ਆਪਣੀ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ  ਪੂਰਾ ਕਰਨਾ ਸਰਕਾਰ ਦੀ ਸਭਤੋਂ ਵੱਡੀ ਜਿੰਮੇਵਾਰੀ

ਕੇਂਦਰ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਉਪਰੰਤ ਕੇਂਦਰ ਸਰਕਾਰ ਵਲੋਂ ਆਪਣੇ ਇਸ ਕਾਰਜਕਾਲ ਦੀਆਂ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਹਨ| ਇਹਨਾਂ ਵਿੱਚੋਂ ਜਿਆਦਾਤਰ ਪ੍ਰਾਪਤੀਆਂ ਉਹਨਾਂ ਸਰਕਾਰੀ ਅੰਕੜਿਆਂ ਦੇ ਰੂਪ ਵਿੱਚ ਹਨ ਜਿਹਨਾ ਦੇ ਆਧਾਰ ਤੇ ਸਰਕਾਰ ਵਲੋਂ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਅਤੇ ਵੱਖ ਵੱਖ ਥਾਵਾਂ ਤੇ ਵਿਕਾਸ ਕਰਵਾਉਦ ਦੇ ਲੰਬੇ ਚੌੜੇ ਦਾਅਵੇ ਕੀਤੇ ਜਾ ਰਹੇ ਹਨ| ਸਰਕਾਰ ਦੇ ਇਹਨਾਂ ਦਾਅਵਿਆਂ ਅਨੁਸਾਰ ਉਸਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਨੇ ਹਰ ਖੇਤਰ ਵਿੱਚ ਲੋੜੋਂ ਵੱਧ ਤਰੱਕੀ ਕੀਤੀ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮੋਦੀ ਸਰਕਾਰ ਦੇ ਇਸ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਆਮ ਜਨਤਾ ਦਾ ਜੀਵਨ ਲਗਾਤਾਰ ਔਖਾ ਅਤੇ ਹੋਰ ਔਖਾ ਹੁੰਦਾ ਗਿਆ ਹੈ|
ਇਸ ਗੱਲ ਨਾਲ ਸਾਰੇ ਹੀ ਸਹਿਮਤ ਹਨ ਕਿ ਕਿਸੇ ਵੀ ਸਰਕਾਰ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਆਪਣੀ ਜਨਤਾ ਦੀਆਂ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਨੂੰ ਪੂਰਾ ਕਰਨ ਦੀ ਹੀ ਹੁੰਦੀ ਹੈ ਅਤੇ ਜਿਹੜੀ ਸਰਕਾਰ ਆਪਣੀ ਜਨਤਾ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਸਮਰਥ ਨਹੀਂ ਹੁੰਦੀ ਉਸਦੀ ਕਾਰਗੁਜਾਰੀ ਤੇ          ਹਮੇਸ਼ਾ ਹੀ ਸਵਾਲੀਆ ਨਿਸ਼ਾਨ ਉਠਦੇ ਹਨ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਦੇ ਮੰਤਰੀ ਭਾਵੇਂ ਕਿੰਨੇ ਵੀ ਦਾਅਵੇ ਕਰਨ ਕਿ ਉਹਨਾਂ ਦੀ ਸਰਕਾਰ ਨੇ ਆਮ ਜਨਤਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਈ ਕਦਮ ਚੁੱਕੇ ਹਨ ਪਰੰਤੂ ਇਹ ਸਾਰੀਆ ਗੱਲਾਂ (ਹੁਣ ਤਕ ਤਾਂ) ਹਵਾ ਹਵਾਈ ਹੀ ਸਾਬਿਤ ਹੋਈਆਂ ਹਨ ਅਤੇ ਆਮ ਜਨਤਾ ਇਹਨਾਂ ਦਾਅਵਿਆਂ ਦੇ ਖੋਖਲੇਪਨ ਤੋਂ ਚੰਗੀ ਤਰ੍ਹਾਂ ਜਾਣੂ ਹੈ| ਅਜਿਹਾ ਹੋਣ ਕਾਰਨ ਦੇਸ਼ ਦੀ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਵੀ ਕਈ ਸਵਾਲ ਉਠ ਰਹੇ ਹਨ ਪਰੰਤੂ ਸਰਕਾਰ ਹੈ ਕਿ ਆਪਣੇ ਹੀ ਸੋਹਲੇ ਗਾਉਣ ਵਿੱਚ ਮਗਨ ਹੈ|
ਸਰਕਾਰ ਵਲੋਂ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਵਿੱਚ ਭਾਵੇਂ ਮਹਿੰਗਾਈ ਤੇ ਕਾਬੂ ਕਰਨ ਦੀ ਗੱਲ ਕੀਤੀ ਗਈ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਇਹ ਸਰਕਾਰ ਮਹਿੰਗਾਈ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਗਰੀਬ ਆਦਮੀ ਤਾਂ ਇੱਕ ਪਾਸੇ ਮੱਧਵਰਗੀ ਪਰਿਵਾਰਾਂ ਲਈ ਆਪਣੇ ਜਰੂਰੀ ਖਰਚਿਆਂ ਦੀ ਪੂਰਤੀ ਕਰਨੀ ਔਖੀ ਹੋ ਗਈ ਹੈ| ਖਾਣ ਪੀਣ ਦਾ ਹਰ ਤਰ੍ਹਾਂ ਦਾ ਸਾਮਾਨ ਪਿਛਲੇ ਤਿੰਨ ਸਾਲਾਂ (ਜਦੋਂ ਤੋਂ ਇਹ ਸਰਕਾਰ ਹੋਂਦ ਵਿੱਚ ਆਈ ਹੈ) ਦੌਰਾਨ ਤਿੰਨ ਗੁਨਾ ਤਕ ਮਹਿੰਗਾ ਹੋ ਚੁੱਕਿਆ ਹੈ| ਫਲ, ਸਬਜੀਆਂ, ਅਨਾਜ, ਦਾਲਾਂ, ਦੁੱਧ, ਰਾਸ਼ਨ,ਦਵਾਈਆਂ, ਕਪੜੇ ਗੱਲ ਕੀ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧਦੀ ਹੀ ਰਹੀ ਹੈ ਅਤੇ ਆਮ ਆਦਮੀ ਲਈ ਆਪਣਾ ਪੇਟ ਭਰਨਾ ਤਕ ਔਖਾ ਹੋ ਗਿਆ ਹੈ|
ਜੇਕਰ ਸਾਡੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਦੇ ਮੰਤਰੀ ਇਹ ਸੋਚਦੇ ਹਨ ਕਿ ਉਹਨਾ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਨਾਲ ਉਹ ਜਨਤਾ ਨੂੰ ਸੰਤੁਸ਼ਟ ਕਰ ਸਕਦੇ ਹਨ ਤਾਂ ਇਸਨੁੰ ਕੇਂਦਰ ਸਰਕਾਰ ਦੀ ਖੁਸ਼ਫਹਿਮੀ ਹੀ ਕਿਹਾ ਜਾ ਸਕਦਾ ਹੈ| ਅਸਲੀਅਤ ਇਹ ਹੈ ਕਿ ਆਮ ਜਨਤਾ ਦਾ ਭਰੋਸਾ ਲਗਾਤਾਰ ਡੋਲ ਰਿਹਾ ਹੈ ਅਤੇ ਜਨਤਾ ਦੇ ਸਬਰ ਦਾ ਘੜਾ ਵੀ ਹੁਣ ਭਰਦਾ ਦਿਖ ਰਿਹਾ ਹੈ| ਸਰਕਾਰ ਇਸ ਤਰੀਕੇ ਨਾਲ ਆਪਣੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਕੇ ਖੁਦ ਨੂੰ ਤਾਂ ਸੰਤੁਸ਼ਟ ਕਰ ਸਕਦੀ ਹੈ ਪਰੰਤੂ ਉਸਦੀਆਂ ਗੱਲਾਂ ਨਾਲ ਆਮ ਆਦਮੀ ਦਾ ਢਿੱਡ ਨਹੀਂ ਭਰ ਸਕਦਾ|
ਕੇਂਦਰ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਜਨਤਾ ਨੂੰ ਫੌਰੀ ਰਾਹਤ ਦੇਣ ਲਈ ਲੋੜੀਂਦੇ ਕਦਮ ਚੁੱਕੇ ਅਤੇ  ਜਨਤਾ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਆਪਣੀ ਜਿੰਮੇਵਾਰੀ ਨੂੰ ਨਿਭਾਏ| ਇਹ ਕੰਮ ਤਾਂ ਹੀ ਸੰਭਵ ਹੈ ਜੇਕਰ ਸਰਕਾਰ ਇਸ ਸੰਬੰਧੀ ਮਜਬੂਤ ਇੱਛਾਸ਼ਕਤੀ ਨਾਲ ਕਾਰਵਾਈ ਕਰੇ ਅਤੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਅਤੇ ਪ੍ਰਸ਼ਾਸ਼ਨਿਕ ਦਬਾਉ ਹੇਠ ਆਉਣ ਦੀ ਥਾਂ ਜਨਹਿਤ ਦੀ ਕਾਰਵਾਈ ਨੂੰ ਯਕੀਨੀ ਬਣਾਏ| ਆਮ ਜਨਤਾ ਨੂੰ ਸਾਫ ਸੁਥਰਾ ਅਤ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਜਨਤਾ ਦੀ ਰੋਟੀ ਕਪੜਾ ਅਤੇ ਮਕਾਨ ਦੀ ਬੁਨਿਆਦੀ ਲੋੜ ਨੂੰ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ ਤਾਂ ਜੋ ਇਸ ਸੰਬੰਧੀ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *