ਆਪਣੀਆਂ ਹਰਕਤਾਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਸ਼ੋਹਦਿਆਂ ਵਿਰੁੱਧ ਸਖਤੀ ਕਰੇ ਪੁਲੀਸ

ਸਰਕਾਰੀ ਦਾਅਵਿਆਂ ਵਿੱਚ ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਇਸ ਪੈਮਾਨੇ ਤੇ ਖਰੀ ਨਹੀਂ ਉਤਰਦੀ| ਵੈਸੇ ਵੀ ਕਿਸੇ ਵੀ ਖੇਤਰ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਪੈਮਾਨਾ ਉਸ ਖੇਤਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨਾਲ ਹੀ ਲਗਾਇਆ ਜਾਂਦਾ ਹੈ ਅਤੇ ਇਸ ਲਿਹਾਜ ਨਾਲ ਵੇਖੀਏ ਤਾਂ ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਸਦਾ ਹੀ ਸਵਾਲੀਆ ਨਿਸ਼ਾਨ ਉਠਦੇ ਰਹੇ ਹਨ| ਸਥਾਨਕ ਪੁਲੀਸ ਵਲੋਂ ਭਾਵੇਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ ਕਿੰਨੇ ਹੀ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹੋਣ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ ਕੁੱਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ|
ਗਰਮੀ ਦਾ ਮੌਸਮ ਜੋਰ ਫੜਣ ਲੱਗ ਪਿਆ ਹੈ ਅਤੇ ਇਸਦੇ ਨਾਲ ਹੀ ਸ਼ਾਮ ਵੇਲੇ ਸ਼ਹਿਰ ਦੀਆਂ ਮਾਰਕੀਟਾਂ ਦੀ ਰੌਣਕ ਵੀ ਵਧਣ ਲੱਗ ਪਈ ਹੈ| ਦਿਨ ਢਲਦਿਆਂ ਹੀ ਸ਼ਹਿਰ ਦੇ ਵਸਨੀਕ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮੌਸਮ ਦਾ ਮਜਾ ਲੈਣ ਲਈ ਘੁੰਮਣ ਦੇ ਮੂਡ ਵਿੱਚ ਜਾਂ ਖਰੀਦਦਾਰੀ ਆਦਿ ਕਰਨ ਲਈ ਨਿਕਲਦੇ ਹਨ ਅਤੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਵੱਡੇ ਪਾਰਕਾਂ ਵਿੱਚ ਰੌਣਕ ਵੇਖਦਿਆਂ ਹੀ ਬਣਦੀ ਹੈ| ਪਰੰਤੂ ਮਾਰਕੀਟਾਂ ਵਿੱਚ ਮੌਸਮ ਦਾ ਲੁਤਫ ਲੈਣ ਆਉਣ ਵਾਲੇ ਲੋਕਾਂ ਵਾਸਤੇ ਹਾਲਾਤ ਉਸ ਵੇਲੇ ਨਮੋਸ਼ੀ ਵਾਲੇ ਬਣ ਜਾਂਦੇ ਹਨ ਜਦੋਂ ਉਹਨਾਂ ਦੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦਾ ਸੁਆਗਤ ਕਰਨ ਲਈ ਨੌਜਵਾਨ ਸ਼ੋਹਦਿਆਂ ਦੇ ਟੋਲੇ ਉੱਥੇ ਹਾਜਿਰ ਹੁੰਦੇ ਹਨ ਜਿਹਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਅਕਸਰ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਹਨ|
ਸਾਡੇ ਸ਼ਹਿਰ ਵਿੱਚ ਮੋਟਰ ਸਾਈਕਲਾਂ ਦੇ ਝੁੰਡਾਂ ਅਤੇ ਖੁੱਲੀਆਂ ਜੀਪਾਂ ਵਿੱਚ ਘੁੰਮਣ ਵਾਲੇ ਨੌਜਵਾਨਾਂ ਦੇ ਅਜਿਹੇ ਟੋਲੇ ਆਮ ਦਿਖਦੇ ਹਨ ਜਿਹਨਾਂ ਵਲੋਂ ਅਕਸਰ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ| ਨੌਜਵਾਨਾਂ ਦੇ ਇਹ ਝੁੰਡ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਗਲੀਆਂ ਵਿੱਚ ਵੀ ਗੇੜੀਆਂ ਲਗਾਉਂਦੇ ਦੇਖੇ ਜਾ ਸਕਦੇ ਹਨ| ਇਹਨਾਂ ਨੌਜਵਾਨਾਂ ਦੇ ਵੱਖ ਵੱਖ ਗਰੁੱਪਾਂ ਵਿੱਚ ਹੋਣ ਵਾਲੇ ਆਪਸੀ ਝਗੜਿਆਂ ਕਾਰਨ ਵੀ ਸ਼ਹਿਰ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਇਹ ਟੋਲੇ ਜਦੋਂ ਸ਼ਹਿਰ ਦੀਆਂ ਸੜਕਾਂ ਤੇ ਆਪਣੇ ਵਾਹਨ ਚਲਾਉਂਦੇ ਹਨ ਤਾਂ ਹੋਰਨਾਂ ਵਾਹਨਾਂ ਦਾ ਸੜਕ ਤੇ ਚਲਣਾ ਮੁਸ਼ਕਿਲ ਕਰ ਦਿੰਦੇ ਹਨ|
ਇਸ ਦੌਰਾਨ ਸ਼ਹਿਰ ਵਿੱਚ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਵਿੱਚ ਹੁੰਦੇ ਵਾਧੇ ਅਤੇ ਸ਼ਹਿਰ ਵਿੱਚ ਵਾਪਰਦੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਕਾਰਨ ਆਮ ਸ਼ਹਿਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਵੱਧਦੀ ਹੈ| ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਦਿਨ ਢਲਦਿਆਂ ਹੀ ਇਕੱਠੇ ਹੋਣ ਵਾਲੇ ਨੌਜਵਾਨਾਂ ਦੇ ਟੋਲੇ (ਜਿਹਨਾਂ ਵਿੱਚੋਂ ਵੱਡੀ ਗਿਣਤੀ ਸ਼ਹਿਰ ਵਿੱਚ ਪੀ ਜੀ ਰਹਿੰਦੇ ਨੌਜਵਾਨਾਂ ਦੀ ਹੀ ਹੁੰਦੀ ਹੈ) ਅਕਸਰ ਖਰਸਮਤੀਆਂ ਕਰਦੇ ਵੇਖੇ ਜਾ ਸਕਦੇ ਹਨ ਅਤੇ ਇਹ ਟੋਲੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਲਈ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ| ਅਜਿਹੇ ਨੌਜਵਾਨਾਂ ਦੀ ਆੜ ਵਿੱਚ ਕਈ ਅਪਰਾਧਿਕ ਤੱਤ ਵੀ ਸ਼ਾਮਿਲ ਹੋ ਜਾਂਦੇ ਹਨ ਜਿਹੜੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ|
ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਤੇ ਭਰੋਸਾ ਕਾਇਮ ਰਹੇ ਇਸ ਲਈ ਇਹ ਜਰੂਰੀ ਹੈ ਕਿ ਪੁਲੀਸ ਵਲੋਂ ਅਜਿਹੇ ਬੇਲਗਾਮ ਸ਼ੋਹਦਿਆਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇ| ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਸ਼ੋਹਦਿਆਂ ਨੂੰ ਇਹ ਗੱਲ ਸਖਤੀ ਨਾਲ ਸਮਝਾਈ ਜਾਣੀ ਚਾਹੀਦੀ ਹੈ ਕਿ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਉਹਨਾਂ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ| ਸਿਰਫ ਸਖਤ ਕਾਰਵਾਈ ਦਾ ਡਰ ਹੀ ਅਜਿਹੇ ਅਨਸਰਾਂ ਨੂੰ ਕਾਬੂ ਵਿੱਚ ਕਰਨ ਦਾ ਸਮਰਥ ਹੋ ਸਕਦਾ ਹੈ ਅਤੇ ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਹਾਲ ਰੱਖਣ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ| ਇਸ ਲਈ ਪੁਲੀਸ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *