‘ਆਪ’ ਦਾ ਕੋਈ ਸਿਧਾਂਤ ਨਹੀਂ, ਅਮੀਰਾਂ ਅਤੇ ਕਰੱਪਟ ਉਮੀਦਵਾਰਾਂ ਨੂੰ ਬਣਾਇਆ ਉਮੀਦਵਾਰ : ਡਾ. ਗਾਂਧੀ

– ਬਲਵਿੰਦਰ ਕੁੰਭੜਾ ਆਮ ਆਦਮੀ ਪਾਰਟੀ ਛੱਡ ਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜੇ

ਐੱਸ.ਏ.ਐੱਸ. ਨਗਰ, 9 ਅਕਤੂਬਰ : ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਅਤੇ ਭ੍ਰਿਸ਼ਟਾਚਾਰ ਮੁਕਤ ਰਾਜ ਦੇਣ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਵਿੱਚ ਘੁਸਪੈਠ ਕਰ ਚੁੱਕੀ ਆਮ ਆਦਮੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈ| ਇਸ ਪਾਰਟੀ ਨੇ ਪਿਛਲੇ ਲਗਭਗ ਤਿੰਨ ਸਾਲ ਤੋਂ ਪੰਜਾਬ ਵਿੱਚ ਪੂਰੀ ਮਿਹਨਤ, ਇਮਾਨਦਾਰੀ ਅਤੇ ਸਰਗਰਮੀ ਨਾਲ ਕੰਮ ਕਰ ਰਹੇ ਵਾਲੰਟੀਅਰਾਂ ਨੂੰ ਲਤਾੜ ਕੇ ਅਮੀਰਾਂ ਅਤੇ ਕਰੱਪਟ ਵਿਅਕਤੀਆਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾ ਦਿੱਤਾ ਹੈ| ਇਹ ਵਿਚਾਰ ਲੋਕ ਪੰਜਾਬ ਫਰੰਟ ਦੇ ਸਰਪ੍ਰਸਤ ਅਤੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪਿੰਡ ਕੁੰਭੜਾ ਵਿਖੇ ‘ਆਪ’ ਛੱਡ ਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਵਿੱਚ ਸ਼ਾਮਿਲ ਹੋਏ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਇਸ ਮੌਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਪੰਜਾਬ ਕਨਵੀਨਰ ਪ੍ਰੋ. ਮਨਜੀਤ ਸਿੰਘ, ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਵੱਲੋਂ ਸ੍ਰ. ਕੁੰਭੜਾ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ|
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਤੇ ਵਰ੍ਹਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਾਗੀ ਅਤੇ ਕਰੱਪਟ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਪਾਰਟੀ ਦੇ ਸਹੀ ਵਾਲੰਟੀਅਰਾਂ ਨਾਲ ਧਰੋਹ ਕਮਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ‘ਆਪ’ ਦੇ ਸੀਡੀ ਸਕੈਂਡਲ ਤਾਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਕਈ ਸੀਡੀ ਸਕੈਂਡਲ ਸਾਹਮਣੇ ਆਉਣ ਦੀ ਸੰਭਾਵਨਾ ਹੈ|
ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਕਨਵੀਨਰ ਪ੍ਰੋ. ਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੀ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀ ਲੀਹ ਉਤੇ ਚੱਲ ਰਹੀ ਹੈ| ਇਸ ਲਈ ‘ਆਪ’ ਦੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਮੂੰਹ ਨਾ ਲਗਾਇਆ ਜਾਵੇ|
