ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਵਪਾਰੀਆਂ ਨੂੰ ਜੀ. ਐਸ. ਟੀ. ਨੰਬਰ ਲੈਣ ਲਈ ਪ੍ਰੇਰਿਤ ਕੀਤਾ
ਐਸ. ਏ. ਐਸ. ਨਗਰ, 20 ਜੂਨ (ਸ.ਬ.) ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਇੱਥੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜੀ. ਐਸ. ਟੀ. ਦੇ ਦਾਇਰੇ ਵਿੱਚ ਲਿਆਂਦੇ ਗਏ ਨਵੇਂ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਜਿਹੜੇ ਵਪਾਰੀਆਂ ਨੇ ਹੁਣ ਤਕ ਜੀ. ਐਸ. ਟੀ. ਨੰਬਰ ਨਹੀਂ ਲਿਆ ਹੈ ਉਹ ਨੰਬਰ ਲੈ ਲੈਣ ਅਤੇ ਜਿਹਨਾਂ ਕੋਲ ਪਹਿਲਾਂ ਹੀ ਜੀ. ਐਸ. ਟੀ. ਨੰਬਰ ਮੌਜੂਦ ਹਨ ਉਹ ਆਪਣੇ ਬੋਰਡ ਤੇ ਜੀ. ਐਸ. ਟੀ. ਨੰਬਰ ਲਿਖ ਕੇ ਰੱਖਣ|
ਵਪਾਰ ਮੰਡਲ ਦੇ ਜਰਨਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਧਰੀ ਅਤੇ ਹੋਰਨਾਂ ਨੇ ਵਿਭਾਗ ਦੀਆਂ ਅਧਿਕਾਰੀਆਂ ਅੰਕਿਤਾ ਕਾਂਸਲ ਅਤੇ ਚਰਨਪ੍ਰੀਤ ਕੌਰ ( ਦੋਵੇ ਈ. ਟੀ. ਉ.) ਨੂੰ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਜਿਸ ਤੇ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਇਹਨਾਂ ਦੇ ਤੁਰੰਤ ਹਲ ਦਾ ਭਰੋਸਾ ਦਿੱਤਾ| ਇਸ ਮੌਕੇ ਵਪਾਰ ਮੰਡਲ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਵਪਾਰੀਆਂ ਨੂੰ ਜੀ. ਐਸ. ਟੀ ਬਾਰੇ ਜਾਗਰੂਕ ਕਰਨ ਲਈ ਪੂਰੀ ਵਾਹ ਲਗਾਈ ਜਾਵੇਗੀ|
ਇਸ ਮੌਕੇ ਈ. ਟੀ. ਉ ਅੰਕਿਤਾ ਕਾਂਸਲ ਅਤੇ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਜਿਹੜੇ ਵਪਾਰੀਆਂ ਨੇ ਹੁਣ ਤੱਕ ਜੀ. ਐਸ. ਟੀ ਨੰਬਰ ਨਹੀਂ ਲਿਆ ਹੈ ਉਹ ਜੁਲਾਈ ਤਕ ਜੀ. ਐਸ. ਟੀ ਵਾਸਤੇ ਅਪਲਾਈ ਕਰ ਸਕਦੇ ਹਨ ਅਤੇ ਵਿਭਾਗ ਵੱਲੋਂ ਉਹਨਾਂ ਨਾਲ ਪੂਰਾ ਸਹਿਯੋਗ ਦਿੱਤਾ ਜਾਵੇਗਾ| ਉਹਨਾਂ ਦੱਸਿਆ ਕਿ ਹੁਣ ਕੋਚਿੰਗ ਇੰਸਟੀਚਿਉਟ, ਇਮੀਗ੍ਰੇਸ਼ਨ ਸਰਵਿਸ, ਕੈਰੀਅਰ ਸਰਵਿਸ, ਟੈਕਸੀ/ਕੈਬ ਸਰਵਿਸ, ਬੁਟੀਕ, ਢਾਬਾ, ਰੈਸਟੋਰੈਂਟ, ਹੋਟਲ, ਪਾਰਲਰ, ਪ੍ਰਾਪਰਟੀ ਡੀਲਰ, ਜਿਮ ਅਤੇ ਸਕਿਉਰਟੀ ਸਰਵਿਸ ਵਾਲਿਆਂ ਨੂੰ ਵੀ ਜੀ. ਐਸ. ਟੀ ਦਾਇਰੇ ਵਿੱਚ ਸ਼ਾਇਦ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਉਕਤ ਕੰਮਾਂ ਵਾਲਿਆਂ ਨੂੰ ਜੀ. ਐਸ ਟੀ. ਨੰਬਰ ਲੈਣਾ ਜਰੂਰੀ ਹੈ| ਮੀਟਿੰਗ ਵਿੱਚ ਵਾਪਰ ਮੰਡਲ ਦੇ ਸ੍ਰ. ਸੁਰੇਸ਼ ਗੋਇਲ, ਸ੍ਰ ਦਿਲਾਵਰ ਸਿੰਘ, ਸ੍ਰ. ਅਕਵਿੰਦਰ ਸਿੰਘ ਗੋਸਲ ਅਤੇ ਸ੍ਰ. ਸਤਪਾਲ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *