ਆਪਣੇ ਹੁਣ ਤੱਕ ਦੇ ਸਭਤੋਂ ਗੰਭੀਰ ਸਕੰਟ ਦਾ ਸਾਮ੍ਹਣਾ ਕਰ ਰਿਹਾ ਹੈ ਅਕਾਲੀ ਦਲ

2007 ਤੋਂ 2017 ਤੱਕ ਪੂਰੇ ਦਸ ਸਾਲਾਂ ਤੱਕ ਲਗਾਤਾਰ  ਪੰਜਾਬ ਦੀ ਸੱਤਾ ਦਾ ਸੁੱਖ ਮਾਨਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਇਹ ਸਮਾਂ ਸ਼ਾਇਦ ਸਭ ਤੋਂ ਮਾੜਾ ਕਿਹਾ ਜਾ ਸਕਦਾ ਹੈ ਜਦੋਂ ਪਾਰਟੀ ਨੂੰ ਆਪਣੇ ਅੰਦਰ ਅਤੇ ਬਾਹਰ ਦੋਹਾਂ ਪਾਸਿਆਂ ਤੋਂ ਭਾਰੀ ਵਿਰੋਧ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਪਿਛਲੇ ਸਮੇਂ ਦੌਰਾਨ ਬਹਿਬਲ ਕਲਾਂ ਗੋਲੀ ਕਾਂਡ ਲਈ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਸ਼ਿਖਰ ਅਗਵਾਈ ਨੂੰ ਇਸ ਸਾਰੇ ਕੁੱਝ ਲਈ ਜਿੰਮੇਵਾਰ ਠਹਿਰਾਇਆ ਗਿਆ ਅਤੇ ਉਸਤੋਂ ਬਾਅਦ ਲਗਾਤਾਰ ਵਾਪਰਦੇ ਸਿਆਸੀ ਘਟਨਾਚੱਕਰ ਦੌਰਾਨ ਪਹਿਲਾਂ ਜੱਥੇਦਾਰ ਰਣਜੀਤ ਸਿੰਘ ਬ੍ਰਹਮਪਰਾ ਵਲੋਂ ਵੱਖਰਾ ਅਕਾਲੀ ਦਲ ਟਕਸਾਲੀ ਬਣਾਏ ਜਾਣ ਅਤੇ ਫਿਰ ਸ੍ਰ. ਬਾਦਲ ਦੇ ਸਭਤੋਂ ਨਜਦੀਕੀ ਸਮਝੇ ਜਾਂਦੇ ਸ੍ਰ. ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਦੌਰਾਨ ਅਕਾਲੀ ਦਲ ਬਾਦਲ ਨੂੰ ਵੱਡਾ ਖੋਰਾ ਲੱਗਿਆ ਹੈ ਅਤੇ ਪਾਰਟੀ ਦੇ ਟਕਸਾਲੀ ਕਹੇ ਜਾਣ ਵਾਲੇ ਆਗੂ ਇੱਕ ਇੱਕ ਕਰਕੇ ਪਾਰਟੀ ਛੱਡ ਕੇ ਜਾ ਰਹੇ ਹਨ| ਕੁੱਝ ਦਿਨ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮਟੀ ਦੇ ਪ੍ਰਧਾਨ ਰਹੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਵੀ ਬਾਦਲਾਂ ਨੂੰ ਅਲਵਿਦਾ ਆਖ ਗਏ ਹਨ|  
ਹਾਲਾਂਕਿ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਪਾਰਟੀ ਦੇ ਕਈ ਵੱਡੇ ਆਗੂ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿੱਚ ਸ਼ਾਮਿਲ ਹੋਏ ਸੀ ਪਰੰਤੂ ਚੋਣਾਂ ਮੌਕੇ ਅਜਿਹਾ ਆਮ ਹੁੰਦਾ ਹੈ ਅਤੇ ਆਪਣੇ ਸਿਆਸੀ ਨਫੇ ਨੁਕਸਾਨ ਦੇ ਹਿਸਾਬ ਨਾਲ ਵੱਖ ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੀਆਂ ਪਾਰਟੀਆਂ ਛੱਡ ਕੇ ਹੋਰਨਾਂ ਪਾਰਟੀਆਂ ਦਾ ਪੱਲਾ ਫੜਿਆ ਜਾਂਦਾ ਰਿਹਾ ਹੈ| ਪਰੰਤੂ ਇਸ ਵੇਲੇ ਅਕਾਲੀ ਦਲ ਵਿੱਚ ਜਿਹੜੀ ਬਗਾਵਤ ਉਭਰੀ ਹੈ ਉਸਦਾ ਚੋਣਾਂ ਦੀ ਰਾਜਨੀਤੀ ਨਾਲ ਸੰਬੰਧ ਨਹੀਂ ਦਿਖਦਾ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਪਾਰਟੀ ਦੇ ਉਹ ਆਗੂ ਜਿਹੜੇ ਹੁਣ ਤਕ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਤੋਂ ਤੰਗ ਹੋਣ ਦੇ ਬਾਵਜੂਦ ਉਹਨਾਂ ਦੇ ਖਿਲਾਫ ਮੂੰਹ ਖੋਲ੍ਹਣ ਤੋਂ ਪਰਹੇਜ ਕਰਦੇ (ਜਾਂ ਡਰਦੇ) ਸਨ, ਉਹ ਵੀ ਹੁਣ ਉਹਨਾਂ ਦੇ ਖੁੱਲ ਕੇ ਬੋਲਣ ਲੱਗ ਪਏ ਹਨ|
ਜਿਸ ਤੇਜੀ ਨਾਲ ਅਕਾਲੀ ਦਲ ਬਾਦਲ ਦੇ ਖਿਲਾਫ ਇਕੱਜੁਟ ਹੋਏ ਇਹਨਾਂ ਬਾਗੀ ਅਕਾਲੀਆਂ ਦੀ ਤਾਕਤ ਵੱਧ ਰਹੀ ਹੈ ਉਸਦਾ ਉਲਟਾ ਅਸਰ ਅਕਾਲੀ ਦਲ ਬਾਦਲ ਤੇ ਹੀ ਪੈ ਰਿਹਾ ਹੈ| ਇਸ ਗੱਲ ਨੂੰ ਬਿਲਕੁਲ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਸ੍ਰ. ਬਾਦਲ ਨੂੰ ਛੱਡ ਕੇ ਬ੍ਰਹਮਪੁਰਾ ਜਾਂ ਢੀਂਡਸਾ ਦੇ ਨਾਲ ਜਾ ਕੇ ਰਲਣ ਵਾਲੇ ਇਹ ਤਮਾਮ ਆਗੂ ਅਜਿਹੇ ਟਕਸਾਲੀ ਪਰਿਵਾਰਾਂ ਨਾਲ ਸੰਬੰਧਿਤ ਹਨ ਜਿਹੜੇ ਪੀੜ੍ਹੀ ਦਰ ਪੀੜ੍ਹੀ  ਅਕਾਲੀ ਚਲਦੇ ਆ ਰਹੇ ਹਨ ਅਤੇ ਉਹਨਾਂ ਨੇ ਸਾਰੀ ਉਮਰ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਨ ਪਾਰਟੀ ਸਾਬਿਤ ਕਰਨ ਦੀ ਹੀ ਰਾਜਨੀਤੀ ਕੀਤੀ ਹੈ| ਇਹ ਵੀ ਹਕੀਕਤ ਹੈ ਕਿ ਇਹ ਆਗੂ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਭਾਵੇਂ ਕੋਈ ਵੀ ਤਰਕ                ਦੇਣ ਪਰੰਤੂ ਅਸਲ ਵਿੱਚ ਉਹਨਾਂ ਦੀ ਮੁੱਖ ਸ਼ਿਕਾਇਤ ਇਹੀ ਰਹੀ ਹੈ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਬਣਦਾ ਰੁਤਬਾ ਦੇਣ ਦੀ ਥਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ| 
ਇਸ ਲਿਹਾਜ ਨਾਲ ਵੇਖੀਏ ਤਾਂ ਅਕਾਲੀ ਦਲ ਤੋਂ ਹੋਣ ਵਾਲਾ ਪਾਰਟੀ ਆਗੂਆਂ ਦਾ ਪਲਾਇਨ ਪਾਰਟੀ ਪ੍ਰਧਾਨ ਦੀ ਕਾਰਗੁਜਾਰੀ ਤੇ ਹੀ ਸਵਾਲ ਚੁੱਕਦਾ ਹੈ ਕਿ ਉਹ ਆਪਣੀ ਹੀ ਪਾਰਟੀ ਦੇ ਅਜਿਹੇ ਆਗੂਆਂ ਦੀਆਂ ਆਸਾਂ ਤੇ ਖਰੇ ਉਤਰਨ ਵਿੱਚ ਨਾਕਾਮ ਰਹੇ ਹਨ| ਜਾਹਿਰ ਹੈ ਅਕਾਲੀ ਦਲ ਬਾਦਲ ਨੂੰ ਛੱਡ ਕੇ ਜਾਣ ਵਾਲੇ ਆਗੂਆਂ ਦੀ ਇਹ ਕਤਾਰ 2022 ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਲਈ ਕਾਫੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ ਅਤੇ ਇਸਦਾ ਸੇਕ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੇ ਵੀ ਆਉਣਾ ਤੈਅ ਹੈ| ਵੇਖਣਾ ਇਹ ਹੈ ਕਿ ਸ੍ਰ. ਬਾਦਲ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਇਹਨਾਂ ਆਗੂਆਂ ਕਾਰਣ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਰਹਿੰਦੇ ਹਨ|

Leave a Reply

Your email address will not be published. Required fields are marked *