ਆਪਣੀ ਹੀ ਅੰਦਰੂਨੀ ਲੜਾਈ ਵਿੱਚ ਘਿਰੀ ਕਾਂਗਰਸ ਲਈ ਔਖਾ ਹੈ ਪੈਰਾਂ ਸਿਰ ਹੋਣਾ

ਆਪਣੀ ਹੀ ਅੰਦਰੂਨੀ ਲੜਾਈ ਵਿੱਚ ਘਿਰੀ ਕਾਂਗਰਸ ਲਈ ਔਖਾ ਹੈ ਪੈਰਾਂ ਸਿਰ ਹੋਣਾ
ਭਗਵੰਤ ਸਿੰਘ ਬੇਦੀ
ਐਸ ਏ ਐਸ ਨਗਰ, 26 ਜੁਲਾਈ

2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣ ਵਿੱਚ ਵਾਪਸੀ ਦੀ ਆਸ ਲਾਈ ਬੈਠੀ ਕਾਂਗਰਸ ਪਾਰਟੀ ਲਈ ਉਸਦੀ ਅੰਦਰੂਨੀ ਲੜਾਈ ਵੱਡੀ ਚਣੌਤੀ ਹੈ| ਪੂਰੇ ਦੇਸ਼ ਵਿੱਚ ਕਾਂਗਰਸ ਵੱਖ ਵੱਖ ਧੜਿਆਂ ਵਿੱਚ ਵੰਡੀ ਹੋਈ ਹੈ| ਹਰ ਰਾਜ ਵਿੱਚ ਇੱਕ ਤੋਂ ਵੱਧ ਧੜੇ ਕੰਮ ਕਰ ਰਹੇ ਹਨ| ਬਾਕੀ ਪਾਰਟੀਆਂ ਤੋਂ ਵੱਧ ਇਹ ਕਾਂਗਰਸੀ ਆਗੂ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ| ਭਾਵੇਂ ਇਸ ਸਮੇਂ ਪੰਜਾਬ ਕਾਂਗਰਸ ਦੀ ਧੜੇਬੰਦੀ ਪ੍ਰਤੱਖ ਰੂਪ ਵਿੱਚ ਨਜਰ ਨਹੀਂ ਆ ਰਹੀ ਪਰ ਵਿੱਚੋਂ ਵਿੱਚ ਨਵੀਂ ਸਫੇਬੰਦੀ ਸ਼ੁਰੂ ਹੋ ਚੁੱਕੀ ਹੈ| ਜੇਕਰ  ਹਿਮਾਚਲ ਪ੍ਰਦੇਸ਼ ਦੀ ਗਲ ਕਰੀਏ ਤਾਂ ਉੱਥੇ ਵੀ ਸਿੱਧੇ ਰੂਪ ਵਿੱਚ ਮੁੱਖ ਮੰਤਰੀ ਵੀਰਭਦਰ ਸਿੰਘ ਅਤੇ ਹਿਮਾਚਲ ਕਾਂਗਰਸ ਦੇ ਪ੍ਰਧਾਨ ਇੱਕ ਦੂਜੇ ਨੂੰ ਠਿਬੀ ਲਾਉਣ ਵਿੱਚ ਜੁੱਟੇ ਹੋਏ ਹਨ| ਏਸੇ ਤਰ੍ਹਾਂ ਹੀ ਹਰਿਆਣਾ ਵਿੱਚ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁਡਾ ਵਿੱਚ ਛੱਤੀ ਦਾ ਅੰਕੜਾ ਚੱਲ ਰਿਹਾ ਹੈ| ਇਹੀ ਸਥਿਤੀ ਦਿੱਲੀ ਦੀ ਹੈ| ਜਿੱਥੇ ਸ਼ੀਲਾ ਦੀਕਸ਼ਤ ਧੜਾ ਅਤੇ  ਮਾਕਨ ਧੜਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਕੋਈ ਕਸਰ ਨਹੀਂ ਛਡ ਰਿਹਾ| ਜੇਕਰ ਗਲ ਕਰੀਏ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ  ਤਾਂ ਉੱਥੇ ਵੀ ਕਾਂਗਰਸ ਦੇ ਦੋ ਤੋਂ ਵੀ ਵੱਧ ਧੜੇ ਹਨ ਜੋ ਆਪਸੀ ਲੜਾਈ ਵਿੱਚ ਰੁਝੇ ਹੋਏ ਹਨ| ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਪਾਰਟੀ ਦੀ ਭਾਰੀ ਹਾਰ ਉੱਥੋਂ ਦੇ ਆਗੂਆਂ ਦੀ ਆਪਸੀ ਲੜਾਈ ਕਾਰਨ ਹੋਈ ਸੀ| ਕਰਨਾਟਕਾ ਵਿੱਚ ਭਾਵੇਂ ਸੀਨੀਅਰ ਕਾਂਗਰਸੀ ਆਗੂ ਐਸ ਐਮ ਕ੍ਰਿਸ਼ਨਾ ਕਾਂਗਰਸ ਨੂੰ ਧੜੇਬੰਦੀ ਤੋਂ ਪ੍ਰੇਸ਼ਾਨ ਹੋ ਕੇ ਕਾਂਗਰਸ ਨੂੰ ਅਲਵਿਦਾ ਕਹਿ ਗਏ ਹਨ ਉੱਥੇ ਹੀ ਗੁਜਰਾਤ ਤੋਂ ਸ਼ੰਕਰ ਸਿੰਘ ਵਘੇਲਾ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ ਪਰ ਹੁਣ ਵੀ ਗੁਜਰਾਤ ਅਤੇ ਬਾਕੀ ਬਚੀ ਕਰਨਾਟਕਾ ਲੀਡਰਸ਼ਿਪ ਵੀ ਕਈ ਧੜਿਆਂ ਵਿੱਚ ਵੰਡੀ ਹੋਈ ਹੈ ਜੋ ਮੁੱਖ ਮੰਤਰੀ ਸਿਧਾ ਰਮਈਆ ਨੂੰ ਸਿੱਧੇ ਤੌਰ ਤੇ ਚੁਣੌਤੀ ਦੇ ਰਹੇ ਹਨ| ਦੇਸ਼ ਦੇ ਸਭ ਤੋਂ ਵੱਡੇ ਪ੍ਰਦੇਸ਼ ਉੱਤਰ ਪ੍ਰਦੇਸ਼ ਵਿੱਚ ਕਾਂਰਗਸ ਕੋਲ  ਕੋਈ ਵੀ ਵੱਡੇ ਕਦ ਵਾਲਾ ਨੇਤਾ ਹੀ ਨਹੀਂ ਹੈ ਜੋ ਜਮੀਨੀ ਤੌਰ ਤੇ ਉੱਤਰ ਪ੍ਰਦੇਸ਼ ਦੀ ਜਨਤਾ ਨਾਲ ਜੁੜਿਆ ਹੋਵੇ| ਪੂਰਬ ਉੱਤਰ ਵਿੱਚ ਜਿੱਥੇ ਕਾਂਗਰਸ ਦਾ ਕੋਈ ਵੱਡਾ ਵਿਰੋਧੀ ਦਲ ਨਹੀਂ ਸੀ ਉੱਥੇ ਵੀ ਕਾਂਗਰਸ ਸਿਰਫ ਦੋ ਰਾਜਾਂ ਤੱਕ ਸਿਮਟ ਕੇ ਰਹਿ ਗਈ ਹੈ| ਕਾਂਗਰਸ ਦੇ ਪੂਰੇ ਦੇਸ਼ ਵਿੱਚ ਹੋ ਰਹੇ ਪਤਣ ਦਾ ਮੁੱਖ ਕਾਰਨ ਹੈ ਕਿ ਪਾਰਟੀ ਪਾਸ ਕੋਈ ਅਜਿਹਾ ਚਿਹਰਾ ਨਹੀਂ ਹੈ ਜੋ ਲੋਕਾਂ ਦੇ ਮਨ ਨੂੰ ਛੂ ਸਕੇ ਅਤੇ ਪਾਰਟੀ ਦੀ ਡੁਬਦੀ ਬੇੜੀ ਪਾਰ ਲਗਾ ਸਕੇ|
ਕਾਂਗਰਸ ਨੇ ਰਾਹੁਲ ਗਾਂਧੀ ਨੂੰ ਲੋਕਾਂ ਦਾ ਹੀਰੋ ਬਣਾਉਣ ਦੀ ਪੂਰੀ ਵਾਹ ਲਾਈ ਪਰ ਉਹ ਕਿਸੇ ਤਰ੍ਹਾਂ ਕੋਈ ਚਮਤਕਾਰ ਨਹੀਂ ਕਰ ਸਕੀ| ਇਸ ਤੋਂ ਬਿਨਾਂ ਰਜਵਾੜਾ ਸ਼ਾਹੀ ਦੀ ਕਾਂਗਰਸ ਵਿੱਚ ਤੂਤੀ ਬੋਲਦੀ ਹੈ| ਇਹ ਰਜਵਾੜੇ ਆਪਣੇ ਤੋਂ ਬਿਨਾਂ ਹੋਰ ਕਿਸੇ ਨੇਤਾ ਨੂੰ ਪ੍ਰਵਾਨ ਨਹੀਂ ਕਰਦੇ ਭਾਵੇਂ ਵੀਰਭਦਰ ਸਿੰਘ ਹੋਣ, ਕਮਲ ਨਾਥ, ਦਿਗਵਿਜੈ ਸਿੰਘ, ਜੋਤੀ ਰਾਦਿਤਿਆ ਸਿੰਧੀਆ, ਕੈਪਟਨ ਅਮਰਿੰਦਰ ਸਿੰਘ , ਸੰਜੇ ਸਿੰਘ ਆਦਿ ਨੇ ਸੱਤਾ ਆਪਣੇ ਤੋਂ ਦੂਰ ਨਹੀਂ ਹੋਣ ਦਿਤੀ ਅਤੇ ਕਿਸੇ ਹੋਰ ਨੇਤਾ ਨੂੰ ਅੱਗੇ ਨਹੀਂ ਆਉਣ ਦਿਤਾ| ਬਹੁਤੇ ਰਾਜਾਂ ਵਿੱਚ ਇਹਨਾਂ ਰਜਵਾੜਿਆਂ ਕਰਕੇ ਹੀ ਪਾਰਟੀ ਦੇ ਕਈ ਸੀਨੀਅਰ ਨੇਤਾ ਪਾਰਟੀ ਤੋਂ ਨਿਰਾਸ਼ ਹੋ ਕੇ ਹੋਰਨਾਂ ਪਾਰਟੀਆਂ ਵਿੱਚ ਜਾ ਚੁੱਕੇ ਹਨ| ਰਜਵਾੜਾ ਸ਼ਾਹੀ ਦੀ ਇਸ ਤਾਕਤ ਦੇ ਸਾਹਮਣੇ ਸੋਨੀਆ ਗਾਂਧੀ ਅਤੇ ਰਾਹੁਲ ਵਰਗੇ ਵੀ ਬੇਬਸ ਹਨ| ਜਿਨ੍ਹਾਂ ਦੇ ਸਿੱਟੇ ਵਜੋਂ ਭਾਰਤੀ ਜਨਤਾ ਪਾਰਟੀਆਂ ਦੀਆਂ ਕਈ           ਖੇਤਰਾਂ ਵਿੱਚ ਨਾਕਾਮੀਆਂ ਦੇ ਬਾਵਜੂਦ ਪਾਰਟੀ ਦਾ ਜਨਤਕ ਆਧਾਰ ਹੋਰ ਘੱਟ ਹੁੰਦਾ ਜਾ ਰਿਹਾ ਹੈ| ਪਿਛਲੇ 20 ਸਾਲਾਂ ਵਿੱਚ ਕਾਂਗਰਸ ਯੂ .ਪੀ, ਬਿਹਾਰ ਅਤੇ ਪਛਮੀ ਬੰਗਾਲ ਵਿੱਚ ਪਹਿਲਾਂ ਹੀ ਆਪਣਾ ਆਧਾਰ ਗੁਆ ਚੁੱਕੀ ਸੀ ਪਰ ਬਾਕੀ ਰਾਜਾਂ ਵਿੱਚ ਚੰਗੀ ਪੁਜੀਸ਼ਨ ਹੋਣ ਕਾਰਨ ਕਾਂਗਰਸ ਸੱਤਾ ਤੋਂ ਦੂਰ ਨਹੀਂ ਸੀ ਹੋਈ ਪਰ ਹੁਣ ਆਪਸੀ  ਧੜੇਬਾਜੀ ਪਾਰਟੀ ਵਿੱਚ ਡਸਿਪਲਿਨ ਅਤੇ ਕਿਸੇ ਪ੍ਰਭਾਵਸ਼ਾਲੀ ਆਗੂ ਨਾ ਹੋਣ ਕਾਰਨ ਪਾਰਟੀ ਹਾਸ਼ੀਏ ਤੇ ਆ ਗਈ ਹੈ| ਹੁਣ ਕਾਂਗਰਸ ਨੇ ਸੋਚਣਾ ਹੈ ਕਿ ਜੇਕਰ 2019 ਦੀਆਂ ਚੋਣਾਂ ਵਿੱਚ ਸਤਾ ਤੇ ਕਬਜਾ ਕਰਨਾ ਹੈ ਤਾਂ ਉਸਨੂੰ ਆਪਣੀਆਂ ਕਮਜੋਰੀਆਂ ਤੇ ਝਾਤ ਮਾਰਣੀ ਚਾਹੀਦੀ ਹੈ ਅਤੇ ਆਪਣੀਆਂ ਗਲਤੀਆਂ ਸੁਧਾਰਨ ਲਈ ਸਖਤ ਕਦਮ ਚੁਕਣੇ ਪੈਣਗੇ, ਪਰ ਪਾਰਟੀ ਇਹ ਸਭ ਕਰ ਸਕਦੀ ਹੈ ਕਿ ਨਹੀਂ ਇਹ ਕਾਂਗਰਸ ਨੇ  ਹੀ ਤਹਿ ਕਰਨਾ ਹੈ|

Leave a Reply

Your email address will not be published. Required fields are marked *