ਆਨਲਾਈਨ ਠੱਗੀ ਤੋਂ ਬਚਣ ਲਈ ਲੋਕਾਂ ਦਾ ਚੇਤੰਨ ਹੋਣਾ ਜਰੂਰੀ

ਅੱਜ ਕੱਲ ਆਧੁਨਿਕ ਤਕਨੀਕ ਦਾ ਜਮਾਨਾ ਹੈ ਅਤੇ ਇੰਟਰਨੈਟ ਨੇ ਜਿਵੇਂ ਪੂਰੀ ਦੁਨੀਆ ਨੂੰ ਇੱਕ ਕੰਪਿਊਟਰ ਵਿੱਚ ਹੀ ਸਮੇਟ ਲਿਆ ਹੈ|  ਜਿੱਥੇ ਇਸਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਹਨ ਅਤੇ ਠੱਗਾਂ ਵਲੋਂ ਇਸਦੇ ਸਹਾਰੇ ਆਮ ਲੋਕਾਂ ਨੂੰ ਲੁੱਟਣ ਦੇ ਨਵੇਂ ਨਵੇਂ ਤਰੀਕੇ ਵੀ ਲੱਭ ਲਏ ਗਏ ਹਨ| ਪਿਛਲੇ ਕੁੱਝ ਸਮੇਂ ਦੌਰਾਨ ਇੰਟਰਨੈਟ ਦੀ ਵਰਤੋਂ ਕਰਕੇ ਆਮ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਆਏ ਦਿਨ ਅਜਿਹਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ ਜਿਸਦੇ ਸਹਾਰੇ ਸ਼ਾਤਿਰ ਠੱਗ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਠੱਗ ਲੈਂਦੇ ਹਨ| ਇਹ ਠੱਗ ਇੰਨੇ ਸ਼ਾਤਿਰ ਹਨ ਕਿ ਉਹ ਆਪਣੇ ਸ਼ਿਕਾਰ ਨੂੰ ਇਹ ਅਹਿਸਾਸ ਤਕ ਨਹੀਂ ਹੋਣ ਦਿੰਦੇ ਕਿ ਉਸ ਨੂੰ ਠੱਗਿਆ ਜਾ ਚੁੱਕਿਆ ਹੈ ਬਲਕਿ ਉਹ ਆਪਣੀ ਹੀ ਧੁਨ ਵਿੱਚ ਮਗਨ ਹੋਇਆ ਰਹਿੰਦਾ ਹੈ| ਬਾਅਦ ਵਿੱਚ ਜਦੋਂ ਅਸਲੀਅਤ ਪੂਰੀ ਤਰ੍ਹਾਂ ਉੁਸਦੇ ਸਾਮ੍ਹਣੇ ਆਉਂਦੀ ਹੈ ਉਦੋਂ ਉਸ ਕੋਲ ਪਛਤਾਉਣ ਤੋਂ ਬਿਨਾ ਕੋਈ ਰਾਹ ਨਹੀਂ ਬਚਦਾ|
ਕਿਸੇ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਹ ਠੱਗ ਪਹਿਲਾਂ ਉਸਨੂੰ ਵੱਡਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ| ਇਹ ਠੱਗ ਇੰਟਰਨੈਟ ਜਾਂ ਫੋਨ ਦੇ ਰਾਂਹੀ ਆਪਣੇ ਸ਼ਿਕਾਰ ਨੂੰ ਦੱਸਦੇ ਹਨ ਕਿ ਉਸਦੇ ਨਾਮ ਤੇ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ ਹੈ| ਲਾਟਰੀ ਦੀ ਇਸ ਰਕਮ ਦੀ ਅਦਾਇਗੀ ਦਾ ਲਾਲਚ ਦੇ ਕੇ ਉਹਨਾਂ ਵਲੋਂ ਆਪਣੇ ਸ਼ਿਕਾਰ ਦੀ ਕਿਸ਼ਤਾਂ ਵਿੱਚ ਲੁੱਟ ਸ਼ੁਰੂ ਕਰ ਦਿੱਤੀ ਜਾਂਦੀ ਹੈ| ਲੁੱਟ ਦੀ ਸ਼ੁਰੂਆਤ ਲਾਟਰੀ ਦੀ ਰਕਮ ਦੀ ਅਦਾਇਗੀ ਲਈ ਲੋੜੀਂਦੀ ਕਾਗਜੀ ਕਾਰਵਾਈ ਦੇ ਨਾਮ ਤੇ ਠੱਗਾਂ ਦੇ ਬੈਂਕ ਖਾਤੇ ਵਿੱਚ ਕੁੱਝ ਰਕਮ ਜਮ੍ਹਾਂ ਕਰਵਾਉਣ ਦੀ ਮੰਗ ਨਾਲ ਹੁੰਦੀ ਹੈ ਅਤੇ ਇਹ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਉਹਨਾਂ ਦਾ ਸ਼ਿਕਾਰ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ ਹੈ|
ਅਜਿਹੇ ਠੱਗਾਂ ਵਲੋਂ ਲੋਕਾਂ ਨੂੰ ਝਾਂਸਾ ਦੇ ਕੇ ਉਹਨਾਂ ਨਾਲ ਠੱਗੀ ਮਾਰਨ ਦੀਆਂ ਕਹਾਣੀਆਂ ਕਾਫੀ ਆਮ ਹਨ ਪਰੰਤੂ ਇਸਦੇ ਬਾਵਜੂਦ ਲੋਕ ਇਹਨਾਂ ਦੇ ਚੱਕਰ ਵਿੱਚ ਆ ਹੀ ਜਾਂਦੇ ਹਨ| ਇਹ ਠੱਗ ਇੰਨੇ ਸ਼ਾਤਿਰ ਹਨ ਕਿ ਉਹਨਾਂ ਵਲੋਂ ਹਮੇਸ਼ਾ ਕਿਸੇ ਵੱਡੇ ਸਰਕਾਰੀ ਅਦਾਰੇ ਜਾਂ ਕਿਸੇ ਵੱਡੀ ਕੰਪਨੀ ਦੇ ਨਾਮ ਤੇ ਲਾਟਰੀ ਦੀ ਇਸ ਠੱਗੀ ਨੂੰ ਅੰਜਾਮ ਦਿੱਤਾ ਜਾਂਦਾ ਹੈ| ਇਸ ਸੰਬੰਧੀ ਭਾਰਤੀ ਰਿਜਰਵ ਬੈਂਕ ਵਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਹ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਣ ਪਰੰਤੂ ਠੱਗੀ ਦੀਆਂ ਇਹ ਵਾਰਦਾਤਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ| ਇਸ ਲੁੱਟ ਦਾ ਸ਼ਿਕਾਰ ਹੋਣ ਵਾਲੇ ਲੋਕ ਇਹ ਤਕ ਨਹੀਂ ਸੋਚਦੇ ਕਿ ਜਦੋਂ ਉਹਨਾਂ ਨੇ ਕੋਈ ਲਾਟਰੀ ਖਰੀਦੀ ਹੀ ਨਹੀਂ ਤਾਂ ਉਹਨਾਂ ਦਾ ਇਨਾਮ ਕਿਵੇਂ ਨਿਕਲ  ਸਕਦਾ ਹੈ ਅਤੇ ਲਾਲਚ ਵਿੱਚ ਫਸਣ ਵਾਲੇ ਅਜਿਹੇ ਲੋਕਾਂ ਦੀ ਲੁੱਟ ਦਾ ਇਹ ਸਿਲਸਿਲਾ ਚਲਦਾ ਰਹਿੰਦਾ ਹੈ|
ਇਹਨਾਂ ਸ਼ਾਤਿਰ ਠੱਗਾਂ ਵਲੋਂ ਆਮ ਲੋਕਾਂ ਨੂੰ ਫੋਨ ਤੇ ਗੱਲਾਂ ਵਿੱਚ ਫਸਾ ਕੇ ਉਹਨਾਂ ਦੇ ਕ੍ਰੈਡਿਟ ਕਾਰਡ ਅਤੇ ਬੈਂਕ ਖਾਤੇ ਦੀ ਗੁਪਤ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਇੰਟਰਨੈਟ ਰਾਂਹੀ ਉਹਨਾਂ ਦੇ ਬੈਂਕ ਖਾਤਿਆਂ ਦੀ ਪੂਰੀ ਰਕਮ ਕਿਸੇ ਹੋਰ ਖਾਤੇ ਵਿੱਚ ਤਬਦੀਲ ਕਰਨ ਦੀਆਂ ਵਾਰਦਾਤਾਂ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀਆਂ ਹਨ| ਠੱਗੀ ਦੇ ਇਹ ਤਰੀਕੇ ਸਿਰਫ ਸਾਡੇ ਸੂਬੇ ਜਾਂ ਦੇਸ਼ ਵਿੱਚ ਹੀ ਨਹੀਂ ਵਰਤੇ ਜਾਂਦੇ ਬਲਕਿ ਵਿਦੇਸ਼ਾਂ ਵਿਚ ਵੀ ਇਸ ਤਰਾਂ ਦੀਆਂ ਠੱਗੀਆਂ ਆਮ ਹਨ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਠੱਗੀ ਮਾਰਨ ਵਾਲੇ ਠੱਗ ਹਰ ਸਮਾਜ ਵਿੱਚ ਮੌਜੂਦ ਹਨ ਅਤੇ ਇਹ ਵਰਤਾਰਾ ਪੂਰੇ ਵਿਸ਼ਵ ਵਿੱਚ ਆਮ ਹੈ| ਇਸੇ ਤਰ੍ਹਾਂ ਇੰਟਰਨੈਟ ਤੇ ਵੱਖ ਵੱਖ ਤਰ੍ਹਾਂ ਦਾ ਸਾਮਾਨ ਵੇਚਣ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲੀਆਂ ਅਜਿਹੀਆਂ ਕਈ ਵੈਬਸਾਈਟਾਂ ਵੀ ਮੌਜੂਦ ਹਨ ਜਿਹਨਾਂ ਵਲੋਂ ਲੋਕਾਂ ਨੂੰ ਵਧੀਆ ਕੁਆਲਟੀ ਦਾ ਬ੍ਰਾਂਡਿਡ ਸਾਮਾਨ ਸਸਤੀ ਕੀਮਤ ਤੇ ਦੇਣ ਦਾ ਲਾਲਚ ਦੇ ਕੇ ਉਹਨਾਂ ਨੂੰ ਨਕਲੀ ਅਤੇ ਘਟੀਆ ਸਾਮਾਨ ਵੇਚ ਦਿੱਤਾ ਜਾਂਦਾ ਹੈ ਅਤੇ ਆਮ ਗ੍ਰਾਹਕ ਇਹਨਾਂ ਵੈਬਸਾਈਟਾਂ ਤੇ ਮਿਲਣ ਵਾਲੇ ਸਾਮਾਨ ਦੀ ਸਸਤੀ ਕੀਮਤ ਦੇ ਲਾਲਚ ਵਿੱਚ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ| 
ਲਗਾਤਾਰ ਵੱਧਦੀਆਂ ਆਨਲਾਈਨ ਠੱਗੀ ਦੀਆਂ ਇਹਨਾਂ ਵਾਰਦਾਤਾਂ ਤੋਂ ਬਚਣ ਲਈ ਜਰੂਰੀ ਹੈ ਕਿ ਲੋਕ ਖੁਦ ਵੀ ਜਾਗਰੂਕ ਰਹਿਣ ਅਤੇ ਅਜਿਹੀ ਕਿਸੇ ਵੀ ਘਟਨਾ ਪ੍ਰਤੀ ਚੌਕਸ ਰਹਿੰਦਿਆਂ ਕਿਸੇ ਦੇ ਝਾਂਸੇ ਵਿੱਚ ਨਾ ਆਉਣ| ਇਸਦੇ ਨਾਲ ਨਾਲ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਉਹਨਾਂ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਬਾਰੇ ਪੁਲੀਸ ਨੂੰ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ| ਇਸ ਤਰਾਂ ਦੀਆਂ ਠੱਗੀ ਦੀਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਲੋਕ ਪੂਰੀ ਤਰ੍ਹਾਂ ਚੇਤੰਨ ਰਹਿਣ ਤਾਂ ਜੋ ਕੋਈ ਉਹਨਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਨਾ ਲੁੱਟ ਸਕੇ|

Leave a Reply

Your email address will not be published. Required fields are marked *