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਪਿਛਲੇ ਲਗਭਗ ਤਿੰਨ ਸਾਲ ਤੋਂ ਪੂਰੀ ਸਰਗਰਮੀ ਨਾਲ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਧੱਕੇਸ਼ਾਹੀਆਂ ਅਤੇ ਗੁੰਡਾਗਰਦੀ ਅਤੇ ਗਰੀਬਾਂ ਦੀਆਂ ਜਮੀਨਾਂ ਅਤੇ ਮਕਾਨਾਂ ਅਤੇ ਸਰਕਾਰੀ ਗਲੀਆਂ ਉਤੇ ਕੀਤੇ ਨਜਾਇਜ ਕਬਜੇ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਧੱਕੇਸ਼ਾਹੀਆਂ ਦੇ ਬਰਖਿਲਾਫ ਲੜਦੇ ਆ ਰਹੇ ਸਨ| ਇੰਨੀਆਂ ਸਖਤ ਮਿਹਨਤਾਂ ਸਦਕਾ ਹਲਕਾ ਮੋਹਾਲੀ ਦੇ ਲੋਕਾਂ ਦੀ ਆਮ ਆਦਮੀ ਪਾਰਟੀ ਉਤੇ ਉਮੀਦ ਦੀ ਆਸ ਬੱਝੀ ਸੀ ਪ੍ਰੰਤੂ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਅਤੇ ਫਿਰ ਉਸ ਤੋਂ ਬਾਅਦ ਇਨ੍ਹਾਂ ਮਿਹਨਤ ਕਰਨ ਵਾਲੇ ਸਰਗਰਮ ਵਾਲੰਟੀਅਰਾਂ ਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਗਿਆ| ਇਸ ਦੇ ਨਤੀਜੇ ਵਜੋਂ ‘ਆਪ’ ਵੱਲੋਂ ਹਲਕਾ ਮੋਹਾਲੀ ਵਿੱਚ ਭੇਜੇ ਗਏ ਉਮੀਦਵਾਰ ਪ੍ਰਤੀ ਸਖਤ ਨਰਾਜਗੀ ਛਾ ਗਈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜਨ ਅਤੇ ‘ਆਪ’ ਨੂੰ ਬਿਲਕੁਲ ਸਹਿਯੋਗ ਨਾ ਦੇਣ| ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਪ੍ਰੋ. ਸੰਤੋਖ ਸਿੰਘ ਨੇ ਲੋਕਾਂ ਨੂੰ ‘ਆਪ’ ਦੀ ਧੋਖਾਧੜੀ ਤੋਂ ਬਚ ਕੇ ਪੰਜਾਬੀਆਂ ਨੂੰ ਮੁਫ਼ਤ ਪੜ੍ਹਾਈ, ਮੁਫ਼ਤ ਦਵਾਈ ਅਤੇ ਸਭ ਨੂੰ ਰੋਜਗਾਰ ਅਤੇ ਕਰਜਾ ਮੁਕਤ ਪੰਜਾਬ ਦੇਣ ਵਾਲੀ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜਨ ਲਈ ਕਿਹਾ|
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਜ਼ਿਲ੍ਹੇ ਦੀ 11 ਮੈਂਬਰੀ ਟੀਮ ਵੀ ਚੁਣੀ ਜਿਸ ਵਿੱਚ ਮਾਸਟਰ ਗੁਰਚਰਨ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ, ਬਲਵਿੰਦਰ ਸਿੰਘ ਸਾਬਕਾ ਪੰਚ ਮਾਣਕਪੁਰ ਕੱਲਰ, ਗੁਰਨਾਮ ਕੌਰ ਕੁੰਭੜਾ ਸਾਬਕਾ ਬਲਾਕ ਸੰਮਤੀ ਮੈਂਬਰ, ਬਲਜਿੰਦਰ ਸਿੰਘ ਸਰਪੰਚ ਚਡਿਆਲਾ, ਮਿਸਤਰੀ ਜਸਪਾਲ ਸਿੰਘ ਰਾਏਪੁਰ, ਰਣਜੀਤ ਸਿੰਘ ਖੰਨਾ, ਸਤਨਾਮ ਸਿੰਘ ਪੰਚਾਇਤ ਮੈਂਬਰ ਰਾਏਪੁਰ, ਦਲਜੀਤ ਕੌਰ ਸਾਬਕਾ ਪੰਚ ਕੁੰਭੜਾ, ਜੰਗਵੀਰ ਸਿੰਘ ਨੰਬਰਦਾਰ, ਮਨਜੀਤ ਸਿੰਘ ਨੂੰ ਚੁਣਿਆ ਗਿਆ|

Leave a Reply

Your email address will not be published. Required fields are marked *