ਆਪ ਨੇ ਪਰਿਵਾਰ ਜੋੜੋ ਮੁਹਿੰਮ ਤਹਿਤ ਕੰਮ ਕਰਨ ਵਾਲੇ ਵਾਲੰਟੀਅਰਾਂ ਨੂੰ ਹੀ ਤੋੜਿਆ : ਬਲਵਿੰਦਰ ਕੁੰਭੜਾ

– ਆਪ ਦੀ ਸਰਕਾਰ ਬਣਾਉਣ ਲਈ ਮਿਹਨਤਕਸ਼ ਅਤੇ ਸਰਗਰਮ ਵਾਲੰਟੀਅਰਾਂ ਅਤੇ ਆਗੂਆਂ ਦੀ ਸੁਣਵਾਈ ਹੋਵੇ

ਐਸ.ਏ.ਐਸ. ਨਗਰ, 11 ਸਤੰਬਰ : ਆਮ ਆਦਮੀ ਪਾਰਟੀ ਦੇ ਜਿਹੜੇ ਵਾਲੰਟੀਅਰ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਤਹਿਤ ਘਰ ਘਰ ਜਾ ਕੇ ਪਰਿਵਾਰਾਂ ਨਾਲ ਰਾਬਤਾ ਬਣਾ ਰਹੇ ਸਨ ਅਤੇ ਪਾਰਟੀ ਦਾ ਪ੍ਰਚਾਰ ਕਰ ਰਹੇ ਸਨ ਅਤੇ ਪਾਰਟੀ ਦੇ ਪੋਸਟਰ ਲਗਾ ਰਹੇ ਸਨ, ਹੁਣ ਟਿਕਟਾਂ ਮਿਲਣ ਤੋਂ ਬਾਅਦ ਉਮੀਦਵਾਰਾਂ ਨੇ ਉਨ੍ਹਾਂ ਸਰਗਰਮ ਅਤੇ ਸੀਨੀਅਰ ਵਾਲੰਟੀਅਰਾਂ ਨੂੰ ਹੀ ਆਪ ਨਾਲੋਂ ਤੋੜ ਦਿੱਤਾ ਹੈ| ਇਹ ਗੱਲ ਆਮ ਆਦਮੀ ਪਾਰਟੀ ਦੇ ਸਰਗਰਮ ਅਤੇ ਸੀਨੀਅਰ ਵਾਲੰਟੀਅਰ ਬਲਵਿੰਦਰ ਸਿੰਘ ਕੁੰਭੜਾ ਅਤੇ ਹੋਰ, ਜੋ ਪਾਰਟੀ ਦੇ ਪਿਛਲੇ ਲੰਬੇ ਸਮੇਂ ਤੋਂ ਪੂਰਾ ਪ੍ਰਚਾਰ ਕਰ ਰਹੇ ਸਨ, ਨੇ ਅੱਜ ਪਾਰਟੀ ਦੇ ਨਰਾਜ ਸੀਨੀਅਰ ਆਗੂਆਂ ਵੱਲੋਂ ਸਾਹਨੇਵਾਲ ਵਿਖੇ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਹੇ ਜੱਸੀ ਜਸਰਾਜ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਯੂਥ ਦੇ ਨਰਾਜ ਵਾਲੰਟੀਅਰਾਂ ਵੱਲੋਂ ਕੀਤੀ ਗਈ|

ਬਲਵਿੰਦਰ ਸਿੰਘ ਕੁੰਭੜਾ ਨੇ ਪਾਰਟੀ ਪ੍ਰਤੀ ਨਰਾਜਗੀ ਜਤਾਉਂਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤਾਂ ਪਾਰਟੀ ਨੇ ਟਿਕਟਾਂ ਦੀ ਵੰਡ ਸਮੇਂ ਵੱਡੇ ਪੱਧਰ ਉਤੇ ਗਲਤੀਆਂ ਕੀਤੀਆਂ| ਜਿਹੜੇ ਵਿਅਕਤੀਆਂ ਨੇ ਕਦੇ ਵੀ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ, ਉਨ੍ਹਾਂ ਵਿਅਕਤੀਆਂ ਨੂੰ ਟਿਕਟਾਂ ਦੇ ਦਿੱਤੀਆਂ| ਇਸ ਉਪਰੰਤ ਉਨ੍ਹਾਂ ਉਮੀਦਵਾਰਾਂ ਨੇ ਪੁਰਾਣੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਸਰਗਰਮ ਵਾਲੰਟੀਅਰਾਂ ਨੂੰ ਪੁੱਛਣਾ ਤੱਕ ਵੀ ਮੁਨਾਸਿਬ ਨਹੀਂ ਸਮਝਿਆ| ਸ੍ਰੀ ਕੁੰਭੜਾ ਨੇ ਹਲਕਾ ਮੁਹਾਲੀ ਤੋਂ ਆਪ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਬਾਰੇ ਗੱਲ ਕਰਦਿਆਂ ਕਿਹਾ ਕਿ ਟਿਕਟ ਮਿਲਣ ਤੋਂ ਬਾਅਦ ਸ਼ੇਰਗਿੱਲ ਨੇ ਉਨ੍ਹਾਂ ਨੂੰ ਬਿਲਕੁਲ ਵੀ ਪੁੱਛਣਾ ਮੁਨਾਸਿਬ ਨਹੀਂ ਸਮਝਿਆ|

ਕੁੰਭੜਾ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦਾ ਪ੍ਰਚਾਰ ਕਰਨ ਵਿੱਚ ਜੁਟੇ ਰਹੇ ਅਤੇ ਪਿੰਡ ਪਿੰਡ ਘਰ ਘਰ ਜਾ ਕੇ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਤਹਿਤ ਕੰਮ ਕਰਦੇ ਰਹੇ ਪ੍ਰੰਤੂ ਪਾਰਟੀ ਨੇ ਸਹੀ ਵਰਕਰਾਂ ਨੂੰ ਵੀ ਪਛਾੜ ਦਿੱਤਾ ਹੈ ਜਿਸ ਕਾਰਨ ਉਹ ਨਰਾਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਬੈਠ ਗਏ ਹਨ| ਉਨ੍ਹਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣੀ ਹੈ ਤਾਂ ਸਹੀ ਮਾਇਨਿਆਂ ਵਿੱਚ ਪਾਰਟੀ ਦੇ ਸਰਗਰਮ ਵਾਲੰਟੀਅਰਾਂ ਅਤੇ ਆਗੂਆਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ ਅਤੇ ਸਾਫ ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ|

ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਬਚਿੱਤਰ ਸਿੰਘ ਪੰਚ, ਸਤਨਾਮ ਸਿੰਘ, ਜਸਵੀਰ ਸਿੰਘ ਫੌਜੀ, ਮਾਸਟਰ ਗਰਚਰਨ ਸਿੰਘ, ਮਨਜੀਤ ਸਿੰਘ ਕੁੰਭੜਾ, ਨਰੰਗ ਸਿੰਘ, ਨਸੀਬ ਸਿੰਘ, ਦਲਜੀਤ ਕੌਰ ਸਾਬਕਾ ਪੰਚ, ਸੁਰਿੰਦਰ ਸਿੰਘ, ਸੀਤਲ ਸਿੰਘ, ਸਵਰਨ ਸਿੰਘ, ਸੁੱਚਾ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ ਬੜਮਾਜਰਾ, ਭੋਲੇ ਸ਼ੰਕਰ ਬੜਮਾਜਰਾ, ਸੁਰਜੀਤ ਸਿੰਘ ਚੱਪੜਚਿੜੀ, ਸਰਪੰਚ ਬਲਜਿੰਦਰ ਸਿੰਘ ਚਡਿਆਲਾ, ਹਰਦੀਪ ਸਿੰਘ, ਮਨਦੀਪ ਸਿੰਘ, ਹਰਬੰਸ ਸਿੰਘ, ਹਰਜਿੰਦਰ ਸਿੰਘ, ਪ੍ਰੇਮ ਸਿੰਘ ਆਦਿ ਵੀ ਹਾਜਰ ਸਨ|

Leave a Reply

Your email address will not be published. Required fields are marked *