ਆਨਲਾਈਨ ਠੱਗਾਂ ਨੇ ਪੁਲੀਸ ਅਧਿਕਾਰੀ ਦੇ ਨਾਮ ਤੇ ਕੀਤੀ ਧੋਖਾਧੜੀ ਐਸ ਐਚ ਓ ਦੀ ਜਾਅਲੀ ਫੇਸਬੁਕ ਆਈ ਡੀ ਬਣਾ ਕੇ ਲੋਕਾਂ ਨੂੰ ਠੱਗਣ ਦੀ ਕੀਤੀ ਕੋਸ਼ਿਸ਼


ਐਸ.ਏ.ਐਸ.ਨਗਰ, 6 ਨਵੰਬਰ (ਜਸਵਿੰਦਰ ਸਿੰਘ) ਆਨਲਾਈਨ ਠੱਗਾਂ ਵਲੋਂ ਵੱਖ ਵੱਖ ਢੰਗ ਤਰੀਕਿਆਂ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਠੱਗਣ ਦੇ ਮਾਮਲੇ ਅਕਸਰ ਸਾਮ੍ਹਣੇ ਆਉਂਦੇ ਰਹਿੰਦੇ ਹਨ| ਅਜਿਹੇ ਹੀ ਇੱਕ ਮਾਮਲੇ ਵਿੱਚ ਕਿਸੇ ਠੱਗ ਵਲੋਂ ਮੁਹਾਲੀ ਦੇ ਥਾਣਾ ਫੇਜ਼ 1 ਦੇ ਐਸ ਐਚ ਓ. ਇੰਸਪੈਕਟਰ ਮਨਫੂਲ ਸਿੰਘ ਦੇ ਨਾਂ ਤੇ ਫੇਸਬੁੱਕ ਤੇ ਇੱਕ ਜਾਅਲੀ ਆਈ. ਡੀ. ਬਣਾ ਕੇ ਉਨ੍ਹਾਂ ਦੇ ਜਾਣਕਾਰਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ ਹੈ| 
ਇਹਨਾਂ ਠੱਗਾਂ ਵਲੋਂ ਇਸ ਆਈ ਡੀ ਤੇ ਇੰਸਪੈਕਟਰ ਮਨਫੂਲ ਸਿੰਘ ਦੀਆਂ ਫੋਟੋਆਂ ਆਦਿ ਅਪਲੋਡ ਕਰਕੇ ਉਹਨਾਂ ਦੇ ਜਾਣਕਾਰਾਂ ਨੂੰ ਮੈਸੇਜ ਭੇਜ ਕੇ ਕਿਹਾ ਗਿਆ ਕਿ ਉਹ ਬਹੁਤ ਲੋੜ ਵਿੱਚ ਹਨ ਅਤੇ ਇਹਨਾਂ ਠੱਗਾਂ ਵਲੋਂ ਬਾਕਾਇਦਾ ਇੱਕ ਗੂਗਲ ਪੇ ਨੰਬਰ ਦੇ ਕੇ ਉਸਤੇ 15000 ਰੁਪਏ ਭੇਜਣ ਦੀ ਮੰਗ ਕੀਤੀ ਗਈ| 
ਇਸ ਸੰਬੰਧੀ ਜਾਣਕਾਰੀ ਮਿਲਣ ਤੇ ਇੰਸਪੈਕਟਰ ਮਨਫੂਲ ਸਿੰਘ ਵਲੋਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਜਿਸਤੋਂ ਬਾਅਦ ਇਹਨਾਂ ਅਣਪਛਾਤੇ ਠੱਗਾਂ ਦੇ ਖਿਲਾਫ ਪੁਲੀਸ ਥਾਣਾ ਫੇਜ਼ 1 ਵਿੱਚ ਆਈ ਟੀ ਐਕਟ ਅਤੇ ਆਈ ਪੀ ਸੀ ਦੀ ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਦੋਸ਼ੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ| 
ਇੰਸਪੈਕਟਰ ਮਨਫੂਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦੇ ਕਿਸੇ ਦੋਸਤ ਜਾਂ ਜਾਣਕਾਰ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਹੋਵੇ ਤਾਂ ਉਸਦੀ ਚੰਗੀ ਤਰ੍ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਪੈਸੇ ਦਿੱਤੇ ਜਾਣ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਣ| ਇਸਦੇ ਨਾਲ ਹੀ ਉਨਾਂ ਨੇ               ਫੇਸਬੁੱਕ ਨੂੰ ਲਿਖ ਕੇ ਭੇਜਿਆ ਹੈ ਕਿ ਉਨ੍ਹਾਂ ਦੀ ਜਾਅਲੀ ਆਈ. ਡੀ. ਬੰਦ ਕੀਤੀ ਜਾਵੇ|  

Leave a Reply

Your email address will not be published. Required fields are marked *