ਆਧੁਨਿਕ ਯੁੱਗ ਵਿੱਚ ਤਕਨਾਲੋਜੀ ਤੋਂ ਬਿਨਾਂ ਤਰੱਕੀ ਸੰਭਵ ਨਹੀਂ: ਨਵਜੋਤ ਸਿੰਘ ਸਿੱਧੂ

ਆਧੁਨਿਕ ਯੁੱਗ ਵਿੱਚ ਤਕਨਾਲੋਜੀ ਤੋਂ ਬਿਨਾਂ ਤਰੱਕੀ ਸੰਭਵ ਨਹੀਂ: ਨਵਜੋਤ ਸਿੰਘ ਸਿੱਧੂ
ਕਪਿਲ ਦੇਵ ਨੇ ਨੌਜਵਾਨ ਉਦਮੀਆਂ ਦੇ ਅੱਗੇ ਆਉਣ ਨੂੰ ਸ਼ੁਭ ਸ਼ਗਨ ਦੱਸਿਆ
ਐਸ.ਏ.ਐਸ.ਨਗਰ, 7 ਮਾਰਚ (ਸ.ਬ.) ਆਧੁਨਿਕ ਯੁੱਗ ਵਿੱਚ ਤਕਨਾਲੋਜੀ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਨਾਲ ਹੀ ਸਮਾਜ ਤਰੱਕੀ ਕਰ ਸਕਦਾ ਹੈ| ਇਹ ਗੱਲ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੀ.ਸੀ.ਏ. ਸਟੇਡੀਅਮ ਮੁਹਾਲੀ ਵਿਖੇ ਪੰਪਕਾਰਟ ਦੀ ਮੋਬਾਈਲ ਈ-ਸਟੋਰ ਰੂਪੀ ਵੈਨ ਦੇ ਉਦਘਾਟਨ ਮੌਕੇ ਕਹੀ| ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸ. ਸਿੱਧੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਪੰਪਕਾਰਟ ਦੇ ਬਰਾਂਡ ਅੰਬੈਸਡਰ ਕਪਿਲ ਦੇਵ ਨੇ ਪੰਪਕਾਰਟ ਦੀ ਮੋਬਾਈਲ ਈ-ਸਟੋਰ ਰੂਪੀ ਵੈਨ ਨੂੰ ਹਰੀ ਝੰਡੀ ਵੀ ਦਿੱਤੀ|
ਸ. ਸਿੱਧੂ ਨੇ ਤਕਨਾਲੋਜੀ ਦੇ ਬਦਲਦੇ ਦੌਰ ਵਿੱਚ ਸਾਨੂੰ ਵੀ ਆਪਣੀ ਕਾਰਜ ਪ੍ਰਣਾਲੀ ਵਿੱਚ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਉਨ੍ਹਾਂ ਵਿਗਿਆਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਸੁਖਾਲੀ ਕਰ ਦਿੱਤੀ ਹੈ ਅਤੇ ਇਸ ਦੀ ਵਰਤੋਂ ਨੇ ਕ੍ਰਾਂਤੀ ਲਿਆਂਦੀ ਹੈ| ਉਨ੍ਹਾਂ ਕਿਹਾ ਈ-ਗਵਰਨੈਂਸ ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸੁਖਾਲੀਆਂ, ਘਰ ਬੈਠਿਆਂ ਅਤੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ‘ਕੈਪਟਨ ਸਰਕਾਰ, ਲੋਕਾਂ ਦੇ ਦੁਆਰ’ ਨਾਅਰੇ ਹੇਠ ਈ-ਗਵਰਨੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ|
ਸ. ਸਿੱਧੂ ਨੇ ਕਿਹਾ ਕਿ ਅੱਜ ਘਰ ਬੈਠਿਆਂ ਹਰ ਤਰ੍ਹਾਂ ਦੀ ਸਹੂਲਤ ਜਾਂ ਸੇਵਾਵਾਂ ਆਨਲਾਈਨ ਹਾਸਲ ਕੀਤੀਆਂ ਜਾ ਸਕਦੀਆਂ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨਾਲ ਸਮਝੌਤਾ ਕੀਤਾ ਹੈ ਜਿਸ ਨਾਲ ਭੂਗੋਲਿਕ ਸੂਚਨਾ ਪ੍ਰਣਾਲੀ (ਜੀ.ਆਈ.ਐਸ.) ਮੈਪਿੰਗ ਰਾਹੀਂ ਅਣ-ਅਧਿਕਾਰਤ ਕਾਲੋਨੀਆਂ ਤੇ ਨਿਗ੍ਹਾਂ ਰੱਖੀ ਜਾਵੇਗੀ ਅਤੇ ਪ੍ਰਾਪਰਟੀ ਟੈਕਸ ਲਈ ਘਰਾਂ ਦੀ ਅਸਲ ਸਥਿਤੀ ਤੋਂ ਜਾਣੂੰ ਹੋਇਆ ਜਾਵੇਗਾ| ਉਨ੍ਹਾਂ ਇਕ ਉਦਾਹਰਨ ਦਿੰਦਿਆਂ ਦੱਸਿਆ ਪਿਛਲੇ ਸਮੇਂ ਵਿੱਚ ਲੁਧਿਆਣਾ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 90 ਹਜ਼ਾਰ ਘਰ ਸਨ ਪਰ ਜਦੋਂ ਜੀ.ਆਈ.ਐਸ. ਰਾਹੀਂ ਪਤਾ ਲਗਾਇਆ ਗਿਆ ਤਾਂ ਘਰਾਂ ਦੀ ਗਿਣਤੀ 4 ਲੱਖ ਆਈ| ਉਨ੍ਹਾਂ ਕਿਹਾ ਕਿ ਤਕਨਾਲੋਜੀ ਸਹਾਰੇ ਹੁਣ ਹਵਾ ਤੋਂ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ|

ਸ. ਸਿੱਧੂ ਨੇ ਪੰਪਕਾਰਟ ਸ਼ੁਰੂ ਕਰਨ ਵਾਲੇ ਉਦਮੀ ਕੇ.ਐਸ.ਭਾਟੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਨਾਲ ਸੂਬਾ ਵਾਸੀਆਂ ਖਾਸ ਕਰ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਘਰ/ਖੇਤ ਬੈਠਿਆਂ ਸੇਵਾਵਾਂ ਮਿਲਣਗੀਆਂ| ਉਨ੍ਹਾਂ ਮੌਕੇ ਮੌਜੂਦ ਮਹਾਨ ਕ੍ਰਿਕਟਰ ਕਪਿਲ ਦੇਵ ਦੇ ਖੇਡ ਜੀਵਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਬਦੌਲਤ ਦੇਸ਼ ਵਿੱਚ ਕ੍ਰਿਕਟ ਮਕਬੂਲ ਹੋਈ ਅਤੇ ਉਹ ਉਨ੍ਹਾਂ ਦੇ ਬਚਪਨ ਤੋਂ ਹੀ ਮਾਰਗ ਦਰਸ਼ਕ ਰਹੇ ਹਨ| ਉਨ੍ਹਾਂ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਅੱਜ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਮਹਾਨ ਕ੍ਰਿਕਟਰ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ| ਉਨ੍ਹਾਂ ਪੰਪਕਾਰਟ ਦੇ ਇਸ ਉਦਮ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ|
ਕਪਿਲ ਦੇਵ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਛੋਟੀ ਉਮਰ ਦੇ ਉਦਮੀ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਇਹ ਸ਼ੁੱਭ ਸ਼ਗਨ ਹੈ ਕਿ ਨੌਜਵਾਨ ਉਦਮੀ ਅੱਗੇ ਆ ਰਹੇ ਹਨ| ਸ੍ਰੀ ਭਾਟੀਆ ਨੇ ਸ. ਸਿੱਧੂ ਤੇ ਕਪਿਲ ਦੇਵ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਦੋਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ| ਇਸ ਮੌਕੇ ਸ. ਸਿੱਧੂ ਤੇ ਕਪਿਲ ਦੇਵ ਨੇ ਪੰਪਕਾਰਟ ਦਾ ਕਿਤਾਬਚਾ ਵੀ ਜਾਰੀ ਕੀਤਾ|
ਇਸ ਮੌਕੇ ਐਫ.ਆਈ.ਸੀ.ਸੀ. ਆਈ. (ਫਿੱਕੀ) ਦੇ ਖੇਤਰੀ ਪ੍ਰਮੁੱਖ ਸ੍ਰੀ ਜੀ.ਬੀ. ਸਿੰਘ ਤੇ ਸ੍ਰੀ ਵਿਵੇਕ ਅੱਤਰੇ ਵੀ ਹਾਜ਼ਰ ਸਨ|

Leave a Reply

Your email address will not be published. Required fields are marked *