੀ ਵਿਸ਼ਣੂ  ਦੇ ਆਧਾਰ ਕਾਰਡ ਲਈ ਸੈਂਟਰ ਵਿਖੇ ਜਾ ਕੇ ਉਸਦੀ ਰਜਿਸ਼ਟੇਰਸ਼ਨ ਕਰਵਾਈ ਗਈ ਪ੍ਰੰਤੂ  ਰਜਿਸ਼ਟਰੇਸ਼ਨ ਕਰਨ ਵਾਲੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਆਧਾਰ ਕਾਰਡ ਸਬੰਧੀ ਰਜਿਸ਼ਟਰੇਸ਼ਨ ਨਾ ਮਨਜ਼ੂਰ ਹੋ ਗਈ ਹੈ, ਜਿਸ ਲਈ ਚੰਡੀਗੜ੍ਹ ਰਿਜਨਲ ਆਫਿਸ ਆਫ ਯੂ.ਆਈ.ਡੀ.ਏ.ਆਈ. ਨਾਲ ਸੰਪਰਕ ਕੀਤਾ ਜਾਵੇ| ਬਾਅਦ ਵਿਚ ਜਦੋਂ ਚੰਡੀਗੜ੍ਹ ਵਿਖੇ ਸੰਪਰਕ ਕੀਤਾ ਗਿਆ ਤਾਂ ਉੱਥੇ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਵਿਸ਼ਨੂੰ ਦੇ ਬਾਇਓਮੈਟ੍ਰਿਕਸ ਪਿੰਡ  ਨੋਹ, ਜ਼ਿਲ੍ਹਾ ਭਰਤਪੁਰ ਰਾਜਸਥਾਨ  ਦੇ ਨਾਲ ਮੇਲ ਖਾ ਰਹੇ ਹਨ| ਜਿਸਦੀ ਜਾਣਕਾਰੀ ਭਰਤਪੁਰ ਸੈਂਟਰ ਨੂੰ ਦਿੱਤੀ ਗਈ| ਅਤੇ ਉਸਦੇ ਮਾਤਾ ਪਿਤਾ ਦੀ ਭਾਲ ਕੀਤੀ ਗਈ ਅਤੇ ਉਸਦੇ ਪਿਤਾ ਨੂੰ ਵਿਸ਼ਣੂ  ਦੀ ਫੋਟੋ ਦਿਖਾਈ ਗਈ ਅਤੇ  ਉਸਨੇ ਆਪਣੇ ਪੁੱਤਰ ਦੀ ਫੋਟੋ ਪਹਿਚਾਣ ਲਈ | ਸਹਾਇਕ ਡਾਇਰੈਕਟਰ ਜਨਰਲ ਯੂ.ਆਈ.ਡੀ.ਏ.ਆਈ ਚੰਡੀਗੜ੍ਹ ਨੇ ਦੱਸਿਆ ਕਿ ਅੱਜ ਵਿਸ਼ਣੂ ‘ਆਧਾਰ’ ਕਰਕੇ ਹੀ ਆਪਣੇ ਮਾਪਿਆਂ ਨੂੰ ਦੁਬਾਰਾ ਮਿਲ ਸਕਿਆ ਹੈ|
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਬਾਲ ਭਲਾਈ ਕਮੇਟੀ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਸਰੀਚਾ ਅਤੇ ਸ੍ਰੀ ਅਨਮੋਲ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਅੰਮ੍ਰਿਤ ਬਾਲਾ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਅਮਰਜੀਤ ਸਿੰਘ ਕੋਰੇ ਵੀ ਮੌਜੂਦ ਸਨ|

Leave a Reply

Your email address will not be published. Required fields are marked *