ਆਧੁਨਿਕ ਦੌਰ ਵਿੱਚ ਬਦਲ ਗਿਆ ਹੈ ਖੇਡਾਂ ਦਾ ਮੁਹਾਂਦਰਾ

ਵਿਸ਼ਵ ਦੇ ਸਾਰੇ ਹੀ ਮੁਲਕਾਂ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਸਮੇਂ ਦੇ ਨਾਲ ਨਾਲ ਖੇਡਾਂ ਦਾ ਮੁਹਾਂਦਾਰਾ ਵੀ ਦਿਨੋਂ-ਦਿਨ ਬਦਲਦਾ ਜਾ ਰਿਹਾ ਹੈ| ਹੁਣ ਹਰੇਕ
ਖੇਡ ਵਿੱਚ ਖੂਬਸੂਰਤ ਕੁੜੀਆਂ (ਚੀਅਰ ਲੀਡਰ) ਨੂੰ ਖੜ੍ਹਾ ਕੀਤਾ ਜਾਣ ਲੱਗਾ ਹੈ| ਇਹਨਾਂ ਦੀ ਸ਼ੁਰੂਆਤ ਕ੍ਰਿਕਟ ਤੋਂ ਹੋਈ ਸੀ ਅਤੇ ਪਹਿਲਾਂ ਪਹਿਲਾ ਇਹਨਾਂ ਦੀ ਕਾਫੀ ਵਿਰੋਧਤਾ ਵੀ ਹੋਈ ਸੀ ਪਰ ਹੁਣ ਤਾਂ ਹਰ ਖੇਡ ਵਿੱਚ ਹੀ ਚੀਅਰ ਲੀਡਰਜ਼ ਆ ਗਈਆਂ ਹਨ| ਹਾਲ ਇਹ ਹੈ ਕਿ ਦਰਸ਼ਕਾਂ ਦਾ ਇੱਕ ਵਰਗ ਅਜਿਹਾ ਹੈ ਜਿਹੜਾ ਮੈਦਾਨ ਵਿੱਚ ਮੈਚ ਵੇਖਣ ਦੇ ਬਹਾਨੇ ਇਹਨਾਂ ਚੀਅਰ ਲੀਡਰਾਂ ਦੀਆਂ ਅਦਾਵਾਂ ਵੇਖਣ ਜਾਂਦਾ ਹੈ| ਇਹ ਚੀਅਰ ਲੀਡਰ ਵੀ ਮੈਦਾਨ ਵਿੱਚ ਆਪਣਾ ਪੂਰਾ ਜਲਵਾ ਦਿਖਾਉਂਦੀਆਂ ਹਨ| ਭਾਰਤ ਵਿੱਚ ਵੀ ਕਈ ਮੈਚਾਂ ਦੌਰਾਨ ਚੀਅਰ ਲੀਡਰਜ਼ ਦਾ ਜਲਵਾ ਵੇਖਣ ਨੂੰ ਮਿਲਦਾ ਹੈ| ਇੱਕ ਹੋਰ ਗੱਲ ਵੀ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਖੇਡ ਮੈਦਾਨਾਂ ਤੇ ਜਲਵੇ ਵਿਖਾਉਣ ਵਾਲੀਆਂ ਜਿਆਦਾਤਰ ਚੀਅਰ ਲੀਡਰ ਵਿਦੇਸ਼ੀ ਹੀ ਹੁੰਦੀਆਂ ਹਨ| ਹਾਲਾਂਕਿ ਕੁਝ ਚੀਅਰ ਲੀਡਰ ਅਜਿਹੀਆਂ ਵੀ ਹਨ ਜੋ ਕਿ ਭਾਰਤੀ ਵੀ ਹਨ|
ਅੱਜ ਦੇ ਆਧੁਨਿਕ ਯੁਗ ਨੇ ਪੂਰੇ ਵਿਸ਼ਵ ਵਿੱਚ ਹੀ ਖੇਡਾਂ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ| ਜਿਥੋਂ ਤੱਕ ਕ੍ਰਿਕਟ ਦਾ ਸਵਾਲ ਹੈ ਤਾਂ ਇਹ ਖੇਡ ਵਿਸ਼ਵ ਦੇ ਸਿਰਫ ਇੱਕ ਦਰਜਨ ਦੇਸ਼ਾਂ ਵਿੱਚ ਹੀ ਖੇਡੀ ਜਾਂਦੀ ਹੈ ਅਤੇ ਵੱਡੀ ਗਿਣਤੀ ਦੇਸ਼ ਇਸ ਖੇਡ ਨੁੰ ਪਸੰਦ ਨਹੀਂ ਕਰਦੇ ਪਰ ਭਾਰਤ ਸਮੇਤ ਜਿਹਨਾਂ ਮੁਲਕਾਂ ਵਿੱਚ ਇਹ ਖੇਡ ਖੇਡੀ ਜਾਂਦੀ ਹੈ ਉਥੇ ਲੋਕ ਇਸ ਖੇਡ ਦੇ ਦੀਵਾਨੇ ਹਨ| ਕਈ ਵਾਰ ਤਾਂ ਕ੍ਰਿਕਟ ਮੈਚਾਂ ਕਾਰਨ ਸਕੂਲ ਵਿੱਚੋਂ ਹੀ ਵਿਦਿਆਰਾਥੀ ਫਰਲੋ ਮਾਰ ਜਾਂਦੇ ਹਨ| ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਵੀ ਮੁਹਾਲੀ ਵਿਖੇ ਹੋਏ ਭਾਰਤ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਅੰਤਰਰਾਸ਼ਟਰੀ ਮੈਚਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਸੀ| ਕ੍ਰਿਕਟ ਦੇ ਆਯੋਜਕ ਇਸ ਖੇਡ ਨੂੰ ਹੋਰ ਚਹੇਤਾ ਬਣਾਉਣ ਲਈ ਕੋਈ ਨਾ ਕੋਈ ਸਕੀਮ ਲਾਉਂਦੇ ਰਹਿੰਦੇ ਹਨ ਇਸੇ ਕਾਰਨ ਹੀ ਉਹਨਾਂ ਨੇ ਕ੍ਰਿਕਟ ਮੈਚਾਂ ਦੌਰਾਨ ਚੀਅਰ ਲੀਡਰ ਨੂੰ ਮੈਦਾਨਾਂ ਵਿੱਚ ਲਿਆਉਣ ਦਾ ਨਵਾਂ ਰਿਵਾਜ ਆਰੰਭ ਕੀਤਾ ਸੀ ਜਿਹੜਾ ਹੁਣ ਬਾਕੀ ਦੀਆਂ ਖੇਡਾਂ ਵਿੱਚ ਵੀ ਮਕਬੂਲ ਹੋ ਗਿਆ ਹੈ|
ਜੇ ਹਾਕੀ ਦੀ ਗੱਲ ਕੀਤੀ ਜਾਵੇ ਤਾਂ ਹਾਕੀ ਵਿੱਚ ਵੀ ਕਈ ਬਦਲਾਅ ਨਜਰ ਆਉਂਦੇ ਹਨ| ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦਾ ਦਰਜਾ ਪ੍ਰਾਪਤ ਹੈ ਅਤੇ ਇਹ ਖੇਡ ਭਾਰਤੀਆਂ ਦੀ ਮਾਂ ਖੇਡ ਹੈ| ਭਾਰਤੀ ਹਾਕੀ ਦਾ ਸੁਨਿਹਰੀ ਇਤਿਹਾਸ ਰਿਹਾ ਹੈ| ਹੁਣ ਭਾਰਤੀ ਹਾਕੀ ਦੇ ਪ੍ਰਮੁੱਖ ਅਹੁਦੇਦਾਰ ਨਰਿੰਦਰ ਬਤਰਾ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਵੀ ਅਹੁਦੇਦਾਰਾ ਬਣ ਗਏ ਹਨ ਜਿਸ ਤੋਂ ਭਾਰਤੀ ਹਾਕੀ ਦੇ ਵਿਕਾਸ ਦਾ ਰਾਹ ਖੁਲ ਗਿਆ ਹੈ| ਅਸਲ ਵਿੱਚ ਲੰਮੇ ਸਮੇਂ ਤੋਂ ਇਸ ਕੁਰਸੀ ਉਪਰ ਯੂਰਪ ਦੇ ਲੋਕ ਹੀ ਬਿਰਾਜਮਾਨ ਸਨ ਇਸੇ ਕਾਰਨ ਹੀ ਹਾਕੀ ਵਿੱਚ ਯੂਰਪ ਦੇਸ਼ ਆਪਣੀ ਮਰਜੀ ਨਾਲ ਨਿਯਮ ਬਦਲਾਉਣ ਵਿੱਚ ਸਫਲ ਹੋ ਗਏ ਸਨ| ਅੱਜ ਅੰਤਰਰਾਸ਼ਟਰੀ ਪੱਧਰ ਉਪਰ ਹਾਕੀ ਯੂਰਪੀਅਨ ਸੈਲੀ ਅਨੁਸਾਰ ਖੇਡੀ ਜਾਂਦੀ ਹੈ| ਏਸ਼ੀਅਨ ਸੈਲੀ ਨੂੰ ਅੰਤਰਰਾਸ਼ਟਰੀ ਮੰਚ ਉਪਰ ਕੋਈ ਪ੍ਰਤੀਨਿਧਤਾ ਨਹੀਂ ਮਿਲਦੀ| ਜਿਸ ਕਰਕੇ ਇਸ ਤਰਾਂ ਦਾ ਬਦਲਾਓ ਵੇਖਣ ਨੂੰ ਮਿਲ ਰਿਹਾ ਹੈ| ਹੁਣ ਨਰਿੰਦਰ ਬਤਰਾ ਦੇ ਅੰਤਰਰਾਸ਼ਟਰੀ ਫੈਡਰੇਸ਼ਨ ਦੇ ਅਹੁਦੇਦਾਰ ਬਣਨ ਨਾਲ ਇਹ ਆਸ ਬੱਝ ਗਈ ਹੈ ਕਿ ਉਹ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਦੀ ਭਲਾਈ ਲਈ ਉਪਰਾਲੇ ਕਰਨਗੇ| ਕਹਿਣ ਦਾ ਭਾਵ ਇਹ ਹੈ ਕਿ ਪੁਰਾਣੀ ਹਾਕੀ ਵਿੱਚ ਅਤੇ ਆਧਿਨਕ ਹਾਕੀ ਵਿੱਚ ਕਾਫੀ ਫਰਕ ਆ ਗਿਆ ਹੈ| ਇਹ ਹੀ ਹਾਲ ਫੁਟਬਾਲ ਦਾ ਹੈ ਵਿਸ਼ਵ ਵਿੱਚ ਬਹੁਤ ਸਾਰੇ ਦੇਸ਼ ਫੁਟਬਾਲ ਖੇਡਦੇ ਹਨ| ਕਈ ਦੇਸ਼ਾਂ ਵਿੱਚ ਤਾਂ ਫੁਟਬਾਲ ਕਰਕੇ ਕਤਲ ਵੀ ਹੋ ਜਾਂਦੇ ਹਨ| ਫੁਟਬਾਲ ਦਾ ਜਨੂੰਨ ਫੁਟਬਾਲ ਪ੍ਰੇਮੀਆਂ ਦੇ ਸਿਰ ਚੜ ਬੋਲਦਾ ਹੈ|
ਜੇ ਖੇਡ ਮੈਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਖੇਡ ਮੈਦਾਨਾਂ ਵਿੱਚ ਵੀ ਕਾਫੀ ਫਰਕ ਆ ਗਿਆ ਹੈ ਪਹਿਲਾਂ ਮੈਚ ਘਾਹ ਦੇ ਮੈਦਾਨ ਜਾਂ ਰੇਤੀਲੇ ਮੈਦਾਨ ਵਿੱਚ ਹੁੰਦੇ ਸਨ ਪਰ ਹੁਣ ਤਾਂ ਮੈਚ ਨਕਲੀ ਘਾਹ ਦੇ ਮੈਦਾਨਾਂ ਵਿੱਚ ਹੁੰਦੇ ਹਨ ਅਤੇ ਇਹਨਾਂ ਨਕਲੀ ਘਾਹ ਦੇ ਮੈਦਾਨਾਂ ਉਪਰ ਖੇਡਦਿਆਂ ਕਈ ਖਿਡਾਰੀ ਜਖਮੀ ਵੀ ਹੋ ਗਏ ਹਨ| ਇਸ ਤੋਂ ਇਲਾਵਾ ਹਰ ਦਿਨ ਹੀ ਖੇਡਾਂ ਦੇ ਨਿਯਮ ਬਦਲਦੇ ਰਹਿੰਦੇ ਹਨ ਜਿਸ ਕਰਕੇ ਖੇਡਾਂ ਵਿੱਚ ਕਾਫੀ ਅੰਤਰ ਆ ਗਿਆ ਹੈ| ਚਾਹੀਦਾ ਤਾਂ ਇਹ ਹੈ ਕਿ ਖੇਡਾਂ ਦੇ ਵਿੱਚ ਬਦਲਾਓ ਲੋੜ ਅਨੁਸਾਰ ਹੀ ਲਿਆਂਦਾ ਜਾਵੇ ਇਹ ਠੀਕ ਹੈ ਕਿ ਆਧੁਨਿਕ ਸਮੇਂ ਦੌਰਾਨ ਪੁਰਾਣੇ ਨਿਯਮਾਂ ਦੀ ਥਾਂ ਨਵੇਂ ਨਿਯਮ ਬਣਾਉਣੇ ਖੇਡਾਂ ਲਈ ਜਰੂਰੀ ਹਨ ਇਸ ਲਈ ਪੁਰਾਣੇ ਨਿਯਮਾਂ ਦੀ ਪੂਰੀ ਅਣਦੇਖੀ ਨਹੀਂ ਕਰਨੀ ਚਾਹੀਦੀ ਸਗੋਂ ਅਜਿਹੇ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਕਿ ਖੇਡ ਦੀ ਮੂਲ ਭਾਵਨਾ ਬਣੀ ਰਹੇ|
ਜਗਮੋਹਨ ਸਿੰਘ

Leave a Reply

Your email address will not be published. Required fields are marked *