ਆਪਣੀਆਂ ਦੋ ਸਰਕਾਰੀ ਯੂਨੀਵਰਸਿਟੀਆਂ ਵੀ ਚਲਾ ਨਹੀਂ ਸਕਦੀ ਪੰਜਾਬ ਸਰਕਾਰ : ਭਗਵੰਤ ਮਾਨ

ਚੰਡੀਗੜ੍ਹ, 11 ਅਗਸਤ (ਸ.ਬ.) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੰਭੀਰ ਵਿੱਤੀ ਸੰਕਟ ਦਾ ਸ਼ਿਕਾਰ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਮੌਜੂਦਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਸਰਕਾਰ ਆਪਣੀਆਂ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ) ਵੀ ਚਲਾਉਣ ਜੋਗੀ ਨਹੀਂ ਰਹੀ|
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕ, ਪ੍ਰੋਫੈਸਰ ਅਤੇ ਹੋਰ ਸਮੂਹ ਸਟਾਫ਼ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹੋ ਜਾਣ ਤਾਂ ਸੱਤਾਧਾਰੀਆਂ ਨੂੰ ਰਾਜ-ਦਰਬਾਰ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ| ਉਹਨਾਂ ਕਿਹਾ ਕਿ ਇਜਰਾਇਲ ਦੀ ਹੈਬਰੂ ਯੂਨੀਵਰਸਿਟੀ (1918) ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਮਾਤ-ਭਾਸ਼ਾ ਤੇ ਆਧਾਰਿਤ ਦੁਨੀਆ ਦੀ ਦੂਸਰੀ ਯੂਨੀਵਰਸਿਟੀ ਸੀ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸ਼ਤਾਬਦੀ ਵਰ੍ਹੇ ਮੌਕੇ 1969 ਵਿੱਚ ਜੀਐਨਡੀਯੂ, ਸ੍ਰੀ ਅੰਮ੍ਰਿਤਸਰ ਸਥਾਪਿਤ ਕੀਤੀ ਗਈ ਸੀ, ਪਰੰਤੂ ਸੂਬਾ ਸਰਕਾਰਾਂ ਦੀ ਸਰਕਾਰੀ ਸਿੱਖਿਆ ਵਿਰੋਧੀ ਨੀਅਤ ਅਤੇ ਨੀਤੀਆਂ ਕਾਰਨ ਵਿੱਦਿਆ ਦੇ ਇਨ੍ਹਾਂ ਦੋਵੇਂ (ਪੰਜਾਬੀ ਯੂਨੀਵਰਸਿਟੀ ਅਤੇ ਜੀਐਨਡੀਯੂ) ਅਣਮੁੱਲੇ ਚਾਨਣ ਮੁਨਾਰਿਆਂ ਨੂੰ ਉਸੇ ਤਰਾਂ ਮਿਟਾਉਣ ਦੀ ਸਾਜ਼ਿਸ਼ ਹੋ ਰਹੀ ਹੈ, ਜਿਵੇਂ ਨਿੱਜੀ ਥਰਮਲ ਪਲਾਂਟਾਂ ਦੇ ਹਿਤਾਂ ਲਈ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ|
ਉਹਨਾਂ ਦੱਸਿਆ ਕਿ ਸਰਕਾਰੀ            ਬੇਰੁਖ਼ੀ ਅਤੇ ਬੇਲੋੜੀ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ 150 ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੈ| ਪਿਛਲੇ 3-4 ਸਾਲਾਂ ਤੋਂ ਅਧਿਆਪਕਾਂ, ਪ੍ਰੋਫੈਸਰਾਂ ਅਤੇ ਦੂਸਰੇ ਹੋਰ ਸਟਾਫ਼ ਨੂੰ ਤਨਖ਼ਾਹਾਂ, ਪੈਨਸ਼ਨਾਂ ਅਤੇ ਹੋਰ ਲਾਭ-ਭੱਤੇ ਸਮੇਂ ਸਿਰ ਨਹੀਂ ਮਿਲ ਰਹੇ| ਇੱਥੋਂ ਤੱਕ ਕਿ ਸਾਲ 2013-14 ਵਿੱਚ ਸਰਕਾਰ ਵੱਲੋਂ ਐਲਾਨਿਆ 17 ਕਰੋੜ ਰੁਪਏ ਦਾ ਮਹਿੰਗਾਈ ਭੱਤਾ ਅੱਜ ਤੱਕ ਨਹੀਂ ਮਿਲਿਆ| ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸਾਲਾਨਾ 108 ਕਰੋੜ ਗਰਾਂਟ ਨਾਕਾਫ਼ੀ ਹੋਣ ਦੇ ਨਾਲ-ਨਾਲ ਪੂਰੀ ਨਹੀਂ ਮਿਲਦੀ|
ਭਗਵੰਤ ਮਾਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਲੋੜੀਂਦੀ ਫੈਕਲਟੀ ਭਰਤੀ ਨਾ ਕੀਤੇ ਜਾਣ ਕਾਰਨ ਕਾਫ਼ੀ ਵਿਭਾਗ ਇੱਕ-ਇੱਕ, ਦੋ-ਦੋ ਪ੍ਰੋਫੈਸਰਾਂ ਨਾਲ ਹੀ ਚੱਲ ਰਹੇ ਹਨ| ਮਾਨ ਨੇ ਕਿਹਾ ਕਿ ਜੇ ਯੂਨੀਵਰਸਿਟੀ ਹੀ ਗੈਸਟ ਫੈਕਲਟੀ ਦੇ ਸਹਾਰੇ ਚੱਲ ਰਹੀ ਹੋਵੇ ਤਾਂ ਇਸ ਅਧੀਨ ਆਉਂਦੇ 300 ਕਾਲਜਾਂ ਦਾ ਕਿੰਨਾ ਬੁਰਾ ਹਾਲ ਹੋਵੇਗਾ, ਇਸ ਦਾ ਅੰਦਾਜ਼ਾ, ਸਹਿਜੇ ਹੀ ਲਗਾਇਆ ਜਾ ਸਕਦਾ ਹੈ|
ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਯੂਨੀਵਰਸਿਟੀ ਦੀ ਮੰਗ ਅਨੁਸਾਰ ਲਗਭਗ 350 ਕਰੋੜ ਰੁਪਏ ਜਾਰੀ ਕਰਨ ਅਤੇ ਮਾਲਵਾ ਦਾ ਨਗੀਨਾ ਮੰਨੀ ਜਾਂਦੀ ਪੰਜਾਬੀ ਯੂਨੀਵਰਸਿਟੀ ਜੋ ਕਿ ਉਨ੍ਹਾਂ ਦੇ ਆਪਣੇ ਜੱਦੀ ਸ਼ਹਿਰ ਵਿੱਚ ਸਥਿਤ ਹੈ, ਨੂੰ ਪੱਕੇ ਤੌਰ ਤੇ ਵਿੱਤੀ ਸੰਕਟ ਵਿੱਚੋਂ ਕੱਢਣ|

Leave a Reply

Your email address will not be published. Required fields are marked *