ਆਪ ਅਤੇ ਅਕਾਲੀ ਦਲ ਵਿਚਾਲੇ ਸਮਝੌਤਾ ਹੋਇਆ: ਸਿੱਧੂ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਚੋਣ ਲੜਨ ਵਾਲੀ ਗੁਲ ਪਨਾਗ ਦੇ ਪਿਤਾ ਰਿਟਾ.ਲੈਫ.ਜਨਰਲ. ਹਰਚਰਨਜੀਤ ਸਿੰਘ ਪਨਾਗ ਵਲੋਂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਨਾਲ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਗੰਢਤੁਪ ਜੱਗ ਜਾਹਿਰ ਹੋ ਚੁਕੀ ਹੈ| ਇਸ ਗੱਲ ਦਾ ਪ੍ਰਗਟਾਵਾ ਅੱਜ ਪਿੰਡ ਸਫੀਪੁਰ ਵਿਖੇ ਇੱਕ ਜਨ ਸੰਪਰਕ ਮੀਟਿੰਗ ਦੌਰਾਨ ਕੀਤਾ|  ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਮਕਸਦ ਨਾਲ ਹੀ ਪੰਜਾਬ ਅੰਦਰ ਆਪਣੇ ਉਮੀਦਵਾਰ ਖੜ੍ਹੇ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਸ੍ਰੋਮਣੀ ਅਕਾਲੀ ਦਲ ਨੂੰ ਅੰਦਰ ਖਾਤੇ ਆਪਣਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਹੁਣ ਸ਼ਾਇਦ ਕੇਜਰੀਵਾਲ ਨੂੰ ਇਹ ਸਭ ਕੁੱਝ ਨਜਰ ਨਹੀਂ ਆ ਰਿਹਾ ਕਿ ਜੋ ਵਿਅਕਤੀ ਲੋਕ ਸਭਾ ਚੋਣਾਂ ਵਿਚ ਚੰਡੀਗੜ੍ਹ ਤੋਂ ਆਪ ਉਮੀਦਵਾਰ ਗੁਲ ਪਨਾਗ ਲਈ ਅੱਗੇ ਹੋ ਕੇ ਚੋਣ ਪ੍ਰਚਾਰ ਕਰ ਰਿਹਾ ਸੀ, ਉਹੀ ਵਿਅਕਤੀ ਹੁਣ ਅਕਾਲੀ ਉਮੀਦਵਾਰ ਕੈਪਟਨ                         ਤੇਜਿੰਦਰਪਾਲ ਸਿੰਘ ਸਿੱਧੂ ਦੇ ਚੋਣ ਦਫਤਰ ਦਾ ਅੱਗੇ ਹੋ ਕੇ ਉਦਘਾਟਨ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦੇ ਇਸ ਦੋਗਲੇ ਕਿਰਦਾਰ ਨੂੰ ਚੰਗੀ ਤਰ੍ਹਾਂ ਜਾਣ ਚੁਕੇ ਹਨ ਅਤੇ ਇਨ੍ਹਾਂ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੀ ਲੱਕ ਤੋੜਵੀਂ ਹਾਰ ਨੰਗੇ ਚਿੱਟੇ ਦਿਨ ਵਾਂਗ ਹੁਣੇ ਤੋਂ ਦਿਖਾਈ ਦੇਣ ਲੱਗ ਪਈ ਹੈ| ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ,  ਜਨਰਲ ਸਕੱਤਰ ਰਮਨਦੀਪ ਸਿੰਘ ਸਫੀਪੁਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਕਰਨੈਲ ਸਿੰਘ, ਉਜਾਗਰ ਸਿੰਘ, ਸੰਤ ਸਿੰਘ, ਸਾਧੂ ਸਿੰਘ, ਬੂਟਾ ਸਿੰਘ, ਦਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਮੌਜੂਦ ਸਨ|
