ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨ ਸ਼ਹਿਰਵਾਸੀ

ਲੋਕਤੰਤਰ ਦਾ ਅਰਥ ਲੋਕਾਂ ਦਾ, ਲੋਕਾਂ ਲਈ ਅਤੇ ਅਤੇ ਲੋਕਾਂ ਵੱਲੋਂ ਰਾਜ ਭਾਗ ਸੰਭਾਲਣਾ ਹੀ ਹੁੰਦਾ ਹੈ ਅਤੇ ਇਸ ਵਿੱਚ ਸਾਰਿਆਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ| ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਹਲਕੇ ਤੋਂ ਚੁਣੇ ਜਾਣ ਵਾਲੇ ਨੁਮਾਇੰਦੇ ਨੇ ਹੀ ਅਗਲੇ ਪੰਜ ਸਾਲਾਂ ਲਈ ਸਾਡੇ ਹਲਕੇ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਅਤੇ ਸਾਡੇ ਹਲਕੇ ਦੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਹਾਸਿਲ ਹੋਣ, ਇਸ ਲਈ ਇਹ ਜਰੂਰੀ ਹੈ ਕਿ ਅਸੀਂ ਇੱਕ ਅਜਿਹੇ ਉਮੀਦਵਾਰ ਦੀ ਚੋਣ ਕਰੀਏ ਜਿਹੜਾ ਇੱਥੋਂ ਦੇ ਵਸਨੀਕਾਂ ਨੂੰ ਜਵਾਬਦੇਹ ਹੋਵੇ|
ਪਰੰਤੂ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਇਹ ਖਾਸੀਅਤ ਹੈ ਕਿ ਉਹ ਚੋਣ ਅਮਲ ਵਿੱਚ ਘੱਟ ਹੀ ਦਿਲਚਸਪੀ ਲੈਂਦੇ ਹਨ ਅਤੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ| ਪੰਜਾਬ ਦੀ ਰਾਜਧਾਨੀ ਦੀਆਂ ਜੜ੍ਹਾ ਵਿੱਚ ਵਸੇ ਸਾਡੇ ਸ਼ਹਿਰ ਵਾਸਨੀਕਾਂ ਵਲੋਂ ਚੋਣ ਅਮਲ ਪ੍ਰਤੀ ਵਰਤੀ ਜਾਂਦੀ ਇਸ ਉਦਾਸੀਨਤਾ ਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਰਾਜਧਾਨੀ ਦੇ ਨਾਲ ਲੱਗਦੇ ਸਾਡੇ ਇਸ ਸ਼ਹਿਰ ਦੇ ਵਸਨੀਕਾਂ ਦੀ ਇੱਕ ਵੱਡੀ ਗਿਣਤੀ ਅਜਿਹੀ ਹੈ ਜਿਸਦਾ ਮੌਜੂਦਾ ਲੋਕਤਾਂਤਰਿਕ ਪ੍ਰਣਾਲੀ ਵਿੱਚੋਂ ਭਰੋਸਾ ਕਾਫੀ ਹੱਦ ਤਕ ਉਠ ਚੁਕਿਆ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ ਹਾਲਾਤ ਵਿੱਚ ਕੋਈ ਫਰਕ ਪੈਣ ਵਾਲਾ ਨਹੀਂ ਹੈ|
ਕੋਈ ਸਮਾਂ ਸੀ ਜਦੋਂ ਸਾਡਾ ਸ਼ਹਿਰ ਖਰੜ ਵਿਧਾਨਸਭਾ ਹਲਕੇ ਦਾ ਹਿੱਸਾ ਹੁੰਦਾ ਸੀ ਅਤੇ ਖਰੜ ਹਲਕੇ ਦਾ ਮੁੱਖ ਸ਼ਹਿਰ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀਆਂ ਵੋਟਾਂ ਦੇ ਫੈਸਲਾਕੁੰਨ ਨਾ ਹੋਣ ਕਾਰਨ ਵੀ ਚੋਣ ਲੜਣ ਵਾਲੇ ਉਮੀਦਵਾਰ ਸ਼ਹਿਰ ਵਾਸੀਆਂ ਵਿੱਚ ਚੋਣ ਅਮਲ ਪ੍ਰਤੀ ਪਾਈ ਜਾਣ ਵਾਲੀ ਇਸ ਉਦਾਸੀਨਤਾ ਦੀ ਖਾਸ ਪਰਵਾਹ ਨਹੀਂ ਕਰਦੇ  ਸਨ ਪਰੰਤੂ ਹੁਣ ਹਾਲਾਤ ਬਦਲ ਚੁੱਕੇ ਹਨ| ਮੁਹਾਲੀ ਨੂੰ ਇੱਕ ਵੱਖਰੇ ਵਿਧਾਨਸਭਾ ਹਲਕੇ ਦਾ ਦਰਜਾ ਹਾਸਿਲ ਹੋਣ ਤੋਂ ਬਾਅਦ ਸਾਡੇ ਸ਼ਹਿਰ ਦੀਆਂ ਕੁਲ ਵੋਟਾਂ ਦੀ ਗਿਣਤੀ ਪੂਰੇ ਹਲਕੇ ਦੀਆਂ ਵੋਟਾਂ ਦਾ ਦੋ ਤਿਹਾਈ ਦੇ ਕਰੀਬ ਬਣਦੀਆਂ ਹਨ ਅਤੇ ਹਲਕੇ ਤੋਂ ਚੁਣੇ ਜਾਣ ਵਾਲੇ ਵਿਧਾਇਕ ਦੀ ਚੋਣ ਲਈ ਸ਼ਹਿਰ ਵਾਸੀਆਂ ਦੀ ਵੋਟ ਹੀ ਫੈਸਲਾਕੁੰਨ ਹੈ|
ਸਾਡਾ ਪਿਛਲਾ ਤਜਰਬਾ ਇਹ ਦੱਸਦਾ ਹੈ ਕਿ ਵਿਧਾਨਸਭਾ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਦੀਆਂ ਕੁਲ ਵੋਟਾਂ ਦਾ 50-55 ਫੀਸਦੀ ਹਿੱਸਾ ਹੀ ਭੁਗਤਦਾ ਰਿਹਾ ਹੈ ਜਦੋਂਕਿ ਹਲਕੇ ਦੇ ਪਿੰਡਾਂ ਦੇ ਵਸਨੀਕ ਇਸਤੋਂ ਕਿਤੇ ਵੱਧ (75-80) ਫੀਸਦੀ ਤਕ ਵੋਟਾਂ ਪਾਉਂਦੇ ਹਨ| ਸਾਡੇ ਸ਼ਹਿਰ ਦੇ ਵਸਨੀਕ ਪੜ੍ਹੇ-ਲਿਖੇ ਅਤੇ ਸੂਝਵਾਨ ਹਨ ਪਰੰਤੂ ਪਤਾ ਨਹੀਂ ਕਿਊਂ ਉਹ ਲੋਕਤੰਤਰ ਦਾ ਹਿੱਸਾ ਬਣਨ ਤੋਂ ਕਤਰਾਉਂਦੇ ਹਨ| ਸ਼ਹਿਰ ਦੇ ਜਿਹੜੇ ਵਸਨੀਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਵੀ ਹਨ ਉਹਨਾਂ ਵਿੱਚ ਵੀ ਵੱਡੀ ਗਿਣਤੀ ਅਜਿਹੇ ਵੋਟਰਾਂ ਦੀ ਹੁੰਦੀ ਹੈ ਜਿਹੜੇ ਕਿਸੇ ਨਾ ਕਿਸੇ ਪਾਰਟੀ ਵਿਸ਼ੇਸ਼ ਦੇ ਸਮਰਥਕ ਹੁੰਦੇ ਹਨ ਅਤੇ ਜਾਹਿਰ ਤੌਰ ਤੇ ਉਹਨਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣੀ ਹੁੰਦੀ ਹੈ|
