ਆਨਲਾਈਨ ਠੱਗੀ ਤੋਂ ਬਚਣ ਲਈ ਡਿਜੀਟਲ ਪਲੇਟਫਾਰਮ ਤੇ ਸਾਵਧਾਨੀ ਵਰਤਣੀ ਜਰੂਰੀ

ਕੁੱਝ ਮਿੰਟਾਂ ਵਿੱਚ ਲੋਨ ਦਿਵਾਉਣ ਦਾ ਝਾਂਸਾ ਦੇਣ ਵਾਲੇ ਆਨਲਾਈਨ ਠੱਗੀ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਖਬਰ ਹੈ ਕਿ ਇਸਦੀ ਜਦ ਵਿੱਚ ਭਾਰਤ ਦੇ ਕਰੀਬ 50 ਲੱਖ ਲੋਕ ਆ ਚੁੱਕੇ ਹਨ। ਇਹ ਸਾਰੇ ਇੱਕ ਗਲਤੀ ਦੀ ਸਜਾ ਇਸ ਕਦਰ ਭੁਗਤ ਰਹੇ ਹਨ ਕਿ ਉਹ ਆਪਣੀ ਜੀਵਨ ਲੀਲਾ ਵੀ ਖਤਮ ਕਰਨ ਤੇ ਉਤਾਰੂ ਹਨ। ਕਰਜੇ ਦੇ ਬੋਝ ਹੇਠ ਇਨਸਾਨ ਦੀ ਹਾਲਾਤ ਅਜਿਹੀ ਹੋ ਚੱਲੀ ਹੈ ਕਿ ਮੋਬਾਇਲ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਜਿਵੇਂ ਕੋਈ ਹਤਿਆਰਾ ਵੜ ਆਇਆ ਹੋਵੇ। ਹਾਲ ਹੀ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਲਗਤਾਰ ਦੋ ਖੁਦਕੁਸ਼ੀਆਂ ਦੀ ਘਟਨਾ ਦਿੱਲੀ ਵਿੱਚ ਵਾਪਰ ਚੁੱਕੀ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਵਿੱਚ ਕਰੀਬ 5 ਵਿਅਕਤੀ ਖੁਦਕੁਸ਼ੀ ਕਰ ਚੁੱਕੇ ਹਨ।

ਕੋਰੋਨਾ ਕਾਲ ਵਿੱਚ ਖਾਸ ਕਰਕੇ ਲੋਨ ਐਪ ਰਾਹੀਂ ਕਰਜਾ ਲੈਣ ਵਾਲਿਆਂ ਦੀ ਗਿਣਤੀ ਵਧੀ ਹੈ। ਆਨਲਾਈਨ ਐਪ ਦਾ ਸਹਾਰਾ ਲੈ ਕੇ ਲੋਕ ਝਟਪਟ ਸਸਤੇ ਵਿਆਜ ਦਰਾਂ ਤੇ ਲੋਨ ਲੈਣ ਦੇ ਲਾਲਚ ਵਿੱਚ ਫਸ ਕੇ ਇਸ ਤਰ੍ਹਾਂ ਦੇ ਕਦਮ ਉਠਾ ਰਹੇ ਹਨ। ਉੱਤਰ ਪ੍ਰਦੇਸ਼ ਪੁਲੀਸ ਨੇ ਵੀ ਹਾਲ ਵਿੱਚ ਇਸ ਤਰ੍ਹਾਂ ਨਾਲ ਠੱਗੀ ਦੇ ਸ਼ਿਕਾਰ ਹੋਣ ਵਾਲਿਆਂ ਨੂੰ ਬਚਾਉਣ ਲਈ ਅਲਰਟ ਜਾਰੀ ਕੀਤਾ ਹੈ। ਪੁਲੀਸ ਦੇ ਸਾਈਬਰ ਐਕਸਪਰਟ ਦੀ ਮੰਨੀਏ ਤਾਂ ਲੋਨ ਐਪ ਰਾਹੀਂ ਗਾਹਕਾਂ ਤੋਂ ਮੰਗੇ ਜਾਣ ਵਾਲੇ ਦਸਤਾਵੇਜਾਂ ਦਾ ਫਾਇਦਾ ਸਾਈਬਰ ਠੱਗ ਉਠਾ ਰਹੇ ਹਨ। ਅਸਲ ਵਿੱਚ, ਉਹ ਇਹਨਾਂ ਕਾਗਜਾਂ ਤੇ ਫਰਜੀ ਤਰੀਕੇ ਨਾਲ ਕ੍ਰੈਡਿਟ ਕਾਰਡ ਜਾਰੀ ਕਰਾ ਲੈਂਦੇ ਹਨ ਤੇ ਕਦੇ ਉਨ੍ਹਾਂ ਦੇ ਦਸਤਾਵੇਜਾਂ ਤੇ ਖੁਦ ਹੀ ਬੈਂਕ ਤੋਂ ਲੋਨ ਲੈ ਲੈਂਦੇ ਹਨ। ਗਾਹਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਪਹਿਲਾਂ ਤਾਂ ਉਨ੍ਹਾਂ ਦੀ ਸਾਰੀ ਜਾਣਕਾਰੀ ਕੱਢਦੇ ਹਨ ਫਿਰ ਬਾਅਦ ਵਿੱਚ ਉਨ੍ਹਾਂ ਦੇ ਕਾਗਜਾਂ ਦੀ ਦੁਰਵਰਤੋ ਕਰ ਲਈ ਜਾਂਦੀ ਹੈ। ਪੁਲੀਸ ਦੀ ਮੰਨੀਏ ਤਾਂ ਚੀਨੀ ਐਪ ਦੀ ਹਫਤਾ ਵਸੂਲੀ ਜਾਂ ਲੱਖਾਂ-ਕਰੋੜਾਂ ਦੀ ਠੱਗੀ ਦਾ ਇਹ ਧੰਧਾ ਬਦਸਤੂਰ ਜਾਰੀ ਹੈ। ਸਭਤੋਂ ਵੱਡੀ ਗੱਲ ਇਹ ਹੈ ਕਿ ਅਜਿਹੇ ਐਪ ਨਾਲ ਤੁਰੰਤ ਲੋਨ ਲੈਣ ਵਾਲਿਆਂ ਦਾ ਨਿੱਜੀ ਡਾਟਾ ਜਨਤਕ ਕਰਨ ਦੀਆਂ ਕਈ ਗਾਹਕਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦਿੱਲੀ-ਐਨਸੀਆਰ ਵਿੱਚ ਕਈ ਅਜਿਹੀਆਂ ਏਜੰਸੀਆਂ ਹਨ, ਜਿਨ੍ਹਾਂ ਨੇ ਬਕਾਇਦਾ ਇਸਦੇ ਲਈ ਕਾਲ ਸੈਂਟਰ ਖੋਲ ਰੱਖਿਆ ਹੈ। ਇਨ੍ਹਾਂ ਦਾ ਨੈਟਵਰਕ ਇੰਨਾ ਮਜਬੂਤ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਛੇਤੀ ਪਕੜ ਵਿੱਚ ਨਹੀਂ ਆਉਂਦੀਆਂ। ਇਹ ਸੈਂਟਰ ਗਾਹਕਾਂ ਤੋਂ ਲੋਨ ਦਿਵਾਉਣ ਦੇ ਨਾਮ ਤੇ ਛੋਟੀ-ਛੋਟੀ ਰਾਸ਼ੀ ਵੀ ਵਸੂਲ ਲੈਂਦੇ ਹਨ, ਜਿਨ੍ਹਾਂ ਦੀ ਸ਼ਿਕਾਇਤ ਆਮ ਤੌਰ ਤੇ ਪੁਲੀਸ ਲਈ ਸਿਰਦਰਦ ਸਾਬਤ ਹੋ ਰਹੀ ਹੈ। ਆਏ ਦਿਨ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਫਲਾਂ-ਫਲਾਂ ਕਾਲ ਸੈਂਟਰ ਨੇ ਲੋਨ ਦਿਵਾਉਣ ਦੇ ਨਾਮ ਤੇ ਉਨ੍ਹਾਂ ਦੇ ਨਾਲ ਠੱਗੀ ਕੀਤੀ ਹੈ। ਬਾਅਦ ਵਿੱਚ ਇਸ ਤਰ੍ਹਾਂ ਦੇ ਜਿਆਦਾਤਰ ਸੈਂਟਰ ਬੰਦ ਹੋ ਜਾਂਦੇ ਹਨ ਅਤੇ ਗਾਹਕਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੰਦੇ ਹਨ। ਨੋਏਡਾ ਦੀ ਇੱਕ ਘਟਨਾ ਵਿੱਚ ਇੱਕ ਕੰਪਨੀ ਦੇ ਸੁਪਰਵਾਇਜਰ ਨੇ ਬੈਂਕ ਵਿੱਚ ਆਨਲਾਈਨ ਲੋਨ ਲਈ ਐਪ ਰਾਹੀਂ ਅਰਜੀ ਦਿੱਤੀ ਸੀ ਅਤੇ ਪੰਜ ਲੱਖ ਦਾ ਲੋਨ ਮੰਗਿਆ ਸੀ। ਅਰਜੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਦੇ ਅਧਿਕਾਰੀ ਬਣ ਕੇ ਕੁੱਝ ਲੋਕਾਂ ਨੇ ਫੋਨ ਕੀਤਾ ਅਤੇ ਕਦੇ ਫਾਈਲ ਚਾਰਜ ਦੇ ਨਾਮ ਤੇ ਤਾਂ ਕਦੇ ਕਮਿਸ਼ਨ ਦੇ ਨਾਮ ਤੇ 35 ਹਜਾਰ ਰੁਪਏ ਲੈ ਲਏ। ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਉਸਦਾ ਫੋਨ ਨਹੀਂ ਚੁੱਕਿਆ। ਉਹ ਉਸ ਐਪ ਨੂੰ ਮਹੀਨਿਆਂ ਖੰਗਾਲਦਾ ਰਿਹਾ ਅਤੇ ਬੈਂਕ ਦਾ ਚੱਕਰ ਲਗਾਉਂਦਾ ਰਿਹਾ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਫਰਜੀ ਸੀ। ਅਜਿਹੇ ਵਿੱਚ ਗਾਹਕਾਂ ਦੀ ਹਾਲਤ ਕੀ ਰਹੀ ਹੋਵੇਗੀ, ਇਸਦਾ ਅੰਦਾਜਾ ਕੋਈ ਸਹਿਜ ਹੀ ਲਗਾ ਸਕਦਾ ਹੈ। ਫਰਜੀ ਫੋਟੋ ਲਗਾ ਕੇ 12 ਲੱਖ ਦੀ ਜਾਲਸਾਜੀ ਨੋਏਡਾ ਦੇ ਹੀ ਸੈਕਟਰ 27 ਵਿੱਚ ਰਹਿਣ ਵਾਲੇ ਨਿਕੁੰਜ ਬੰਸਲ ਦੇ ਨਾਲ ਹੋਈ। ਦੋ ਸਾਲ ਪਹਿਲਾਂ ਉਨ੍ਹਾਂ ਨੇ ਬੈਂਕ ਤੋਂ 3 ਲੱਖ ਦਾ ਲੋਨ ਲੈਣ ਲਈ ਆਨਲਾਈਨ ਅਰਜੀ ਦਿੱਤੀ ਸੀ। ਉਨ੍ਹਾਂ ਦੇ ਕੋਲ ਫੋਨ ਆਉਣ ਲੱਗੇ ਕਿ ਸਾਰੇ ਕਾਗਜਾਤ ਵਾਰੀ-ਵਾਰੀ ਉਨ੍ਹਾਂ ਦੇ ਈਮੇਲ ਉੱਤੇ ਫਾਰਵਰਡ ਕਰੋ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਹੀ ਕਾਗਜਾਂ ਤੇ ਕਿਸੇ ਨੇ 12 ਲੱਖ ਰੁਪਏ ਦਾ ਲੋਨ ਮੰਜੂਰ ਕਰਾ ਲਿਆ ਹੈ। ਹੁਣ ਬੈਂਕ ਉਨ੍ਹਾਂ ਉੱਤੇ ਕਿਸ਼ਤ ਅਦਾ ਕਰਨ ਦਾ ਦਬਾਅ ਬਣਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਦੀ ਹਾਲਤ ਕੀ ਹੋ ਸਕਦੀ ਹੈ, ਅਨੁਮਾਨ ਲਗਾਇਆ ਜਾ ਸਕਦਾ ਹੈ। ਦਿੱਲੀ ਪੁਲੀਸ ਦੇ ਅੰਕੜੇ ਦੱਸਦੇ ਹਨ ਕਿ ਦਿੱਲੀ ਵਿੱਚ ਰੋਜਾਨਾ ਕਰੀਬ 63 ਲੋਕਾਂ ਨੂੰ ਸਾਈਬਰ ਅਪਰਾਧ ਰਾਹੀਂ ਚੂਨਾ ਲਗਾਇਆ ਜਾ ਰਿਹਾ ਹੈ। ਵੱਖ-ਵੱਖ ਪ੍ਰਕਾਰ ਦੀ ਧੋਖਾਧੜੀ ਨੇ ਦਿੱਲੀ ਵਾਸੀਆਂ ਦੀ ਨੱਕ ਵਿੱਚ ਦਮ ਕਰ ਰੱਖਿਆ ਹੈ। ਅਜਿਹੇ ਸਾਈਬਰ ਅਪਰਾਧ ਨੂੰ ਰੋਕਣ ਲਈ ਪੁਲੀਸ ਦੀ ਚੇਤੰਨਤਾ ਵਧੀ ਹੈ, ਪਰ ਇਹ ਨਾਕਾਫੀ ਹੈ। ਉਥੇ ਹੀ ਗੂਗਲ ਨੇ ਆਪਣੀ ਫਜੀਹਤ ਕਰਾਉਣ ਤੋਂ ਬਾਅਦ ਪਲੇ ਸਟੋਰ ਤੋਂ ਕਰੀਬ 100 ਅਜਿਹੇ ਐਪਸ ਹਟਾ ਦਿੱਤੇ ਹਨ। ਡਿਜੀਟਲ ਪਲੇਟਫਾਰਮ ਤੇ ਸਾਵਧਾਨੀ ਵਰਤੀ ਜਾਵੇ ਤਾਂ ਅਜਿਹੀ ਧੋਖਾਧੜੀ ਤੋਂ ਹੱਦ ਤੱਕ ਬਚਿਆ ਜਾ ਸਕਦਾ ਹੈ।

ਵਿੱਤੀ ਧੋਖਾਧੜੀ ਵਿੱਚ ਡੈਬਿਟ-ਕ੍ਰੈਡਿਟ ਕਾਰਡ, ਈ-ਵਾਲੇਟ, ਕਾਲਿੰਗ ਅਤੇ ਫਿਸ਼ਿੰਗ ਦੇ ਨਾਲ ਇੰਟਰਨੈਟ ਬੈਂਕਿੰਗ ਨਾਲ ਜੁੜੀਆਂ ਠੱਗੀ ਦੀਆਂ ਵਾਰਦਾਤਾਂ ਇਸ ਦੇ ਸਹਾਰੇ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਹੈਕਿੰਗ ਅਤੇ ਡਾਟਾ ਚੋਰੀ ਦੇ ਮਾਮਲੇ ਵੀ ਵੱਧ ਰਹੇ ਹਨ। ਕੁੱਝ ਘਟਨਾਵਾਂ ਵਿੱਚ ਇੱਕ ਸਰਕਾਰੀ ਕਰਮਚਾਰੀ ਦੇ ਡੈਬਿਟ ਕਾਰਡ ਤੋਂ ਡੇਢ ਲੱਖ ਉਡਾ ਲਏ ਗਏ ਤੇ ਦੂਜੇ ਵਿੱਚ ਓਟੀਪੀ ਪੁੱਛ ਕੇ ਠੱਗਾਂ ਨੇ ਇੱਕ ਨੂੰ 90 ਹਜਾਰ ਦਾ ਚੂਨਾ ਲਗਾ ਦਿੱਤਾ। ਅਸਲ ਵਿੱਚ ਲੋਨ ਐਪਲੀਕੇਸ਼ਨ ਲਈ ਅਰਜੀ ਦੇਣ ਵਾਲੇ ਲੋਕ ਲਗਾਤਾਰ ਠੱਗੇ ਜਾ ਰਹੇ ਹਨ। ਉਨ੍ਹਾਂ ਤੋਂ ਵੱਖ-ਵੱਖ ਚਾਰਜ ਦੇ ਨਾਮ ਤੇ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ ਜਾਂ ਫਿਰ ਉਨ੍ਹਾਂ ਦੇ ਦਸਤਾਵੇਜਾਂ ਵਿੱਚ ਹੇਰਾਫੇਰੀ ਕਰਕੇ ਖਪਤਕਾਰਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਸੋ, ਸਾਨੂੰ ਅਜਿਹੇ ਲੋਨ ਐਪ ਜਾਂ ਸਾਈਬਰ ਚਲਾਕੀ ਤੋਂ ਚੇਤੰਨ ਰਹਿਣ ਦੀ ਲੋੜ ਹੈ।

ਸ਼ੁਸ਼ੀਲ ਦੇਵ

Leave a Reply

Your email address will not be published. Required fields are marked *