ਆਪ’ ਵਿਧਾਇਕ ਅਮਾਨਤੁੱਲਾਹ ਤੇ ਚੱਲੀ ਗੋਲੀ, ਵਾਲ-ਵਾਲ ਬਚੇ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) ਦਿੱਲੀ ਵਿੱਚ ਨਿਗਮ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਪਰ ਉਸ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਵਿੱਚ ਆਪਸੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ| ਦਿੱਲੀ ਦੇ ਓਖਲਾ ਤੋਂ ਆਮ ਆਮਦੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾਹ ਖਾਨ ਤੇਬੀਤੀ ਰਾਤ ਜਾਨਲੇਵਾ ਹਮਲਾ ਹੋਇਆ ਹੈ| ਚੋਣ ਪ੍ਰਚਾਰ ਦੌਰਾਨ ਹੋਈ ਝੜਪ ਵਿੱਚ ਅਮਾਨਤੁੱਲਾਹ ਤੇ ਦੇਰ ਰਾਤ ਕਰੀਬ 12 ਵਜੇ ਤਿੰਨ ਰਾਊਂਡ ਫਾਇਰਿੰਗ ਹੋਈ| ਹਾਲਾਂਕਿ ਇਸ ਹਮਲੇ ਵਿੱਚ ਉਹ ਵਾਲ-ਵਾਲ ਬਚ ਗਏ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਬਾਟਲਾ ਹਾਊਸ ਚੌਕ ਤੇ ‘ਆਪ’ ਦੇ ਨਿਗਮ ਉਮੀਦਵਾਰ ਮਹਿਮੂਦ ਅਹਿਮਦ ਦਾ ਦਫ਼ਤਰ ਹੈ|
ਦੇਰ ਰਾਤ ਇਲਾਕੇ ਵਿੱਚ ਕਾਂਗਰਸ ਅਤੇ ‘ਆਪ’ ਦੇ ਵਰਕਰ ਪ੍ਰਚਾਰ ਕਰ ਰਹੇ ਸਨ| ਜਿਵੇਂ ਹੀ ਦੋਹਾਂ ਪਾਰਟੀਆਂ ਦੇ ਵਰਕਰ ‘ਆਪ’ ਦਫ਼ਤਰ ਦੇ ਸਾਹਮਣੇ ਪੁੱਜੇ, ਦੋਹਾਂ ਧਿਰਾਂ ਵਿੱਚ ਝੜਪ ਹੋ ਗਈ| ‘ਆਪ’ ਵਿਧਾਇਕ ਅਮਾਨਤੁੱਲਾਹ ਸਮੇਤ ਪੁਲੀਸ ਨੂੰ ਮੌਕੇ ਤੇ ਬੁਲਾਇਆ ਗਿਆ| ‘ਆਪ’ ਵਿਧਾਇਕ ਪੁਲੀਸ ਨਾਲ ਗੱਲਬਾਤ ਹੀ ਕਰ ਰਹੇ ਸਨ, ਇਸੇ ਦੌਰਾਨ ਬਾਈਕ ਸਵਾਰ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਤਿੰਨ ਰਾਊਂਡ ਗੋਲੀਆਂ ਚਲਾਈਆਂ| ਹਾਲਾਂਕਿ ਇਸ ਹਮਲੇ ਵਿੱਚ ਵਿਧਾਇਕ ਵਾਲ-ਵਾਲ ਬਚ ਗਏ| ਵਿਧਾਇਕ ਦਾ ਦੋਸ਼ ਹੈ ਕਿ ਹਮਲਾਵਰ ਕਾਂਗਰਸ ਪਾਰਟੀ ਦੇ ਸਨ|
ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਅਮਾਨਤੁੱਲਾਹ ਚਰਚਾ ਵਿੱਚ ਆਏ ਹਨ, ਇਸ ਤੋਂ ਪਹਿਲਾਂ ਵੀ ਉਹ ਇਕ ਔਰਤ ਨਾਲ ਬਦਸਲੂਕੀ, ਧਮਕੀ ਦੇਣ ਅਤੇ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਦਾ ਦੋਸ਼ ਲੱਗਣ ਤੇ ਸੁਰਖੀਆਂ ਵਿੱਚ ਆਏ ਸਨ| ਪੁਲੀਸ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਵੀ ਕੀਤਾ ਸੀ| ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ| ਜ਼ਿਕਰਯੋਗ ਹੈ ਕਿ ਜਾਮੀਆ ਨਗਰ ਓਖਲਾ ਵਿਧਾਨ ਸਭਾ ਸੀਟ ਦੇ ਅਧੀਨ ਆਉਂਦਾ ਹੈ, ਜੋ ਮੁਸਲਿਮ ਬਹੁਲ ਸੀਟ ਹੈ| ਇਹ ਸੀਟ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ 2015 ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਅਮਾਨਤੁੱਲਾਹ ਖਾਨ ਨੇ ਕਾਂਗਰਸ ਦੇ ਉਮੀਦਵਾਰ ਨੂੰ ਇਸ ਸੀਟ ਤੋਂ ਹਰਾ ਦਿੱਤਾ ਸੀ|

Leave a Reply

Your email address will not be published. Required fields are marked *