ਆਪਣੀ ਜਨਤਾ ਨੂੰ ਬਿਹਤਰ ਸੁਵਿਧਾਵਾਂ ਦੇਣ ਵਿੱਚ ਹਰਿਆਣਾ ਤੋਂ ਬਹੁਤ ਪਿੱਛੇ ਹੈ ਅਕਾਲੀ ਭਾਜਪਾ ਸਰਕਾਰ

ਸੂਬੇ ਦੀ ਸੱਤਾ ਤੇ ਕਾਬਜ ਅਕਾਲੀ ਭਾਜਪਾ ਸਰਕਾਰ ਦਾ ਦੂਜਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਇਸ ਦੌਰਾਨ ਭਾਵੇਂ ਸੂਬਾ ਸਰਕਾਰ ਵਲੋਂ  ਪੰਜਾਬ ਦੀ ਜਨਤਾ ਨੂੰ ਵਿਸ਼ਵ ਪੱਧਰੀ ਨਾਗਰਿਕ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਕਿਸੇ ਵੇਲੇ ਸਿਹਤ, ਸਿੱਖਿਆ, ਖੇਡਾਂ ਆਦਿ ਵਿੱਚ ਪੁਰੇ ਦੇਸ਼ ਵਿੱਚ ਮੋਹਰੀ ਸਾਡਾ ਸੂਬਾ ਹੁਣ ਹੋਰਨਾਂ ਯੁਬਿਆਂ ਦੇ ਮੁਕਾਬਲੇ ਪਿਛੜ ਗਿਆ ਹੈ| ਹਾਲਾਤ ਇਹ ਹਨ ਕਿ ਹਰਿਆਣਾ (ਜਿਸਨੂੰ ਪੰਜਾਬ ਦੇ ਛੋਟੇ ਭਰਾ ਦਾ ਦਰਜਾ ਹਾਸਿਲ ਹੈ) ਵਿੱਚ ਆਮ ਲੋਕਾਂ ਨੂੰ ਪੰਜਾਬ ਵਾਸੀਆਂ ਤੋਂ ਕਿਤੇ ਬਿਹਤਰ ਬੁਨਿਆਦੀ ਸਹੂਲਤਾਂ ਹਾਸਿਲ ਹਨ ਅਤੇ ਹਰਿਆਣਾ ਨੇ ਪੰਜਾਬ ਤੋਂ ਕਿਤੇ ਪਿੱਛੇ ਛੱਡ ਦਿੱਤਾ ਹੈ|
ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਹਰਿਆਣਾ ਵਲੋਂ ਜਿੱਥੇ ਆਪਣੇ ਖਿਡਾਰੀਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਉੱਥੇ ਵੱਖ ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਬਹੁਤ ਆਕਰਸ਼ਕ ਇਨਾਮ ਵੀ ਦਿੱਤੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਹੌਂਸਲਾ ਵੱਧਦਾ ਹੈ| ਸ਼ਾਇਦ ਇਸੇ ਦਾ ਨਤੀਜਾ ਹੈ ਕਿ ਅੱਜ ਬਾਕਸਿੰਗ, ਪਹਿਲਵਾਨੀ, ਅਥਲੈਟਿਕਸ ਅਤੇ ਹੋਰਨਾਂ ਕਈ ਖੇਡਾਂ ਵਿੱਚ ਹਰਿਆਣਾ ਦਾ ਬੋਲਬਾਲਾ ਹੈ| ਦੂਜੇ ਪਾਸੇ ਸਾਡੇ ਸੂਬੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਸ਼ਿਕਾਰ ਹੋ ਰਹੀ ਹੈ| ਪੰਜਾਬ ਦੇ ਨੌਜਵਾਨ ਜਿੱਥੇ ਖੇਡਾਂ ਦੀ ਥਾਂ ਤੇ ਸ਼ਰਾਬ, ਅਫੀਮ, ਭੁੱਕੀ, ਸਮੈਕ, ਗੋਲੀਆਂ, ਕੈਪਸੂਲ ਅਤੇ ਇੰਜੈਕਸ਼ਨਾਂ ਦੀ ਰਾਹ ਪਏ ਹੋਏ ਹਨ ਉੱਥੇ ਦੂਜੇ ਪਾਸੇ ਹਰਿਆਣੇ ਵਿੱਚ ਨੌਜਵਾਨ ਕਸਰਤਾਂ ਕਰਦੇ ਦਿਖਾਈ ਦਿੰਦੇ ਹਨ ਅਤੇ ਨਸ਼ਿਆਂ ਤੋਂ ਦੂਰ ਹਨ|
ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਖੇਡਾਂ ਦੇ ਖੇਤਰ ਵਿੱਚ ਇਸਦੀ ਪ੍ਰਾਪਤੀ ਦੇ ਨਾਮ ਤੇ ਹਰ ਸਾਲ ਇੱਕ ਆਲੀਸ਼ਾਨ ਕਬੱਡੀ ਕਪ ਦਾ ਆਯੋਜਨ ਜਰੂਰ ਕੀਤਾ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਦੇ ਮੁਲਕਾਂ ਦੀਆਂ ਕਬੱਡੀ ਟੀਮਾਂ ਭਾਗ ਲੈਂਦੀਆਂ ਹਨ ਪਰੰਤੂ ਬਾਕੀ ਦੀਆਂ ਖੇਡਾਂ ਵੱਲ ਸਰਕਾਰ ਦਾ ਕਿੰਨਾ ਕੁ ਧਿਆਨ ਹੈ ਇਸਨੂੰ ਸਾਡੇ ਖਿਡਾਰੀ ਹੀ ਬਿਹਤਰ ਜਾਣਦੇ ਹਨ| ਜੇਕਰ ਖਿਡਾਰੀਆਂ ਦੀ ਮੰਨੀਏ ਤਾਂ ਸੂਬਾ ਪੱਧਰ ਤੇ ਆਯੋਜਿਤ ਕੀਤੇ ਜਾਣ ਵਾਲੇ ਖੇਡ ਟੂਰਨਾਮੈਂਟਾਂ ਦੌਰਾਨ ਖਿਡਾਰੀਆਂ ਦਾ ਜੋ ਹਾਲ ਹੁੰਦਾ ਹੈ ਉਹ ਸ਼ਰਮਨਾਕ ਹੈ| ਟੂਰਨਾਮੈਂਟਾਂ ਦੌਰਾਨ ਰਹਿਣ ਲਈ ਪੂਰੀ ਥਾਂ ਉਪਲਬਧ ਨਾ ਹੋਣ ਕਾਰਨ ਖਿਡਾਰੀਆਂ ਨੂੰ ਕਮਰਿਆਂ ਵਿੱਚ ਭੇਡ ਬਕਰੀਆਂ ਵਾਂਗ ਤੁੰਨ ਦਿੱਤਾ ਜਾਂਦਾ ਹੈ| ਨਾ ਤਾਂ ਉਹਨਾਂ ਨੂੰ ਲੋੜੀਂਦੇ ਬਿਸਤਰੇ ਮਿਲਦੇ ਹਨ ਅਤੇ ਨਾ ਹੀ ਲੋੜੀਂਦੀ ਖੁਰਾਕ ਮੁਹਈਆ ਹੁੰਦੀ ਹੈ| ਜੇਤੂ ਖਿਡਾਰੀਆਂ ਨੂੰ ਕੋਈ ਨਗਦ ਇਨਾਮ ਜਾਂ ਸਕਾਲਰਸ਼ਿਪ ਵੀ ਨਹੀਂ ਮਿਲਦੀ ਅਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਤਕ ਹਲਕੀ ਕੁਆਲਟੀ ਦੇ ਹੁੰਦੇ ਹਨ| ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਬਿਹਤਰ ਸੁਵਿਧਾਵਾਂ ਹਾਸਿਲ ਕਰਨ ਲਈ ਪੰਜਾਬ ਦੇ ਖਿਡਾਰੀ ਹਰਿਆਣਾ ਵੱਲ ਪਲਾਇਨ ਕਰ ਜਾਂਦੇ ਹਨ ਅਤੇ ਪੰਜਾਬ ਖਿਡਾਰੀਆਂ ਤੋਂ ਖਾਲੀ ਹੁੰਦਾ ਜਾ ਰਿਹਾ ਹੈ|
ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਵੀ ਪੰਜਾਬ, ਹਰਿਆਣਾ ਤੋਂ ਪਿੱਛੇ ਹੈ| ਹਰਿਆਣਾ ਵਿੱਚ ਜਿੱਥੇ ਸੀ ਟੀ ਸਕੈਨ ਅਤੇ ਐਮ ਆਰ ਆਈ ਵਰਗੇ ਮਹਿੰਗੇ ਟੈਸਟ ਵੀ ਜਿਲ੍ਹਾ ਪੱਧਰੀ ਸਿਵਲ ਹਸਪਤਾਲਾਂ ਵਿੱਚ ਰਿਆਇਤੀ ਦਰਾਂ ਤੇ ਹੁੰਦੇ ਹਨ ਅਤੇ ਮਰੀਜ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਜਾਣ ਤੋਂ ਬਚਦੇ ਹਨ ਉੱਥੇ ਪੰਜਾਬ ਦੀ ਹਾਲਤ ਇਹ ਹੈ ਹਸਪਤਾਲਾਂ ਵਿੱਚ ਮਰੀਜਾਂ ਲਈ ਸਹੂਲਤਾਂ ਨਾ ਦੇ ਬਰਾਬਰ ਹਨ| ਨਾ ਤਾਂ ਬੈਡ ਪੂਰੇ ਹੁੰਦੇ ਹਨ ਨਾ ਡਾਕਟਰ, ਹਸਪਤਾਲਾਂ ਵਿੱਚ ਸਟਾਫ ਦੀ ਭਾਰੀ ਕਮੀ ਹੈ ਅਤੇ ਲੋਕ ਮਜਬੁਰੀ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਹਨ| ਹਸਪਤਾਲਾਂ ਵਿੱਚ ਭਾਵੇਂ ਜਨ ਔਸ਼ਧੀ ਕੇਂਦਰ ਖੁਲ੍ਹੇ ਹੋਏ ਹਨ ਪਰ ਡਾਕਟਰ ਜਨ ਔਸ਼ਧੀ ਸੈਂਟਰ ਵਿੱਚ ਮਿਲਣ ਵਾਲੀਆਂ ਦਵਾਈਆਂ ਮਰੀਜਾਂ ਨੂੰ ਲਿਖਦੇ ਹੀ ਨਹੀਂ ਅਤੇ ਮਰੀਜਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ| ਸਿੱਖਿਆ ਦਾ ਹਾਲ ਤਾਂ ਹੋਰ ਵੀ ਮਾੜਾ ਹੈ| ਪੰਜਾਬ ਵਿੱਚ ਸਿੱਖਿਆ ਦਾ ਵਪਾਰੀਕਰਨ ਤਾਂ ਬਹੁਤ ਹੋਇਆ ਹੈ ਪਰ ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਸਕੂਲਾਂ ਵਿੱਚ ਪੜਾਈ ਦੇ ਲਗਾਤਾਰ ਹੇਠਾਂ ਡਿੱਗਦੇ ਪੱਧਰ ਦੇ ਕਾਰਨ ਮੱਧਮ ਵਰਗ ਦੇ ਲੋਕ ਤਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਗੁਰੇਜ ਕਰਦੇ ਹਨ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਭਾਰੀ ਭਰਕਮ ਫੀਸਾਂ ਦੇਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ|
ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਦੂਜਾ ਕਾਰਜਕਾਲ ਵੀ ਹੁਣ ਖਤਮ ਹੋਣ ਜਾ ਰਿਹਾ ਹੈ ਅਤੇ ਛੇਤੀ ਹੀ ਸੱਤਾਧਾਰੀ ਆਗੂਆਂ ਨੇ ਵੋਟਾਂ ਮੰਗਣ ਲਈ ਜਨਤਾ ਦੇ ਦਰਵਾਜੇ ਤੇ ਜਾਣਾ ਹੈ| ਇਸ ਗੱਲ ਨੂੰ ਮੁੱਖ ਰੱਖਦਿਆਂ ਅੱਜਕੱਲ ਆਏ ਦਿਨ ਸਰਕਾਰ ਵਲੋਂ ਨਵੀਆਂ ਨਵੀਆਂ ਸਕੀਮਾਂ ਅਤੇ ਸੁਵਿਧਾਵਾਂ ਦਾ ਐਲਾਨ ਵੀ ਹੋ ਰਿਹਾ ਹੈ ਪਰੰਤੂ ਵੇਖਣਾ ਇਹ ਹੈ ਕਿ ਜਨਤਾ ਹੁਣ ਸਰਕਾਰ ਦੇ ਇਹਨਾਂ ਐਲਾਨਾਂ ਤੇ ਕਿਸ ਕਦਰ ਭਰੋਸਾ ਕਰਦੀ ਹੈ|

Leave a Reply

Your email address will not be published. Required fields are marked *