ਆਪਣੇ ਉਮੀਦਵਾਰ ਨੂੰ ਜਾਣੋ ਮਹਿਲਾਵਾਂ ਦੀ ਭਲਾਈ ਲਈ ਸਮਾਜ ਸੇਵਾ ਦੇ ਖੇਤਰ ਵਿਚ ਆਈ : ਡਾ. ਉੂਮਾ ਸ਼ਰਮਾ ਸਮਾਜ ਭਲਾਈ ਲਈ ਵਾਰਡ ਨੰਬਰ -5 ਤੋਂ ਨਗਰ ਨਿਗਮ ਚੋਣ ਲੜੇਗੀ ਡਾ. ਊਮਾ ਸ਼ਰਮਾ


ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰ ਵੀ ਸਾਮ੍ਹਣੇ ਆਉਣ ਲੱਗ ਗਏ ਹਨ| ਇਸ ਦੌਰਾਨ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਵਲੋਂ ਵੀ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਖੜ੍ਹਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਡਾ. ਊਮਾ ਸ਼ਰਮਾ ਵੀ ਅਜਿਹਾ ਹੀ ਇੱਕ ਨਾਮ ਹੈ ਜਿਹਨਾਂ ਨੂੰ ਫੇਜ਼ 1 (ਵਾਰਡ ਨੰਬਰ 5) ਦੇ ਵਸਨੀਕਾਂ ਵਲੋਂ ਚੋਣ ਲੜਣ ਲਈ ਖੜ੍ਹਾ ਕੀਤਾ ਜਾ ਰਿਹਾ ਹੈ| ਸਮਾਜ ਸੇਵਾ ਵਿਚ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਡਾ. ਊਮਾ ਸ਼ਰਮਾ ਵਸਨੀਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ ਅਤੇ ਵਸਨੀਕਾਂ ਵਲੋ ਉਹਨਾਂ ਨੂੰ ਵਾਰਡ ਨੰਬਰ 5 ਤੋਂ ਉਮੀਦਵਾਰ ਬਣਾਇਆ ਗਿਆ ਹੈ| 
ਇਹ ਆਮ ਧਾਰਨਾ ਹੈ ਕਿ ਜਦੋਂ ਕਿਸੇ ਮਹਿਲਾ ਨੂੰ ਕੌਂਸਲਰ ਚੁਣਿਆ ਜਾਂਦਾ ਹੈ ਤਾਂ ਸਾਰੇ ਸਰਕਾਰੀ ਅਤੇ ਹੋਰ ਜਰੂਰੀ ਕੰਮਕਾਜ ਊਸ ਮਹਿਲਾ ਦੇ ਪਤੀ ਜਾਂ ਪੁੱਤਰ ਵਲੋਂ ਹੀ ਕਰਵਾਏ ਜਾਂਦੇ ਹਨ ਅਤੇ ਮਹਿਲਾ ਕੌਂਸਲਰ ਘਰ ਦੀ ਚਾਰਦਿਵਾਰੀ ਤਕ ਹੀ ਸੀਮਿਤ ਰਹਿੰਦੀ ਹੈ ਪਰ ਡਾ. ਊਮਾ ਸ਼ਰਮਾ ਇੱਕ ਸਮਰਥ ਮਹਿਲਾ ਹਨ ਜੋ ਬਹੁਤ ਪੜੇ ਲਿਖੇ ਹੋਣ ਦੇ ਨਾਲ ਉਚ ਸਰਕਾਰੀ ਅਹੁਦੇ ਤੋਂ ਰਿਟਾਇਰ ਹੋਏ ਹਨ ਅਤੇ ਹਰ ਕੰਮ ਖੁਦ ਅੱਗੇ ਹੋ ਕੇ ਕਰਦੇ ਹਨ| ਇਕ ਮਹਿਲਾ ਹੋਣ ਕਰਕੇ ਉਹ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ| 
ਫਾਜਿਲਕਾ ਵਿਖੇ ਜਨਮੇ ਡਾ. ਊਮਾ ਸ਼ਰਮਾ ਨੇ ਪੀ ਐਚ ਡੀ, ਐਮ ਏ ਪੰਜਾਬੀ, ਬੀ ਐਡ, ਪੱਤਰਕਾਰਿਤਾ ਵਿਚ ਗਰੈਜੂਏਟ ਡਿਪਲੋਮਾ ਵੀ ਕੀਤਾ ਹੈ| ਉਹ ਆਪਣੀ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਰਹੇ ਹਨ| ਸਮਾਜਸੇਵਾ ਉਹਨਾਂ ਦੇ ਖੂਨ ਵਿੱਚ ਹੈ| ਉਹਨਾਂ ਦੇ ਪਿਤਾ ਸਵਰਗੀ ਡਾ. ਗੋਬਿੰਦ ਰਾਮ ਸ਼ਰਮਾ ਫਾਜਿਲਕਾ ਇਲਾਕੇ ਦੇ ਉਘੇ ਸਮਾਜ ਸੇਵਕ ਸਨ,  ਜਿਹਨਾਂ ਨੇ ਸਾਰੀ ਉਮਰ ਬੈਂਕ ਵਿਚ ਆਪਣਾ ਖਾਤਾ ਤਕ ਨਹੀਂ ਖੋਲਿਆ ਅਤੇ ਆਪਣੀ ਸਾਰੀ ਕਮਾਈ ਲੋਕ ਭਲਾਈ ਦੇ ਕੰਮਾਂ ਵਿਚ ਲਗਾ ਦਿੰਦੇ ਸਨ|  
ਡਾ. ਊਮਾ ਸ਼ਰਮਾ 29 ਸਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਨੌਕਰੀ ਕਰਕੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ| ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਕੇਸਰੀ ਦਿੱਲੀ ਲਈ ਸਾਢੇ ਚਾਰ ਸਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਬਿਊਰੋ ਚੀਫ ਵਜੋਂ ਜਿੰਮੇਵਾਰੀ ਨਿਭਾਈ ਹੈ| ਉਹਨਾਂ ਨੂੰ ਮੁਹਾਲੀ ਜਿਲ੍ਹੇ ਦੇ ਪਹਿਲੇ ਡੀ ਪੀ ਆਰ ਓ ਬਣਨ ਦਾ ਵੀ ਮਾਣ ਹਾਸਲ ਹੈ| 
ਡਾ. ਊਮਾ ਆਪਣੇ ਆਪ ਵਿੱਚ ਇੱਕ ਸੰਸਥਾ ਹਨ| ਉਹ ਨਾਰੀ ਸ਼ਕਤੀ ਸਭਿਆਚਾਰਕ ਮੰਚ ਮੁਹਾਲੀ ਦੇ ਪ੍ਰਧਾਨ, ਨੰਦ ਲਾਲ ਨੂਰਪੁਰੀ ਫਾਊਂਡੇਸਨ ਦੇ ਪ੍ਰਧਾਨ, ਡਾ. ਗੋਬਿੰਦ ਰਾਮ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ, ਮਾਲਵਾ ਵੂਮੈਨ ਵੈਲਫੇਅਰ ਸੁਸਾਇਟੀ ਦੇ ਚੇਅਰਪਰਸਨ, ਐਨ ਐਸ ਐਸ ਹੈਲਪਲਾਈਨ ਮੁਹਾਲੀ ਦੇ ਜਨਰਲ ਸਕੱਤਰ, ਲਾਇਨਜ ਕਲੱਬ ਚੰਡੀਗੜ੍ਹ ਕਿੰਗਜ ਦੇ ਪ੍ਰਧਾਨ, ਸ਼ਹੀਦ ਮੈਮੋਰੀਅਲ ਸੁਸਾਇਟੀ ਅਸਾਫਵਾਲਾ, ਫਾਜਿਲਕਾ ਦੇ ਕਾਰਜਕਾਰਨੀ ਮਂੈਬਰ, ਪਬਲਿਕ             ਰਿਲੇਸ਼ਨ ਕਂੌਸਲ ਆਫ ਇੰਡੀਆ ਚੰਡੀਗੜ੍ਹ ਚੈਪਟਰ ਦੇ ਮੈਂਬਰ, ਜਦੋਂਕਿ ਡਾ. ਊਮਾ ਸ਼ਰਮਾ  ਸੂਚਨਾ ਲੋਕ ਸੰਪਰਕ ਆਫਿਸਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ 2001-2009 ਅਤੇ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੇ ਮਹਿਲਾ ਮੁਖੀ ਹਨ| 
ਡਾ. ਊਮਾ ਸ਼ਰਮਾ ਨੂੰ ਉਹਨਾਂ ਵਲੋਂ ਕੀਤੇ ਜਾਂਦੇ ਵਡਮੁੱਲੇ ਕੰਮਾਂ ਲਈ                ਢੇਰਾਂ ਇਨਾਮ ਅਤੇ ਸਨਮਾਨ ਵੀ ਮਿਲੇ ਹਨ| 2011 ਵਿਚ ਪੰਜਾਬ ਕੇਸਰੀ ਗਰੁਪ ਦਿੱਲੀ ਵਲੋਂ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਵੂਮੈਨ ਕੇਸਰੀ ਐਵਾਰਡ ਨਾਲ ਸਨਮਾਨਿਆ ਗਿਆ ਸੀ| ਜਿਲ੍ਹਾ ਪ੍ਰਸ਼ਾਸਨ ਮੁਹਾਲੀ ਵਲੋਂ 15 ਅਗਸਤ 2008 ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ| ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰਕ ਮੰਚ ਫਾਜਿਲਕਾ ਵਲੋਂ 1998 ਵਿਚ ਅਤੇ ਪੋਸਟ ਗ੍ਰੈਜੁਏਟ ਵੈਲਫੇਅਰ ਸੁਸਾਇਟੀ ਫਾਜਿਲਕਾ ਵਲੋਂ ਸਾਲ 2009 ਵਿਚ ਫਾਜਿਲਕਾ ਗੌਰਵ ਸਨਮਾਨ, ਸ਼ਹੀਦ ਮੈਮੋਰੀਅਲ ਸੁਸਾਇਟੀ ਲੁਧਿਆਣਾ ਵਲੋਂ ਦੇਸ਼                ਸੇਵਾ ਰਤਨ ਅਵਾਰਡ, ਪੰਜਾਬ ਰਤਨ ਐਵਾਰਡ ਅਤੇ ਸ਼੍ਰੋਮਣੀ ਦੇਸ਼ ਸੇਵਾ ਰਤਨ ਐਵਾਰਡ, ਮਾਲਵਾ ਵੈਲਫੇਅਰ ਵੂਮੈਨ ਸੁਸਾਇਟੀ ਮੁਹਾਲੀ ਵਲੋਂ ਮਹਾਨ ਨਾਰੀ ਅਵਾਰਡ, ਖੂਨਦਾਨ ਵਾਸਤੇ ਸਿਵਲ ਪ੍ਰਸ਼ਾਸਨ ਪੰਜਾਬ ਸਰਕਾਰ ਚੰਡੀਗੜ੍ਹ ਵਲੋਂ ਸਨਮਾਨ, ਗ੍ਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਵਲੋਂ ਮਾਰਚ 2017 ਵਿਚ ਮਹਿਲਾ ਦਿਵਸ ਮੌਕੇ ਸਨਮਾਨ, ਰੀਡਰ ਐਂਡ ਰਾਈਟਰ ਸੁਸਾਇਟੀ ਆਫ ਇੰਡੀਆ ਵਲੋਂ ਇੰਟਰਨੈਸ਼ਨਲ ਵੂਮੈਨਜ ਡੇ ਤੇ ਸਨਮਾਨ, ਪ੍ਰੈਸ ਕੌਂਸਲ ਫਾਜਿਲਕਾ ਵਲੋਂ ਮੀਡੀਆ ਵਿਚ ਦਿਤੇ ਯੋਗਦਾਨ ਵਾਸਤੇ ਸਨਮਾਨ, ਭਾਰਤ ਵਿਕਾਸ ਪ੍ਰੀਸਦ ਮੁਹਾਲੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਕੰਮਾਂ ਲਈ ਸਨਮਾਨ, ਇੰਡੀਅਨ ਰੈਡਕਰਾਸ ਸੁਸਾਇਟੀ ਮੁਹਾਲੀ ਵਲੋਂ ਸਨਮਾਨ, ਇੰਸਪਾਇਰਿੰਕ ਪ੍ਰਸੈਨੇਲਿਟੀ ਆਫ ਚੰਡੀਗੜ੍ਹ ਬੁੱਕ ਵਿਚ ਜੀਵਨ ਵੇਰਵਾ,ਖਾਲਸਾ ਕਾਲਜ ਮੁਹਾਲੀ ਵਲੋਂ  ਮਹਾਨ ਨਾਰੀ ਸਨਮਾਨ ਮਿਲੇ ਹੋਏ ਹਨ| 
ਡਾ. ਊਮਾ ਸ਼ਰਮਾ ਸੱਤ ਭੈਣ ਭਰਾ ਹਨ| ਦੁਖਦਾਇਕ ਗੱਲ ਇਹ ਹੈ ਕਿ ਉਹਨਾਂ ਦੇ ਦੋ ਭਰਾ ਅਤੇ ਦੋ ਭਰਜਾਈਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਹਨ ਅਤੇ ਉਹਨਾਂ ਨੇ ਆਪਣੇ ਭਰਾਵਾਂ ਦੀਆਂ ਲੜਕੀਆਂ ਅਤੇ ਭੈਣ ਦੀ ਇਕ ਲੜਕੀ ਦੀ ਸਿਖਿਆ, ਪਾਲਣ ਪੋਸ਼ਣ ਅਤੇ ਵਿਆਹ ਵਿਚ ਅਹਿਮ ਭੂਮਿਕਾ ਨਿਭਾਈ| ਪਰਿਵਾਰਕ ਜਿੰਮੇਵਾਰੀਆਂ ਦੇ ਨਾਲ ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਰਹੇ| ਉਹਨਾਂ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਵਿਦਿਆਰਥੀਆਂ ਲਈ ਹੈਲਪਲਾਈਨ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਰਾਹੀਂ ਹੁਣ ਤਕ ਕਰੀਬ 476 ਵਿਦਿਆਰਥੀ ਸਹਾਇਤਾ ਪ੍ਰਾਪਤ ਕਰ ਚੁਕੇ ਹਨ|
ਡਾ. ਊਮਾ ਸ਼ਰਮਾ ਬਹੁਤ ਬਹਾਦਰ ਹਨ| ਉਹ ਦੱਸਦੇ ਹਨ ਕਿ ਇਕ ਵਾਰ ਉਹ ਰੇਲ ਗੱਡੀ ਵਿਚ ਸੂਰਤਗੜ ਤੋਂ ਆ ਰਹੇ ਸਨ ਕਿ ਰੇਲ ਗੱਡੀ ਵਿਚ ਘਰ ਤੋਂ ਭੱਜ ਕੇ ਆਈ ਇਕ ਲੜਕੀ ਦਾ ਬਚਾਓ ਕੀਤਾ ਅਤੇ ਉਸ ਨੂੰ ਉਸਦੇ ਮਾਪਿਆਂ ਕੋਲ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ| ਇਸੇ ਤਰ੍ਹਾਂ ਦਸੰਬਰ 2002 ਦੀ ਇਕ ਰਾਤ ਨੂੰ ਬ੍ਰਿੰਦਾਵਨ ਵਿਖੇ ਰਾਤ ਦੇ ਕਰੀਬ 11.30 ਵਜੇ  ਇਕ ਮੰਦਰ ਨੇੜੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਭੈਣਾਂ ਨੂੰ ਡਾਕੂਆਂ ਨੇ ਘੇਰ ਲਿਆ ਸੀ ਅਤੇ ਇਕ ਡਾਕੂ ਨੇ ਉਹਨਾਂ ਦੇ ਸਿਰ ਉੱਪਰ ਪਿਸਤੌਲ ਤਕ ਤਾਨ ਦਿਤੀ ਸੀ ਪਰ ਉਹਨਾਂ ਨੇ ਬਹਾਦਰੀ ਦਿਖਾਊਂਦਿਆਂ ਡਾਕੂ ਦਾ ਪਿਸਤੌਲ ਵਾਲਾ ਹੱਥ ਫੜ ਲਿਆ ਅਤੇ ਡਾਕੂਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਡਾਕੂਆਂ ਨੂੰ ਖਦੇੜ ਦਿਤਾ| ਜਿਸ ਕਾਰਨ ਉਹਨਾਂ ਦੀ ਬਹਾਦਰੀ ਦੀ ਚਰਚਾ ਦੂਰ ਦੂਰ ਤਕ ਹੋਈ|  
ਡਾ. ਊਮਾ ਸ਼ਰਮਾ ਦਾ ਕਹਿਣਾ ਹੈ ਕਿ ਕਂੌਸਲਰ ਬਣਨ ਤੋਂ ਬਾਅਦ ਜਿਥੇ ਆਪਣੇ ਵਾਰਡ ਦਾ ਉਹ ਸਰਵਪੱਖੀ ਵਿਕਾਸ ਕਰਵਾਉਣਗੇ, ਉਥੇ ਉਹ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਪਰ ਹੱਲ ਕਰਵਾਉਣਗੇ| ਉਹਨਾਂ ਕਿਹਾ ਕਿ ਉਹ ਇਕ ਮਹਿਲਾ ਹੋਣ ਕਰਕੇ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਸਮਝਦੇ ਹਨ, ਜਿਸ ਲਈ ਉਹ ਮਹਿਲਾਵਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਉਪਰਾਲੇ ਕਰਨਗੇ| ਉਹਨਾਂ ਕਿਹਾ ਕਿ ਮਹਿਲਾਵਾਂ ਦੀ ਸਹਾਇਤਾ ਲਈ ਉਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਖੁਲੇ ਹਨ|

Leave a Reply

Your email address will not be published. Required fields are marked *