ਇਸੇ ਦੌਰਾਨ ਅੱਜ ਨਜ਼ਦੀਕੀ ਪਿੰਡ ਧਰਮਗੜ੍ਹ ਵਿਖੇ ਲੱਗਭਗ ਦੋ ਦਰਜਨ ਪਰਿਵਾਰ ਜਿਨ੍ਹਾਂ ਵਿੱਚ ਜੋਰਾ ਸਿੰਘ, ਕਾਕਾ ਸਿੰਘ, ਗੁਰਪ੍ਰੀਤ ਸਿੰਘ, ਕਰਮ ਸਿੰਘ ਕੰਮਾ, ਕਿਪਾਲ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਜਸਪਾਲ ਸਿੰਘ ਆਦਿ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਜਿਨ੍ਹਾਂ ਦਾ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ ਅਤੇ ਪਾਰਟੀ ਅੰਦਰ ਬਣਦਾ ਮਾਣ-ਸਨਮਾਨ ਦਿਵਾਉਣ ਦਾ ਭਰੋਸਾ ਵੀ ਦਿਵਾਇਆ| ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰਾਂ ਨੇ ਹਮੇਸ਼ਾਂ ਹੀ ਅਕਾਲੀ ਵਰਕਰਾਂ ਨਾਲ ਧੱਕਾ ਕਰਦੇ ਹੋਏ ਆਪਣੇ ਧੀਆਂ ਪੁੱਤਰਾਂ ਨੂੰ ਤਰਜੀਹ ਦਿੱਤੀ ਹੈ ਮੁਹਾਲੀ ਹਲਕੇ ਤੋਂ ਵੀ ਇੱਕ ਅਜਿਹੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਨੇ ਕਦੇ ਹਲਕੇ ਦੇ ਲੋਕਾਂ ਦੀ ਦੁੱਖ-ਤਕਲੀਫ ਤੱਕ ਨਹੀਂ ਸੁਣੀ| ਇਸ ਮੌਕੇ ਸ਼ਾਮਿਲ ਹੋਣ ਵਾਲੇ ਵਰਕਰਾਂ ਨੇ ਐਲਾਨ ਕੀਤਾ ਕਿ ਉਹ ਸ. ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸਰਗਰਮੀ ਨਾਲ ਚਲਾਉਣਗੇ ਅਤੇ ਉਹ ਸ. ਸਿੱਧੂ ਦੀ ਬਹੁਪੱਖੀ ਸਖਸ਼ੀਅਤ ਨੂੰ ਦੇਖ ਕਾਂਗਰਸ ਪਾਰਟੀ ਨਾਲ ਜੁੜੇ ਹਨ| ਉਨ੍ਹਾਂ ਦਾਅਵਾ ਕੀਤਾ ਕਿ ਚਾਰ ਫਰਵਰੀ ਵਾਲੇ ਦਿਨ ਕਾਂਗਰਸੀਆਂ ਦੇ ਨਾਲ-ਨਾਲ ਅਕਾਲੀ ਵਰਕਰ ਵੀ ਅੰਦਰ ਖਾਤੇ ਸ. ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਭੁਗਤਣਗੇ ਅਤੇ ਅਕਾਲੀ ਉਮੀਦਵਾਰ ਨੂੰ ਰਾਮੂਵਾਲੀਆਂ ਨਾਲੋਂ ਵੀ ਵੱਡੀ ਹਾਰ ਝੱਲਣੀ ਪਵੇਗੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਧਰਮਗੜ੍ਹ, ਜਨ. ਸਕੱਤਰ ਗੁਰਪ੍ਰੀਤ ਸਿੰਘ ਬਰਾੜ, ਬਲਾਕ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਮਨਜੀਤ ਸਿੰਘ ਤੰਗੋਰੀ, ਲਾਭ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਗਿੱਲ, ਰਮਨਦੀਪ ਸਿੰਘ ਸਫੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *