ਆਨੰਦਪੁਰ ਸਾਹਿਬ ਹਲਕੇ ਵਿੱਚ ਮੁੱਖ ਮੁਕਾਬਲਾ ਮਨੀਸ਼ ਤਿਵਾੜੀ ਅਤੇ ਪ੍ਰੋ. ਚੰਦੂਮਾਜਰਾ ਵਿਚਕਾਰ

ਆਨੰਦਪੁਰ ਸਾਹਿਬ ਹਲਕੇ ਵਿੱਚ ਮੁੱਖ ਮੁਕਾਬਲਾ ਮਨੀਸ਼ ਤਿਵਾੜੀ ਅਤੇ ਪ੍ਰੋ. ਚੰਦੂਮਾਜਰਾ ਵਿਚਕਾਰ
ਬੀਰ ਦਵਿੰਦਰ ਸਿੰਘ ਵੀ ਦੇ ਰਹੇ ਹਨ ਤਕੜੀ ਟੱਕਰ
ਐਸ ਏ ਐਸ ਨਗਰ, 15 ਮਈ (ਸ.ਬ.) ਆਨੰਦਪੁਰ ਸਾਹਿਬ ਹਲਕੇ ਵਿੱਚ ਭਾਵੇਂ 26 ਉਮੀਦਵਾਰ ਮੈਦਾਨ ਵਿੱਚ ਹਨ ਪਰੰਤੂ ਇੱਥੇ ਮੁੱਖ ਮੁਕਾਬਲਾ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾਰੀ ਅਤੇ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਹੀ ਹੈ| ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਅਤੇ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਵੀ ਦੋਵਾਂ ਆਗੂਆਂ ਨੂੰ ਬਣਦੀ ਟੱਕਰ ਦੇ ਰਹੇ ਹਨ ਪਰੰਤੂ ਉਹ ਮੁੱਖ ਮੁਕਾਬਲੇ ਤੋਂ ਥੋੜ੍ਹਾ ਪਿਛੜ ਗਏ ਨਜਰ ਆਉਂਦੇ ਹਨ| ਇਹਨਾਂ ਤਿੰਨਾਂ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਅਤੇ ਸਾਂਝੇ ਜਮਹੂਰੀ ਫਰੰਟ ਵਲੋਂ ਚੋਣ ਲੜ ਰਹੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਦੀ ਚੋਣ ਮਹਿੰਮ ਕਾਫੀ ਪਿਛੜ ਗਈ ਹੈ ਅਤੇ ਇਹਨਾਂ ਦੋਵਾਂ ਵਲੋਂ ਆਪਣਾ ਪੂਰਾ ਜੋਰ ਲਗਾਉਣ ਦੇ ਬਾਵਜੂਦ ਉਹਨਾਂ ਦੀ ਚੋਣ ਮੁਹਿੰਮ ਪੂਰਾ ਜੋਰ ਨਹੀਂ ਫੜ ਪਾਈ ਹੈ|
ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਇਸ ਵੇਲੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਹੋਰਨਾਂ ਉਮੀਦਵਾਰਾਂ ਤੋਂ ਕਿਤੇ ਅੱਗੇ ਦਿਖਦੇ ਹਨ| ਕਾਂਗਰਸੀ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਦੀ ਕਮਾਂਡ ਜਿੱਥੇ ਹਲਕੇ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਦੇ ਪ੍ਰਮੁਖ ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਹੈ ਉੱਥੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਖੁਦ ਆਪਣੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਜਾ ਰਹੀ ਹੈ ਅਤੇ ਉਹਨਾਂ ਦਾ ਪੂਰਾ ਪਰਿਵਾਰ ਵੀ ਇਸ ਕੰਮ ਵਿੱਚ ਉਹਨਾਂ ਦੇ ਨਾਲ ਲੱਗਿਆ ਹੋਇਆ ਹੈ| ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਿੱਥੇ ਪ੍ਰ. ਚੰਦੂਮਾਜਰਾ ਦੇ ਪਰਿਵਾਰਕ ਮੈਂਬਰ ਅਕਾਲੀ ਭਾਜਪਾ ਆਗੂਆਂ ਦੇ ਨਾਲ ਘਰੋਂ ਘਰੀ ਪ੍ਰਚਾਰ ਕਰਦੇ ਦਿਖਦੇ ਹਨ ਉੱਥੇ ਪ੍ਰੋ. ਚੰਦੂਮਾਜਰਾ ਵਲੋਂ ਹਲਕੇ ਵਿੱਚ ਹੋ ਰਹੀਆਂ ਵੱਡੀਆਂ ਚੋਣ ਮੀਟਿੰਗਾਂ ਵਿੱਚ ਖੁਦ ਸ਼ਮੂਲੀਅਤ ਕੀਤੀ ਜਾ ਰਹੀ ਹੈ| ਇਹਨਾਂ ਦੋਵਾਂ ਤੋਂ ਇਲਾਵਾ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਹਨਾਂ ਵਲੋਂ ਵੀ ਆਪਣਾਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਅਤੇ ਟਕਸਾਲੀ ਵਰਕਰ ਉਹਨਾਂ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ|
ਆਨੰਦਪੁਰ ਸਾਹਿਬ ਵਿੱਚ ਸਿੱਖ ਵੋਟਾਂ ਦੀ ਗਿਣਤੀ ਜਿਆਦਾ ਹੋਣ ਅਤੇ ਬਰਗਾੜੀ ਕਾਂਡ ਸੰਬੰਧੀ ਅਕਾਲੀ ਦਲ ਦੇ ਮੁਖੀ ਤੇ ਲੱਗੇ ਇਲਜਾਮਾਂ ਕਾਰਨ ਅਕਾਲੀ ਦਲ ਟਕਸਾਲੀ ਨੂੰ ਇਹ ਲੱਗਦਾ ਹੈ ਕਿ ਪੰਥਕ ਵੋਟਾਂ ਉਹਨਾਂ ਦੇ ਹਿੱਸੇ ਆਉਣਗੀਆਂ| ਦੂਜੇ ਪਾਸੇ ਇਸ ਹਲਕੇ ਵਿੱਚ ਹਿੰਦੂ ਵੋਟਾਂ ਦੀ ਗਿਣਤੀ ਵੀ ਕਾਫੀ ਹੈ ਅਤੇ ਹਿੰਦੂ ਵੋਟਾਂ ਹਾਸਿਲ ਕਰਨ ਲਈ ਪ੍ਰੋ. ਚੰਦੂਮਾਜਰਾ ਅਤੇ ਸ੍ਰੀ ਤਿਵਾੜੀ ਵੀ ਪੱਬਾਂ ਭਾਰ ਦਿਖਦੇ ਹਨ| ਪ੍ਰੋ. ਚੰਦੂਮਾਜਰਾ ਦੀ ਪ੍ਰਭਾਵਸ਼ਾਲੀ ਸ਼ਖਸ਼ੀਅਤ ਅਤੇ ਉਹਨਾਂ ਦਾ ਹਲਕੇ ਦੇ ਵੋਟਰਾਂ ਨਾਲ ਨਿੱਜੀ ਸੰਪਰਕ ਅਤੇ ਰਸੂਖ ਹੋਣ ਦੇ ਬਾਵਜੂਦ ਉਹਨਾਂ ਨੂੰ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਦੇ ਵਿਰੋਧ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਸਖਤ ਫੈਸਲਿਆਂ ਦਾ ਨੁਕਸਾਨ ਵੀ ਸਹਿਣਾ ਪੈ ਸਕਦਾ ਹੈ|
ਕਾਂਗਰਸੀ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਨੂੰ ਹਲਕੇ ਦਾ ਵਸਨੀਕ ਨਾ ਹੋਣ ਅਤੇ ਹਲਕੇ ਵਾਸਤੇ ਬਿਲਕੁਲ ਨਵਾਂ ਚਿਹਰਾ ਹੋਣ ਦਾ ਵੀ ਨੁਕਸਾਨ ਹੋ ਰਿਹਾ ਹੈ| ਹਾਲਾਂਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਇਸਦੀ ਭਰਪਾਈ ਵੀ ਹੋ ਰਹੀ ਹੈ| ਸ੍ਰ. ਮਨੀਸ਼ ਤਿਵਾਰੀ ਵਲੋਂ ਵੱਖ ਵੱਖ ਗਰੁੱਪਾਂ ਵਿੱਚ ਵੰਡੇ ਕਾਂਗਰਸੀਆਂ ਨੂੰ ਆਪਣੇ ਹੱਕ ਵਿੱਚ ਤੋਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਕਈ ਨਾਰਾਜ ਚਲ ਰਹੇ ਕਾਂਗਰਸੀ ਆਗੂ ਵੀ ਉਹਨਾਂ ਦੀ ਚੋਣ ਮੁਹਿੰਮ ਨਾਲ ਜੁੜ ਗਏ ਹਨ ਜਿਸਦਾ ਉਹਨਾਂ ਨੂੰ ਸਿੱਧਾ ਫਾਇਦਾ ਵੀ ਹੋ ਰਿਹਾ ਹੈ|
ਸਿਆਸੀ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰ ਦਵਿੰਦਰ ਸਿੰਘ ਭਾਵੇਂ ਖੁਦ ਜਿੱਤ ਹਾਸਿਲ ਕਰਨ ਦੀ ਸਥਿਤੀ ਵਿੱਚ ਨਹੀਂ ਦਿਖ ਰਹੇ ਪਰੰਤੂ ਉਹਨਾਂ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਨਾਲ ਦੋਵਾਂ ਪ੍ਰਮੁਖ ਉਮੀਦਵਾਰਾਂ ਦੀ ਜਿੱਤ ਹਾਰ ਦਾ ਹਿਸਾਬ ਕਿਤਾਬ ਗੜਬੜ ਹੋ ਸਕਦਾ ਹੈ| ਹਲਕੇ ਵਿੱਚ ਮੁੱਖ ਟੱਕਰ ਪ੍ਰੋ. ਚੰਦੂਮਾਜਰਾ ਅਤੇ ਮਨੀਸ਼ ਤਿਵਾੜੀ ਵਿਚਾਲੇ ਹੀ ਹੈ ਅਤੇ ਇਹ ਤਾਂ ਹੁਣ ਵੋਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵੋਟਰ ਇਹਨਾਂ ਵਿੱਚੋਂ ਕਿਸਦੇ ਸਿਰ ਤੇ ਜਿੱਤ ਦਾ ਤਾਜ ਸਜਾਉਂਦੇ ਹਨ|

Leave a Reply

Your email address will not be published. Required fields are marked *