ਆਪਣੀਆਂ ਯੋਜਨਾਵਾਂ ਦੇ ਸੋਹਲੇ ਗਾਉਣ ਤੋਂ ਪਹਿਲਾਂ ਜਮੀਨੀ ਹਕੀਕਤ ਵੱਲ ਧਿਆਨ ਦੇਵੇ ਕੇਂਦਰ ਸਰਕਾਰ

ਕੇਂਦਰ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੀਆਂ ਤਮਾਮ ਯੋਜਨਾਵਾਂ ਦੇ ਹੁਣ ਤੱਕ ਦੇ ਸਫਰ ਦਾ ਖਾਕਾ ਪੇਸ਼ ਕਰ ਰਹੇ ਹਨ| ਇਸ ਕ੍ਰਮ ਵਿੱਚ ਮੰਗਲਵਾਰ ਨੂੰ ਉਨ੍ਹਾਂ ਨੇ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਕਿ ਇਸਦੇ ਤਹਿਤ 12 ਕਰੋੜ ਪਰਿਵਾਰਾਂ ਨੂੰ 6 ਲੱਖ ਕਰੋੜ ਦਾ ਲੋਨ ਦਿੱਤਾ ਗਿਆ ਹੈ| ਕੰਮ-ਕਾਜ ਲਈ ਕਰਜ ਲੈਣ ਵਾਲੇ ਇਹਨਾਂ ਲੋਕਾਂ ਵਿੱਚ 28 ਫੀਸਦੀ ਮਤਲਬ 3.25 ਕਰੋੜ ਲਾਭਾਰਥੀਆਂ ਦਾ ਧੰਦੇ ਵਿੱਚ ਇਹੀ ਪਹਿਲਾ ਕਦਮ ਹੈ| ਪ੍ਰਧਾਨ ਮੰਤਰੀ ਦੀ ਗੱਲ ਨਾਲ ਲੱਗਿਆ, ਜਿਵੇਂ ਇਸ ਯੋਜਨਾ ਰਾਹੀਂ ਭਾਰਤ ਵਿੱਚ ਰੋਜੀ-ਰੁਜਗਾਰ ਦੀ ਸਮੱਸਿਆ ਦਾ ਹੱਲ ਲੱਭ ਲਿਆ ਗਿਆ ਹੈ ਅਤੇ ਜਲਦੀ ਹੀ ਦੇਸ਼ ਨੂੰ ਬੇਰੁਜਗਾਰੀ ਤੋਂ ਮੁਕਤੀ ਮਿਲ ਜਾਵੇਗੀ| ਭਾਜਪਾ ਦੇ ਹੋਰ ਵੀ ਕਈ ਨੇਤਾ ਅਕਸਰ ਇਸ ਯੋਜਨਾ ਨੂੰ ਲੈ ਕੇ ਇਹੀ ਗੱਲ ਕਰਦੇ ਰਹੇ ਹਨ, ਹਾਲਾਂਕਿ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਜਾਣਕਾਰੀਆਂ ਇਸਦੀ ਤਸਦੀਕ ਨਹੀਂ ਕਰਦੀਆਂ|
ਦੂਜੇ ਸਰੋਤਾਂ ਦੀ ਮੰਨੀਏ ਤਾਂ ਇਹ ਯੋਜਨਾ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਈ ਹੈ, ਉਲਟਾ ਸਰਕਾਰ ਲਈ ਇਹ ਨਵੀਂ ਮੁਸੀਬਤ ਖੜੀ ਕਰ ਰਹੀ ਹੈ| ਬੈਂਕਾਂ ਨੇ ਸਰਕਾਰ ਅਤੇ ਆਰਬੀਆਈ ਨੂੰ ਦੱਸਿਆ ਹੈ ਕਿ ਮੁਦਰਾ ਲੋਨ ਦਾ ਬੱਟਾਖਾਤਾ (ਐਨਪੀਏ) ਹੁਣ 14 ਹਜਾਰ 358 ਕਰੋੜ ਦਾ ਹੋ ਚੁੱਕਿਆ ਹੈ| ਮਤਲਬ ਇਸ ਲੋਨ ਨੂੰ ਅਦਾ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ| ਇਹ ਐਨਪੀਏ ਅੱਗੇ ਹੋਰ ਵੀ ਵੱਧ ਸਕਦਾ ਹੈ| ਇਸ ਯੋਜਨਾ ਦੇ ਅਮਲ ਵਿੱਚ ਭਾਰੀ ਬੇਨਿਯਮੀਆਂ ਦੀਆਂ ਖਬਰਾਂ ਦੇਸ਼ ਭਰ ਤੋਂ ਆਈਆਂ ਹਨ| ਇਸਨੂੰ ਪੂਰੀ ਤਰ੍ਹਾਂ ਬੈਂਕਾਂ ਦੇ ਭਰੋਸੇ ਛੱਡ ਦਿੱਤਾ ਗਿਆ ਹੈ ਅਤੇ ਬੈਂਕਕਰਮੀਆਂ ਨੇ ਇਸਦਾ ਖੂਬ ਫਾਇਦਾ ਚੁੱਕਿਆ ਹੈ| ਤਮਾਮ ਨਿਯਮਾਂ ਨੂੰ ਤਾਕ ਤੇ ਰੱਖ ਕੇ ਉਹ ਆਪਣੇ ਕਰੀਬੀ ਆਵੇਦਕਾਂ ਨੂੰ ਕਰਜਾ ਦੇ ਰਹੇ ਹਨ, ਬਾਕੀਆਂ ਨੂੰ ਟਰਕਾਉਣ ਲਈ ਫਾਈਲ ਵਿੱਚ ਕਾਫੀ ਨੁਕਸ ਕੱਢ ਰਹੇ ਹਨ| ਪੰਜਾਬ ਨੈਸ਼ਨਲ ਬੈਂਕ ਦੀ ਬਾੜਮੇਰ ਸ਼ਾਖਾ ਵਿੱਚ ਤਾਂ ਵੱਡਾ ਘਪਲਾ ਹੋਇਆ ਹੈ, ਜਿਸਦੀ ਜਾਂਚ ਸੀਬੀਆਈ ਕਰ ਰਹੀ ਹੈ|
ਉਥੇ ਗਲਤ ਤਰੀਕੇ ਨਾਲ 26 ਕਰਜੇ ਵੰਡੇ ਗਏ, ਜਿਹਨਾਂ ਵਿੱਚ ਬੈਂਕ ਨੂੰ ਕਰੀਬ 62 ਲੱਖ ਰੁਪਏ ਦਾ ਨੁਕਸਾਨ ਹੋਇਆ| ਮੁਦਰਾ ਲੋਨ ਤਿੰਨ ਵੱਖ – ਵੱਖ ਵਰਗਾਂ ਬੱਚਾ, ਕਿਸ਼ੋਰ ਅਤੇ ਤਰੁਣ ਦੇ ਤਹਿਤ ਦਿੱਤੇ ਜਾਂਦੇ ਹਨ| ਬੱਚਾ ਕੈਟਿਗਰੀ ਦੇ ਤਹਿਤ 50 ਹਜਾਰ ਰੁਪਏ ਤੱਕ, ਕਿਸ਼ੋਰ ਦੇ ਤਹਿਤ 5 ਲੱਖ ਅਤੇ ਤਰੁਣ ਦੇ ਤਹਿਤ 5 ਤੋਂ 10 ਲੱਖ ਤੱਕ ਦਿੱਤੇ ਜਾਂਦੇ ਹਨ| ਆਰਟੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਰਫ 1.3 ਫੀਸਦੀ ਮੁਦਰਾ ਲਾਭਾਰਥੀਆਂ ਨੂੰ ਹੀ ਸਵੈਰੁਜਗਾਰ ਲਈ 5 ਲੱਖ ਜਾਂ ਉਸਤੋਂ ਜ਼ਿਆਦਾ ਦਾ ਕਰਜ ਮਿਲਿਆ ਹੈ| ਸਭ ਤੋਂ ਜ਼ਿਆਦਾ ਕਰਜਾ ਬੱਚਾ ਵਰਗ ਵਿੱਚ ਦਿੱਤਾ ਗਿਆ ਹੈ| ਅੱਜ ਦੀ ਤਰੀਕ ਵਿੱਚ ਸਿਰਫ ਪੰਜਾਹ ਹਜਾਰ ਵਿੱਚ ਕਿਹੜਾ ਨਵਾਂ ਧੰਦਾ ਸ਼ੁਰੂ ਕੀਤਾ ਜਾ ਸਕਦਾ ਹੈ, ਸੋਚਣ ਦੀ ਗੱਲ ਹੈ| ਫਿਰ ਕੰਮ-ਕਾਜ ਸ਼ੁਰੂ ਕਰ ਦੇਣਾ ਹੀ ਕਾਫੀ ਨਹੀਂ ਹੈ| ਉਹ ਚੱਲਦਾ ਰਹੇ, ਇਸਦੇ ਲਈ ਸਰਕਾਰ ਨੇ ਕੁੱਝ ਨਹੀਂ ਸੋਚਿਆ| ਜਿਸ ਦੌਰ ਵਿੱਚ ਆਲੂ-ਪਿਆਜ ਅਤੇ ਲੂਣ ਤੱਕ ਵੇਚਣ ਵਿੱਚ ਵੱਡੀਆਂ- ਵੱਡੀਆਂ ਕੰਪਨੀਆਂ ਜੁਟੀਆਂ ਹੋਣ, ਉਸ ਵਿੱਚ ਛੋਟੇ ਕਾਰੋਬਾਰੀ ਬਿਨਾਂ ਹਿਫਾਜ਼ਤ ਅਤੇ ਪ੍ਰੋਤਸਾਹਨ ਦੇ ਕਿਵੇਂ ਟਿਕ ਸਕਣਗੇ? ਸਰਕਾਰ ਮੁਦਰਾ ਯੋਜਨਾ ਨੂੰ ਲੈ ਕੇ ਗੰਭੀਰ ਹੈ ਤਾਂ ਉਸਨੂੰ ਇਹਨਾਂ ਪਹਿਲੂਆਂ ਤੇ ਸੋਚਣਾ ਚਾਹੀਦਾ ਹੈ ਅਤੇ ਇਸ ਵਿੱਚ ਜਾਰੀ ਭ੍ਰਿਸ਼ਟਾਚਾਰ ਤੇ ਤੱਤਕਾਲ ਰੋਕ ਲਗਾਉਣੀ ਚਾਹੀਦੀ ਹੈ| ਵਰਨਾ ਇਹ ਘਪਲੇ ਕਿੱਸੇ ਉਸਨੂੰ ਲੰਬੇ ਸਮੇਂ ਤੱਕ ਤੰਗ ਕਰਦੇ ਰਹਿਣਗੇ|
ਰਾਜੀਵ ਕੁਮਾਰ

Leave a Reply

Your email address will not be published. Required fields are marked *