ਆਨੰਦ ਮੈਰਿਜ ਐਕਟ ਲਾਗੂ ਕਰੇ ਕੇਂਦਰ ਸਰਕਾਰ : ਚੰਦੂਮਾਜਰਾ

ਐਸ.ਏ.ਐਸ. ਨਗਰ, 30 ਦਸੰਬਰ (ਸ.ਬ.) ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਵਿੱਚ ਆਨੰਦ ਮੈਰਿਜ ਐਕਟ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਆਨੰਦ ਮੈਰਿਜ ਐਕਟ ਨੂੰ ਲਾਗੂ ਕੀਤਾ ਜਾਵੇ| ਉਹਨਾਂ ਪਾਰਲੀਮੈਂਟ ਵਿੱਚ ਤਿੰਨ ਤਲਾਕ ਬਿਲ ਤੇ ਹੋਈ ਬਹਿਸ ਦੌਰਾਨ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਦੀ ਬੀ ਕਲਾਸ ਦੀ ਸੋਧ ਲਈ ਅਕਾਲੀ ਦਲ ਵਲੋਂ ਲੰਬਾ ਸੰਘਰਸ਼ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਜੇਕਰ ਸਰਕਾਰ ਨੂੰ ਮੁਸਲਿਮ ਔਰਤਾਂ ਦੀ ਆਜਾਦੀ ਦਾ ਫਿਕਰ ਹੈ ਤਾਂ ਉਸਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ| ਉਹਨਾਂ ਕਿਹਾ ਕਿ ਸਿੱਖਾਂ ਦੀਆਂ ਰਹੁ ਰੀਤਾਂ ਅਤੇ ਰਿਵਾਜ ਵੱਖਰੇ ਹਨ ਅਤੇ ਆਨੰਦ ਮੈਰਿਜ ਐਕਟ ਵੀ ਵੱਖਰਾ ਹੈ| ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਕਾਨੂੰਨ ਦੇ ਡੰਡੇ ਨਾਲ ਨਾ ਬੰਨ੍ਹਿਆ ਜਾਵੇ| ਉਹਨਾਂ ਕਿਹਾ ਕਿ ਆਨੰਦ ਮੈਰਿਜ ਐਕਟ ਵਿੱਚ ਤਾਂ ਤਲਾਕ ਦੀ ਕੋਈ ਥਾਂ ਹੀ ਨਹੀਂ ਹੈ ਅਤੇ ਕਿਹਾ ਕਿ ਤੁਸੀਂ ਕਾਨੂੰਨ ਬਣਾਉਂਦੇ ਹੋ ਅਤੇ ਸਜਾਵਾਂ ਦਿੰਦੇ ਹੋ ਪਰੰਤੂ ਜੇਕਰ ਆਨੰਦ ਮੈਰਿਜ ਐਕਟ ਦੇ ਤਹਿਤ ਸ਼ਾਦੀਆਂ ਹੋਣ ਤਾਂ ਤਲਾਕ ਹੀ ਨਾ ਹੋਣ| ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਸਿੱਖ ਧਰਮ ਆਪਣੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਤੁਰਦਾ ਹੈ ਜਿਹਨਾ ਨੇ ਕਿਹਾ ਸੀ ਕਿ ਸੋ ਕਿT ਮੰਦਾ ਆਖੀਏ ਜਿਤ ਜੰਮੇ ਰਾਜਾਨ| ਉਹਨਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਤਾਂ ਪਾਰਲੀਮੈਂਟ ਵਿੱਚ ਕੋਈ ਬਿਲ ਲਿਆਏ ਸੀ ਨਾ ਕੋਈ ਕਾਨੂੰਨ ਘੜਿਆ ਸੀ| ਉਹਨਾਂ ਨੇ ਆਪਣੇ ਸੰਵਾਦ ਵਿੱਚ ਤਰਕ ਰਾਂਹੀ ਇਨਕਲਾਬੀ ਤਬਦੀਲੀ ਲਿਆਂਦੀ|

Leave a Reply

Your email address will not be published. Required fields are marked *