ਆਨੰਦਪੁਰ ਸਾਹਿਬ ਹਲਕੇ ਦੇ ਸਥਾਨਕ ਮੁੱਦਿਆਂ ਤੇ ਆਧਾਰਿਤ ਹੋਵੇਗੀ ਅਗਲੀ ਵਾਰ ਦੀ ਲੋਕਸਭਾ ਚੋਣ : ਨਰਿੰਦਰ ਸ਼ੇਰਗਿਲ

ਆਨੰਦਪੁਰ ਸਾਹਿਬ ਹਲਕੇ ਦੇ ਸਥਾਨਕ ਮੁੱਦਿਆਂ ਤੇ ਆਧਾਰਿਤ ਹੋਵੇਗੀ ਅਗਲੀ ਵਾਰ ਦੀ ਲੋਕਸਭਾ ਚੋਣ : ਨਰਿੰਦਰ ਸ਼ੇਰਗਿਲ
ਹਲਕਾ ਆਨੰਦਪੁਰ ਸਾਹਿਬ ਦੇ ਅਹੁਦੇਦਾਰਾਂ ਵਲੋਂ ਸ਼ੇਰਗਿੱਲ ਨੂੰ ਪੂਰਨ ਸਮਰਥਨ ਦਾ ਐਲਾਨ
ਚੰਡੀਗੜ੍ਹ, 31 ਅਕਤੂਬਰ (ਸ.ਬ.) ਲੋਕਸਭਾ ਹਲਕਾ ਆਨੰਦਪੁਰ ਵਿੱਚ ਆਮ ਆਦਮੀ ਪਾਰਟੀ ਹਲਕੇ ਦੇ ਸਥਾਨਕ ਮੁੱਦਿਆਂ ਤੇ ਚੋਣ ਲੜੇਗੀ ਅਤੇ ਆਨੰਦਪੁਰ ਸਾਹਿਬ ਹਲਕੇ ਵਿੱਚ ਪੈਂਦੇ ਸਾਰੇ ਵਿਧਾਨਸਭਾ ਹਲਕਿਆਂ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਵੱਖ ਵੱਖ ਮੁੱਦਿਆਂ ਤੇ ਵਿਚਾਰ ਕਰਕੇਹਲਕੇ ਲਈ ਵੱਖਰਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ| ਇਹ ਗੱਲ ਆਮ ਆਦਮੀ ਪਾਰਟੀ ਵਲੋਂ ਲੋਕਸਭਾ ਚੋਣਾਂ ਲਈ ਹਲਕਾ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹ ਹਲਕਾ ਆਨੰਦਪੁਰ ਸਾਹਿਬ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਤੋਂ ਆਏ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਕੀਤੇ ਗਏ ਸਵਾਗਤ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ|
ਉਹਨਾਂ ਕਿਹਾ ਕਿ ਉਹ ਖੁਦ ਇਸ ਹਲਕੇ ਦੇ ਜੰਮਪਲ ਹਨ ਅਤੇ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਉਹਨਾਂ ਵਲੋਂ ਮੁਹਾਲੀ ਹਲਕੇ ਤੋਂ ਲੜੀ ਚੋਣ ਦੌਰਾਨ ਉਹਨਾਂ ਨੂੰ ਹਲਕੇ ਦੇ ਵੋਟਰਾਂ ਨੇ ਭਰਪੂਰ ਪਿਆਰ ਦਿੱਤਾ ਸੀ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਜਨਤਾ ਨੂੰ ਤੀਜਾ ਬਦਲ ਦੇਣ ਦੇ ਸਮਰਥ ਹੈ ਅਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੱਛਾਸ਼ਕਤੀ ਹੋਵੇ ਤਾਂ ਘੱਟ ਵਸੀਲਿਆਂ ਵਿੱਚ ਵੀ ਆਮ ਲੋਕਾਂ ਨੂੰ ਵਧੀਆ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਦਿੱਤਾ ਜਾ ਸਕਦਾ ਹੈ| ਕਾਂਗਰਸ ਅਤੇ ਅਕਾਲੀ ਦਲ ਨੂੰ ਇੱਕੋ ਸਿੱਕੇ ਦੇ ਦੋ ਰੂਪ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਇਹਨਾਂ ਦੋਵਾਂ ਨੂੰ ਵਰਤ ਚੁੱਕੀ ਹੈ ਅਤੇ ਲੋਕਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ|
ਆਮ ਆਦਮੀ ਪਾਰਟੀ ਦੇ ਮਾਲਵਾ-3 ਜੋਨ ਦੇ ਇੰਚਾਰਜ ਸ੍ਰ. ਦਲਵੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਅਹੁਦੇਦਾਰਾਂ ਦੀ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਆਨੰਦਪੁਰ ਸਾਹਿਬ ਲਈ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਉਮੀਦਵਾਰੀ ਦਾ ਸਵਾਗਤ ਕਰਦਿਆਂ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ੍ਰ. ਨਰਿੰਦਰ ਸਿੰਘ ਸ਼ੇਰਗਿੱਲ ਦੀ ਆਉਣ ਵਾਲੀਆਂ ਚੋਣਾਂ ਵਿੱਚ ਭਰਵੀਂ ਹਿਮਾਇਤ ਦੇਣ ਦਾ ਐਲਾਨ ਕੀਤਾ ਗਿਆ|
ਇਸ ਮੌਕੇ ਅਹੁਦੇਦਾਰਾਂ ਨੇ ਕਿਹਾ ਕਿ ਸ੍ਰ. ਸ਼ੇਰਗਿੱਲ ਇੱਕ ਬਹੁਤ ਯੋਗ, ਮਿਹਨਤੀ, ਪੜੇ ਲਿਖੇ ਉਮੀਦਵਾਰ ਹਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਹੋਏ ਹਨ| ਵਿਧਾਨਸਭਾ ਹਲਕਾ ਰੋਪੜ ਦੇ ਵਿਧਾਇਕ ਸ੍ਰ. ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪਾਰਟੀ ਦਾ ਇਸ ਹਲਕੇ ਵਿੱਚ ਮਜਬੂਤ ਆਧਾਰ ਹੈ ਅਤੇ ਸ੍ਰ. ਨਰਿੰਦਰ ਸ਼ੇਰਗਿੱਲ ਨੂੰ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਣ ਲਈ ਪਾਰਟੀ ਵਲੋਂ ਪੂਰਾ ਜ਼ੋਰ ਲਗਾਇਆ ਜਾਵੇਗਾ| ਪਾਰਟੀ ਦੇ ਮਾਲਵਾ ਜੋਨ -3 ਦੇ ਇੰਚਾਰਜ ਸ੍ਰ. ਦਲਵੀਰ ਢਿੱਲੋਂ ਨੇ ਕਿਹਾ ਕਿ ਇਹ ਚੋਣ ਸਥਾਨਕ ਮੁੱਂਦਿਆਂ ਅਤੇ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਲੜੀ ਜਾਵੇਗੀ| ਉਨ੍ਹਾਂ ਕਿਹਾ ਕਿ ਭਾਵੇਂ ਅੰਬਿਕਾ ਸੋਨੀ ਹੋਣ ਜਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਹਨਾਂ ਨੇ ਕਦੇ ਵੀ ਹਲਕੇ ਦੇ ਵਿਕਾਸ ਦੀ ਗੱਲ ਨਹੀਂ ਕੀਤੀ| ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਹਲਕੇ ਦੇ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਜਦੋਂਕਿ ਆਮ ਤੌਰ ਤੇ ਸਾਡੇ ਹਲਕੇ ਨੂੰ ਬਾਹਰੀ ਉਮੀਦਵਾਰ ਹੀ ਮਿਲਦੇ ਰਹੇ ਹਨ|
ਇਸ ਮੌਕੇ ਮੈਡਮ ਰਾਜ ਗਿੱਲ, ਹਰੀਸ਼ ਕੌਸ਼ਲ ਜ਼ਿਲ੍ਹਾ ਪ੍ਰਧਾਨ ਮੁਹਾਲੀ, ਹਰਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ, ਦਿਲਾਵਰ ਸਿੰਘ ਅਤੇ ਗੋਬਿੰਦਰ ਮਿੱਤਲ ਮੀਤ ਪ੍ਰਧਾਨ, ਇਕਬਾਲ ਸਿੰਘ ਸਪੋਕਸਪਰਸਨ, ਚੰਦਰ ਸ਼ੇਖਰ ਬਾਵਾ ਐਡਵੋਕੇਟ, ਨੀਰਜ ਸ਼ਰਮਾ ਐਡਵੋਕੇਟ, ਸਤੀਸ਼ ਚੋਪੜਾ, ਬੀ.ਐਸ ਚਾਹਲ, ਹਰਜੀਤ ਬੰਟੇ,ਗੁਰਮੁਖ ਸਿੰਘ, ਪ੍ਰਿਤਪਾਲ ਸਿੰਘ,ਪ੍ਰਭਜੋਤ ਕੌਰ, ਅਨੂੰ ਬੱਬਰ, ਕਸ਼ਮੀਰ ਕੌਰ, ਜੋਗਿੰਦਰ ਕੌਰ ਸਹੋਤਾ ਅਤੇ ਸਵਰਨ ਲਤਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *