ਆਪਣੀ ਹਾਰ ਹੁੰਦੀ ਵੇਖ ਬੁਖਲਾਏ ਬਲਬੀਰ ਸਿੱਧੂ : ਕੈਪਟਨ ਸਿੱਧੂ

ਐਸ ਏ ਐਸ ਨਗਰ, 13 ਜਨਵਰੀ (ਸ.ਬ.) ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਆਪਣੀ ਹਾਰ ਹੁੰਦੀ ਵੇਖ ਬੌਖਲਾ ਗਏ ਹਨ ਅਤੇ ਗਲਤ ਬਿਆਨਬਾਜੀ ਕਰ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ੀਸ਼ ਕਰ ਰਹੇ ਹਨ| ਇਹ ਗੱਲ ਮੁਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅੱਜ ਬਲਬੀਰ ਸਿੱਧੂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਹੀ| ਕੈਪਟਨ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਹਾਰ ਹੋਣੀ ਲਗਭਗ ਤੈਅ ਹੈ ਅਤੇ ਪੰਜਾਬ ‘ਚ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀ ਹੀ ਬਣੇਗੀ| ਉਨ੍ਹਾਂ ਕਿਹਾ ਆਪਣੀ ਹਾਰ ਹੁੰਦੀ ਵੇਖ ਬਲਬੀਰ ਸਿੱਧੂ ਹੁਣ ਆਪਣਾ ਦਿਮਾਗੀ ਸੰਤੁਲਨ ਗੁਆ ਚੁਕੇ ਹਨ ਤੇ ਹੌਛੀ ਹਰਕਤਾਂ ‘ਤੇ ਉਤਰ ਆਏ ਹਨ, ਜਿਸ ਕਰਕੇ ਉਹ ਝੂਠੀਆਂ ਸ਼ਿਕਾਇਤਾਂ ਕਰਕੇ ਚੋਣ ਕਮਿਸ਼ਨਰ ਨੂੰ ਗੁਮਰਾਹ ਕਰ ਰਹੇ ਹਨ| ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਆਈ.ਏ.ਐਸ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨਾਲ ਉਨ੍ਹਾਂ ਦਾ ਦੂਰ ਜਾਂ ਨੇੜੇ ਦਾ ਕੋਈ ਰਿਸ਼ਤਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ|
ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਹਿਦਾਇਤਾਂ ਦਾ ਪੂਰਾ ਧਿਆਨ ਹੈ ਅਤੇ ਉਹ ਅਜਿਹਾ ਕੋਈ ਕੰਮ ਨਹੀਂ ਕਰਣਗੇ ਜਿਸ ਨਾਲ ਉਨ੍ਹਾਂ ਦੀ ਛਵੀ ਖਰਾਬ ਹੋਵੇ| ਉਨ੍ਹਾਂ ਕਿਹਾ ਕਿ ਉਹ ਸਾਫ ਸੁਥਰੇ ਤੇ ਪਾਰਦਰਸ਼ੀ ਕੰਮ ਵਿਚ ਵਿਸ਼ਵਾਸ਼ ਰੱਖਦੇ ਹਨ ਅਤੇ ਕਿਸੇ ਪਾਸੇ ਤੋਂ ਵੀ ਗੈਰ ਕਾਨੂੰਨੀ ਜਾਂ ਅਨੈਤਿਕ ਮਦਦ ਲੈਣ ਦੀ ਕੋਸ਼ਿਸ਼ ਨਹੀਂ ਕਰਣਗੇ| ਉਨ੍ਹਾਂ ਕਿਹਾ ਕਿ ਲੋਕ ਬਲਬੀਰ ਸਿੱਧੂ ਦੀਆਂ ਨੀਤੀਆਂ ਨੂੰ ਬਖੂਬੀ ਸਮਝ ਚੁੱਕੇ ਹਨ ਜੋ ਕਿ ਪਿਛਲੇ 10 ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਹੀ ਕਰਦਾ ਆਇਆ ਹੈ ਅਤੇ ਹੁਣ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਬਲਬੀਰ ਸਿੱਧੂ ਦੇ ਲਾਰਿਆਂ ਨੂੰ ਸਮਝ ਚੁੱਕੇ ਹਨ|
ਇਸੇ ਦੌਰਾਨ ਨਜ਼ਦੀਕੀ ਪਿੰਡ ਗੀਗੇਮਾਜਰਾ ਵਿਖੇ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ  ਕਿਹਾ ਕਿ ਕਾਂਗਰਸ ਉਮੀਦਵਾਰ ਬਲਬੀਰ ਸਿੱਧੂ ਨੇ ਹੁਣ ਤੱਕ ਪਿੰਡਾਂ ਦੇ ਵਿਕਾਸ ਲਈ ਅਫਸਰਾਂ ਤੱਕ ਪਹੁੰਚ ਹੀ ਨਹੀਂ ਕੀਤੀ| ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਕਾਂਗਰਸ ਵਿਧਾਇਕ ਐਮ. ਐਲ. ਏ. ਦੀ ਕੁਰਸੀ ਦਾ ਨਿੱਘ ਸੇਕ ਰਹੇ ਹਨ ਅਤੇ ਹੁਣ ਬਲਬੀਰ ਸਿੱਧੂ ਨੂੰ ਚੋਣਾਂ ਮੌਕੇ ਲੋਕਾਂ ਦੇ ਭਲੇ ਅਤੇ ਵਿਕਾਸ ਦੀਆਂ ਗੱਲਾਂ ਚੇਤੇ ਆ ਰਹੀਆਂ ਹਨ|ਸ੍ਰੀ ਸਿੱਧੂ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦਿਆਂ ਹੀ ਆਪਣੀ ਵੋਟ ਦਾ  ਇਸਤੇਮਾਲ ਕਰਨਗੇ| ਕੈਪਟਨ  ਤੇਜਿੰਦਰਪਾਲ ਸਿੰਘ ਸਿੱਧੂ ਨੇ ਪਿੰਡ ਨਗਾਰੀ, ਮਿਡੇਮਾਜਰਾ, ਗੋਡਾਣਾ,   ਢੇਲਪੁਰ, ਪੀਰਪੁਰ ਅਤੇ ਬਠਲਾਣਾ ਵਿਖੇ ਲੋਕਾਂ ਨਾਲ ਚੋਣ ਮੀਟਿੰਗ ਕੀਤੀਆਂ ਅਤੇ ਅਕਾਲੀ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ| ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਹਲਕੇ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ| ਜੇਕਰ ਕਾਂਗਰਸ ਨੇ ਲੋਕਾਂ ਦੀ ਕੋਈ ਸਾਰ ਲਈ ਹੁੰਦੀ ਤਾਂ ਇਥੋਂ ਦੇ ਲੋਕ ਵਿਕਾਸ ਲਈ ਤਰਸ ਨਹੀਂ ਰਹੇ ਹੁੰਦੇ|
ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਕੈਪਟਨ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਵੀ ਕੀਤਾ| ਇਸ ਮੌਕੇ ਹੋਰਨਾ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਦਿਹਾਤੀ ਅਤੇ ਬਲਾਕ ਸਮਿਤੀ ਮੈਂਬਰ ਬੀਬੀ ਬਲਜਿੰਦਰ ਕੌਰ ਸੈਦਪੁਰ, ਸਰਪੰਚ ਗਰੁਨਾਮ ਕੌਰ, ਧਰਮ ਸਿੰਘ, ਮਨਜੀਤ ਕੌਰ, ਚਰਨਜੀਤ ਕੌਰ, ਕੁਲਵੀਰ ਕੌਰ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਭਾਗ ਸਿੰਘ, ਧਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *