ਆਪਣਾ ਹਾਲ ਖੁਦ ਦੱਸਦੀਆਂ ਹਨ ਆਧੁਨਿਕ ਸ਼ਹਿਰ ਦੀਆਂ ਸੜਕਾਂ

ਐਸ ਏ ਐਸ ਨਗਰ, 15 ਅਕਤੂਬਰ (ਜਸਵਿੰਦਰ ਸਿੰਘ)  ਸਥਾਨਕ ਫੇਜ 1 ਦੇ ਥਾਣੇ ਤੋਂ  ਪੀ ਟੀ ਐਲ ਚੌਂਕ ਵੱਲ ਜਾਂਦੀ ਮੁੱਖ ਸੜਕ ਤੇ ਪੀ ਟੀ ਐਲ ਫੈਕਟਰੀ ਦੇ ਮੋੜ ਦੇ ਨੇੜੇ ਵਾਲਾ ਹਿੱਸਾ ਬਹੁਤ ਜਿਆਦਾ ਬੁਰੀ ਹਾਲਤ ਵਿੱਚ ਹੈ| ਇਸ ਸੜਕ ਵਿਚ ਕਾਫੀ ਵੱਡੇ ਆਕਾਰ ਦੇ ਖੱਡੇ ਪਏ ਹੋਏ ਹਨ ਜਿਹਨਾਂ ਵਿੱਚ ਗੰਦਾ ਪਾਣੀ ਖੜ੍ਹਾ ਹੈ ਅਤੇ ਇਸ ਤੋਂ ਇਲਾਵਾ ਹਰ ਪਾਸੇ  ਸੜਕ ਤੋਂ ਉਖੜੀ ਬਜਰੀ ਵੀ ਵੱਡੀ ਸਮੱਸਿਆ ਬਣੀ ਹੋਈ ਹੈ| ਇੱਥੋਂ ਲੰਘਦੇ ਵਾਹਨ ਚਾਲਕ ਸੜਕ ਦੇ ਇਸ ਹਿੱਸੇ ਵਿੱਚ ਪਹੁੰਚ ਕੇ ਇਸਦੀ ਮਾੜੀ ਹਾਲਤ ਕਾਰਨ ਹੋਣ ਵਾਲੀ ਪਰੇਸ਼ਾਨੀ ਲਈ ਪ੍ਰਸ਼ਾਸ਼ਨ ਨੂੰ ਕੋਸਦੇ ਹਨ|  
ਇਹ ਸੜਕ ਥਾਂ ਥਾਂ ਤੋਂ ਟੁਟੀ ਪਈ ਹੈ ਅਤੇ ਅਜਿਹਾ ਲੱਗਦਾ ਹੈ ਜਿਵੇਂ ਪਿਛਲੇ ਲੰਬੇਂ ਸਮੇਂ ਤੋਂ ਇਸਦੀ ਰਿਪੇਅਰ ਨਹੀਂ ਕੀਤੀ ਗਈ ਹੈ| ਇਸ ਸੜਕ ਉਪਰ ਸਾਰਾ ਦਿਨ ਆਵਾਜਾਈ ਰਹਿੰਦੀ ਹੈ ਅਤੇ ਰਾਤ ਵੇਲੇ (ਜਦੋਂ ਇਹ ਖੱਡੇ ਨਜਰ ਨਹੀਂ ਆਉਂਦੇ) ਇਸ ਸੜਕ ਤੋਂ ਲੰਘਣਾ ਹੋਰ ਵੀ ਔਖਾ ਹੋ ਜਾਂਦਾ ਹੈ| ਰਾਤ ਦੇ ਹਨੇਰੇ ਵਿਚ ਸੜਕ ਵਿੱਚ ਖੱਡੇ ਦਿਖਾਈ ਨਾ ਦੇਣ ਕਾਰਨ ਅਕਸਰ ਹਾਦਸੇ ਵੀ ਵਾਪਰ ਜਾਂਦੇ ਹਨ| 
ਸਮਾਜਸੇਵੀ ਆਗੂ ਜੋਗਿੰਦਰ ਸਿੰਘ ਜੋਗੀ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ  ਸੜਕ ਦੀ ਇਹ ਹਾਲਤ ਹੋ ਗਈ ਹੈ| ਉਹਨਾਂ ਕਿਹਾ ਕਿ ਸੜਕ ਵਿਚ ਪਏ ਖਡਿਆਂ ਕਾਰਨ ਦੋ ਪਹੀਆ ਵਾਹਨ ਚਾਲਕ  ਸਭਤੋਂ ਵੱਧ ਪਰੇਸ਼ਾਨ ਹੁੰਦੇ ਹਨ ਜਿਹੜੇ ਵਾਹਨ ਦਾ ਟਾਇਰ ਖੱਡੇ ਵਿੱਚ ਪੈਣ ਕਾਰਨ ਆਪਣਾ ਸੰਤੁਲਨ ਗਵਾ ਬੈਠਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ| ਉਹਨਾਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਵਿੱਚ ਸੁਧਾਰ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *