ਆਪ ਤੋਂ ਮੋਹ ਭੰਗ ਹੋਣ ਤੋਂ ਬਾਅਦ ਦਰਬਾਰੀ ਲਾਲ ਦੀ ਪੰਜਾਬ ਕਾਂਗਰਸ ਵਿੱਚ ਵਾਪਿਸੀ

ਨਵੀਂ ਦਿੱਲੀ, 11 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਦਿੱਤੇ ਜਾਣ ਤੋਂ ਇਕ ਹਫਤੇ ਤੋਂ ਘੱਟ ਸਮੇਂ ਅੰਦਰ ਦਰਬਾਰੀ ਲਾਲ ਕਾਂਗਰਸ ਵਿੱਚ ਵਾਪਿਸ ਆ ਗਏ| ਦਰਬਾਰੀ ਲਾਲ ਨੇ ਕਿਹਾ ਕਿ ਉਹ ਸਮਝ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਹੀ ਸੰਕਟਾਂ ਨਾਲ ਘਿਰੇ ਪੰਜਾਬ ਲਈ ਰਾਹਤ ਦੀ ਇਕੋ ਇਕ ਉਮੀਦ ਹੈ|
ਇਸ ਮੌਕੇ ਲਾਲ ਦੀ ਪੰਜਾਬ ਕਾਂਗਰਸ ਵਿੱਚ ਵਾਪਿਸੀ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜ਼ੂਦ ਰਹੇ| ਇਸ ਦੌਰਾਨ ਕੈਪਟਨ ਅਮਰਿੰਦਰ ਨੇ ਲਾਲ ਦੀ ਕਾਂਗਰਸ ਵਿੱਚ ਵਾਪਿਸੀ ਨੂੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਾਸਤੇ ਇਕ ਹੋਰ ਸੱਟ ਕਰਾਰ ਦਿੱਤਾ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰੀ ਲਾਲ ਪਾਰਟੀ ਨਾਲ ਉਨ੍ਹਾਂ ਦੀਆਂ ਕੁਝ ਸ਼ਿਕਾਇਤਾਂ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਸਨ, ਜਿਨ੍ਹਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ ਤੇ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਅਤੇ ਅੰਮ੍ਰਿਤਸਰ ਵਿੱਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸਹਾਇਤ ਕਰਨ ਦਾ ਫੈਸਲਾ ਲਿਆ ਹੈ|
ਜਦਕਿ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਟਿਕਟ ਦੀ ਇੱਛਾ ਨਾਲ ਪਾਰਟੀ ਵਿੱਚ ਵਾਪਿਸੀ ਨਹੀਂ ਕੀਤੀ ਹੈ, ਸਗੋਂ ਉਹ ਸੂਬੇ ਦੀ               ਸੇਵਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਭ੍ਰਿਸ਼ਟ ਤੇ ਲਾਲਚੀ ਆਪ ਨੂੰ ਛੱਡਣ ਦਾ ਫੈਸਲਾ ਲਿਆ, ਬਾਵਜੂਦ ਇਸਦੇ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਰਵਿੰਦ                                 ਕੇਜਰੀਵਾਲ ਦੀ ਪਾਰਟੀ ਤੋਂ ਟਿਕਟ ਮਿੱਲ ਗਈ ਸੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਜ ਕੁਮਾਰ ਵੇਰਕਾ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਜਨਰਲ ਸਕੱਤਰ ਸੰਜੀਵ ਅਰੋੜਾ ਵੀ ਮੌਜ਼ੂਦ ਰਹੇ|
ਜ਼ਿਕਰਯੋਗ ਹੈ ਕਿ ਲਾਲ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਤੇ ਸੂਬਾ ਵਿਧਾਨ ਸਭਾ ਵਿੱਚ ਸਾਬਕਾ ਕਾਂਗਰਸੀ ਡਿਪਟੀ ਸਪੀਕਰ ਰਹੇ ਹਨ, ਜਿਹੜੇ ਪਹਿਲਾਂ 2014 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸਨ ਅਤੇ ਬਾਅਦ ਵਿੱਚ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਿਲ ਹੋ ਗਏ ਸਨ|

Leave a Reply

Your email address will not be published. Required fields are marked *