ਅਜਿਹੇ ਵੋਟਰ ਜਿਹੜੇ ਕਿਸੇ ਪਾਰਟੀ ਵਿਸ਼ੇਸ਼ ਨਾਲ ਜੁੜੇ ਨਹੀਂ ਹੁੰਦੇ ਉਹਨਾਂ ਵਲੋਂ ਪਾਈ ਜਾਣ ਵਾਲੀ ਵੋਟ ਉਮੀਦਵਾਰ ਦੀ ਨਿੱਜੀ ਸ਼ਖਸ਼ੀਅਤ ਅਤੇ ਉਸਦੇ ਗੁਣ-ਦੋਸ਼ਾਂ ਦੇ ਆਧਾਰ ਤੇ ਹੀ ਭੁਗਤਣੀ ਹੁੰਦੀ ਹੈ ਪਰੰਤੂ ਅਜਿਹੇ ਵਿਅਕਤੀ ਵੋਟ ਪਾਉਣ ਲਈ ਘੱਟ ਹੀ ਬਾਹਰ ਨਿਕਲਦੇ ਹਨ| ਇਹ ਵੀ ਸੱਚਾਈ ਹੈ ਕਿ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ, ਕਿਸੇ ਵੀ ਤਰ੍ਹਾਂ ਦੀ ਲਹਿਰ ਵਿੱਚ ਨਾ ਵਗ ਕੇ ਆਪਣੀ ਸੋਚ ਅਨੁਸਾਰ ਵਧੀਆ ਉਮੀਦਵਾਰ ਦੀ ਚੋਣ ਵਿੱਚ ਅਜਿਹੇ ਸ਼ਹਿਰ ਵਾਸੀਆਂ ਦੀਆਂ ਵੋਟਾਂ ਬਹੁਤ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਬਸ਼ਰਤੇ, ਸ਼ਹਿਰ ਵਾਸੀ ਵੋਟਾਂ ਪਾਉਣ ਲਈ ਆਪਣੇ ਘਰਾਂ ਤੋਂ ਬਾਹਰ ਆਉਣ|
ਸ਼ਹਿਰ ਵਾਸੀਆਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ| ਚੰਡੀਗੜ੍ਹ ਦੀ ਤਰਜ ਤੇ ਵਸਾਏ ਸਾਡੇ ਸ਼ਹਿਰ ਨੂੰ ਵਸੇ ਚਾਰ ਦਹਾਕੇ ਤੋਂ ਵੱਧ ਹੋ ਗਏ ਹਨ ਪਰ ਸਾਡੇ ਸ਼ਹਿਰ ਦੇ ਨਿਵਾਸੀਆਂ ਨੂੰ ਚੰਡੀਗੜ੍ਹ ਦੀ ਤਰਜ ਤੇ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਅਤੇ ਸ਼ਹਿਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ| ਇਸ ਲਈ ਇਹ ਜਰੂਰੀ ਹੈ ਕਿ ਹਰੇਕ ਵਿਅਕਤੀ ਆਪਣੀ ਵੋਟ ਪਾਉਣ ਦਾ ਉਪਰਾਲਾ ਤਾਂ ਕਰੇ ਹੀ, ਨਾਲ ਹੀ ਆਪਣੇ ਪਰਿਵਾਰ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਵੀ ਵੋਟਾਂ ਪਾਉਣ ਲਈ ਪ੍ਰੇਰਿਤ ਕਰੇ| ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਦਾ ਨਤੀਜਾ ਹਰ ਹਾਲ ਵਿੱਚ ਸ਼ਹਿਰ ਵਾਸੀਆਂ ਦੇ ਹੱਕ ਵਿੱਚ ਹੀ ਹੋਵੇਗਾ|

Leave a Reply

Your email address will not be published. Required fields are marked *