ਆਪ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਕੀਤਾ ਚੋਣ ਪ੍ਰਚਾਰ ਸ਼ੁਰੂ

ਮੋਹਾਲੀ ਇਲਾਕੇ ਦਾ ਕੀਤਾ ਜਾਵੇਗਾ ਸਰਬਪੱਖੀ ਵਿਕਾਸ – ਹਿੰਮਤ ਸਿੰਘ ਸ਼ੇਰਗਿੱਲ

ਆਪ ਆਗੂ ਅਤੇ ਮੋਹਾਲੀ ਤੋਂ ਆਪ ਪਾਰਟੀ ਦੇ ਉਮੀਦਵਾਰ ਸ. ਹਿੰਮਤ ਸਿੰਘ ਸ਼ੇਰਗਿੱਲ ਨੇ ਪਾਰਟੀ ਦੀ ਟਿਕਟ ਮਿਲਣ ਤੋਂ ਬਾਅਦ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ| ਅੱਜ ਉਹ ਸੈਂਕੜੇ ਸਮਰਥਕਾਂ ਨਾਲ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਤੇ ਸ਼ਿਵ ਮੰਦਰ ਫੇਜ਼-9 ਪਹੁੰਚ ਕੇ ਪ੍ਰਮਾਤਮਾ ਅਤੇ ਸੰਗਤਾਂ ਤੋਂ ਅਸ਼ੀਰਵਾਦ ਅਤੇ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ| ਅੱਜ ਸ਼੍ਰੀ ਸ਼ੇਰਗਿੱਲ ਗੁਰਦੁਆਰਾ ਸਾਹਿਬ ਅਤੇ ਮੰਦਿਰ ਵਿੱਚ ਸਿਰਫ ਅਰਦਾਸ ਕਰਨ ਹੀ ਆਏ ਸਨ ਪਰੰਤੂ ਸਮਰਥਕਾਂ ਦੇ ਭਾਰੀ ਇਕੱਠੇ ਦੇ ਉਤਸ਼ਾਹ ਨੂੰ ਦੇਖਦੇ ਹੋਏ ਉਹਨਾਂ ਨੂੰ ਹਾਜ਼ਰ ਇਕੱਠ ਨੂੰ ਵਿਚਾਰ-ਚਰਚਾ ਕਰਨ ਲਈ ਰੁਕਣਾ ਪਿਆ| ਮੌਕੇ ਤੇ ਹਾਜ਼ਰ ਪੱਤਰਕਾਰਾਂ ਦੇ ਸਵਾਲ ਪੁੱਛਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਤਿਆਰ ਕਰ ਰਹੀ ਹੈ ਅਤੇ ਮੋਹਾਲੀ ਇਲਾਕੇ ਦੇ ਲੋਕਾਂ ਕੋਲੋਂ ਪੁੱਛਣ ਤੋਂ ਬਾਅਦ ਇਲਾਕੇ ਦਾ ਅਲੱਗ ਤੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪਹਿਲਾਂ ਵੀ ਐਮ.ਪੀ. ਚੋਣਾਂ ਸਮੇਂ ਮੈਨੂੰ ਪੂਰੇ ਅਨੰਦਪੁਰ ਸਾਹਿਬ ਹਲਕੇ ਵਿੱਚੋਂ ਸਭ ਤੋਂ ਵੱਧ ਵੋਟਾਂ ਮੋਹਾਲੀ ਤੋਂ ਪ੍ਰਾਪਤ ਹੋਈਆਂ ਸਨ| ਮੋਹਾਲੀ ਇਲਾਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਮੇਰੇ ਤੇ ਪੂਰਾ ਭਰੋਸਾ ਰੱਖਣ ਕਰਕੇ ਹੀ ਮੈਨੂੰ ਮੋਹਾਲੀ ਤੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ ਸਨ ਜਿਸ ਕਾਰਨ ਪਾਰਟੀ ਨੇ ਮੈਨੂੰ ਦੇਸ਼-ਵਿਦੇਸ਼ ਅਤੇ ਪੂਰੇ ਪੰਜਾਬ ਵਿੱਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਚੁਣਿਆ ਸੀ ਤੇ ਹੁਣ ਮੁੜ ਮੈਨੂੰ ਪਾਰਟੀ ਵੱਲੋਂ ਮੋਹਾਲੀ ਤੋਂ ਚੋਣਾਂ ਲੜਾਉਣ ਦਾ ਫੈਸਲਾ ਲਿਆ ਗਿਆ ਹੈ| ਉਮੀਦ ਹੈ ਕਿ ਵੋਟਰ ਮੈਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੇਵਾ ਕਰਨ ਦਾ ਮੌਕਾ ਦੇਣਗੇ| ਉਨ੍ਹਾਂ ਇਹ ਵੀ ਕਿਹਾ ਕਿ ਜਿੱਤਣ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਵਿੱਚ ਉਨ੍ਹਾਂ ਨੂੰ ਅਹਿਮ ਜਿੰਮੇਵਾਰੀ ਮਿਲ ਸਕਦੀ ਹੈ ਜਿਸ ਕਾਰਨ ਮੋਹਾਲੀ ਇਲਾਕੇ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇਗਾ| ਉਸ ਤੋਂ ਬਾਅਦ ਉਹ ਗਮਾਡਾ ਵਰਕਰਜ਼ ਯੂਨੀਅਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ ਤੇ ਹਾਜ਼ਰ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ| ਇਸ ਮੌਕੇ ਭਾਰੀ ਇਕੱਠ ਵਿੱਚ ਜੋਨ ਆਗੂ ਜਸਵੀਰ ਸਿੰਘ ਧਾਰੀਵਾਲ, ਸਾਬਕਾ ਕਨਵੀਨਰ ਨਿਰਮਲ ਸਿੰਘ, ਰਾਜ ਖੇਪਰ ਦਿੱਲੀ ਤੋਂ ਅਬਜਰਬਰ ਚੰਦਨ ਸਿੰਘ, ਦੀਪਕ ਤੋਮਰ, ਰਣਦੀਪ ਬੈਦਵਾਣ, ਸਤਨਾਮ ਦਾਊਂ, ਸੰਨੀ ਬਰਾੜ, ਮਲਕੀਤ ਸਿੰਘ ਬਾਠ, ਬਲਦੇਵ ਸਿੰਘ ਮਾਨ, ਬਿਕਰਮ ਸਿੰਘ, ਅੰਕਲ ਗੁਰਦਾਸਪੁਰੀ ਅਤੇ ਦਿਲਪ੍ਰੀਤ ਗਿੱਲ ਆਦਿ ਤੋਂ ਇਲਾਵਾ ਲਗਭਗ ਸਾਰੇ ਪਾਰਟੀ ਵਰਕਰ ਹਾਜ਼ਰ ਸਨ ਜਿੰਨ੍ਹਾਂ ਨੇ ਪਾਰਟੀ ਤੋਂ ਮੋਹਾਲੀ ਲਈ ਟਿਕਟ ਦੀ ਮੰਗ ਕੀਤੀ ਸੀ|

Leave a Reply

Your email address will not be published. Required fields are marked *