ਆਪ ਦੇ ਸੂਬਾਈ ਆਗੂ ਤਰਸੇਮ ਸਿੰਘ ਕਾਂਗਰਸ ਵਿੱਚ ਸ਼ਾਮਿਲ

ਚੰਡੀਗੜ੍ਹ, 21 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਤਰਸੇਮ ਸਿੰਘ ਗੰਧੋਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ| ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਹਲਕਾ ਮੁਹਾਲੀ ਦੇ ਇੰਚਾਰਜ ਦਵਿੰਦਰ ਸਿੰਘ ਬਬਲਾ ਨੇ ਸ੍ਰੀ ਗੰਧੋਂ ਦਾ ਕਾਂਗਰਸ ਪਾਰਟੀ ਦਾ ਮਫਲਰ ਪਾ ਕੇ ਪਾਰਟੀ ਵਿਚ ਸੁਆਗਤ ਕੀਤਾ ਅਤੇ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਵਿਸ਼ਵਾਸ਼ ਦਿਵਾਇਆ| ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਣਾ ਅਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ|
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਤਰਸੇਮ ਸਿੰਘ ਗੰਧੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਪੂੰਜੀਪਤੀ ਲੋਕਾਂ ਦਾ ਬੋਲਬਾਲਾ ਹੈ| ਜਿਹੜੇ ਆਮ ਵਲੰਟੀਅਰਾਂ ਨੇ ਪਾਰਟੀ ਨੂੰ ਪੰਜਾਬ ਅੰਦਰ ਖੜ੍ਹਾ ਕੀਤਾ ਹੈ, ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋ ਰਹੀ| ਉਨ੍ਹਾਂ ਦੋਸ਼ ਲਾਇਆ ਕਿ ਯੂ.ਪੀ. ਤੇ ਬਿਹਾਰ ਦੇ ਲੋਕਾਂ ਨੂੰ ਧੱਕੇ ਨਾਲ ਪੰਜਾਬੀਆਂ ਉਤੇ ਥੋਪਿਆ ਜਾ ਰਿਹਾ ਹੈ, ਪਰ ਪੰਜਾਬ ਦੇ ਅਣਖੀ ਲੋਕ ਇਨ੍ਹਾਂ ਬਾਹਰੋਂ ਆਏ ਵਿਅਕਤੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ    ਕਰਨਗੇ|
ਇਸ ਮੌਕੇ ਰਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ ਅਤੇ ਵਿਧਾਇਕ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਕੁਝ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਅਤੇ ਇਸ ਵਿਚ ਸੱਤਾ ਦੇ ਲਾਲਚੀ ਲੋਕਾਂ ਦਾ ਬੋਲਬਾਲਾ ਹੈ, ਜਿਨ੍ਹਾਂ ਨੂੰ ਆਮ ਗਰੀਬ ਲੋਕਾਂ ਦੇ ਹਿੱਤਾਂ ਦੀ ਬਜਾਇ ਸਿਰਫ ਮੁੱਖ ਮੰਤਰੀ ਦੀ ਕੁਰਸੀ ਹੀ ਨਜਰ ਆਉਂਦੀ ਹੈ|
ਇਸ ਦੌਰਾਨ ਹੋਰ ਜਥੇਬੰਦੀਆਂ ਨਾਲ ਸਬੰਧਤ ਕਈ ਆਗੂ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਇਨ੍ਹਾਂ ਆਗੂਆਂ ਵਿੱਚ ਮੁੱਖ ਤੌਰ ਉੱਤੇ ਪੰਜਾਬ ਪੁਲੀਸ ਤੋਂ ਰਿਟਾਇਰਡ ਇੰਸਪੈਕਟਰ ਤੇ ਗੁਰਦੁਆਰਾ ਸੁਖਮਨੀ ਸਾਹਿਬ, ਜਲੰਧਰ ਦੇ ਚੇਅਰਮੈਨ ਕਸ਼ਮੀਰ ਸਿੰਘ ਘੁੰਮਣ, ਗੁਰਦੁਆਰਾ ਸੁਖਮਨੀ ਸਾਹਿਬ ਦੇ ਮੀਤ ਪ੍ਰਧਾਨ ਹਰਦੇਵ ਸਿੰਘ, ਲਖਵਿੰਦਰ ਸਿੰਘ ਸਿੱਧੂ ਤੇ ਲਾਭ ਸਿੰਘ ਬਾਜਵਾ, ਪ੍ਰਧਾਨ, ਗੁਰੂ ਨਾਨਕਪੁਰਾ ਮਾਰਕੀਟ ਜਲੰਧਰ, ਜਸਵਿੰਦਰ ਸਿੰਘ ਬਿੱਲਾ ਤੇ ਰਣਵੀਰ ਸਿੰਘ ਪਨੂੰ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *