ਆਬਾਦੀ ਕੰਟਰੋਲ ਵਿੱਚ ਹੋਰਨਾਂ ਸੂਬਿਆਂ ਲਈ ਰੋਲ ਮਾਡਲ ਬਣ ਸਕਦਾ ਹੈ ਪੰਜਾਬ : ਬਲਬੀਰ ਸਿੰਘ ਸਿੱਧੂ

ਐਸ.ਏ.ਐਸ ਨਗਰ,11 ਜੁਲਾਈ (ਸ.ਬ.) ਸੂਬੇ ਦੀ ਹਰ ਸਰਕਾਰੀ ਸਿਹਤ ਸੰਸਥਾ ਵਿਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਇਸ ਕੰਮ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ| ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਸਥਾਨਕ ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਕੁੱਝ ਥਾਈਂ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਸਿਫ਼ਾਰਸ਼ ਕਰ ਦਿੰਦੇ ਹਨ ਜੋ ਗਲਤ ਹੈ ਡਾਕਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਹਸਪਤਾਲ ਵਿਚ ਹੀ ਮਿਲਣ ਵਾਲੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇਣ|
ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਿਹਤ ਸਹੂਲਤਾਂ ਦੇ ਮਾਮਲੇ ਵਿਚ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਇਆ ਜਾਵੇ ਜਿਸ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਨਦੇਹੀ ਨਾਲ ਯਤਨ ਕਰ ਰਹੇ ਹਨ| ਆਬਾਦੀ ਕੰਟਰੋਲ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਕਾਫੀ ਬਿਹਤਰ ਹੈ| ਸੂਬੇ ਵਿਚ ਪਿਛਲੇ ਕੁੱਝ ਅਰਸੇ ਦੌਰਾਨ ਆਬਾਦੀ ਵੱਧਣ ਦੀ ਰਫਤਾਰ ਕਾਫੀ ਮੱਠੀ ਪਈ ਹੈ ਜਿਸ ਦਾ ਸਿਹਰਾ ਸਿਹਤ ਵਿਭਾਗ ਦੇ ਤਮਾਮ ਮੁਲਾਜ਼ਮਾਂ ਖ਼ਾਸਕਰ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨੂੰ ਜਾਂਦਾ ਹੈ|
ਉਨ੍ਹਾਂ ਕਿਹਾ ਕਿ ਆਬਾਦੀ ਦਾ ਬੋਝ ਸਾਰੀ ਧਰਤੀ ਉਤੇ ਹੈ, ਇਸ ਲਈ ਜੇ ਅਸੀਂ ਹੋਰ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਯਤਨ ਕਰੀਏ ਤਾਂ ਸਾਡਾ ਸੂਬਾ ਹੋਰਾਂ ਲਈ ਰੋਲ ਮਾਡਲ ਬਣ ਸਕਦਾ ਹੈ| ਉਨ੍ਹਾਂ ਕਿਹਾ ਕਿ ਆਬਾਦੀ ਕੰਟਰੋਲ ਦੇ ਮੈਡੀਕਲ ਤਰੀਕਿਆਂ ਬਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ| ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨੂੰ ਆਬਾਦੀ ਦੇ ਵਾਧੇ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਛੋਟਾ ਪਰਿਵਾਰ ਰੱਖਣ ਲਈ ਪ੍ਰੇਰੀਏ| ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਭਵਿੱਖ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਪੁਰਸਕਾਰ ਨਾਲ ਨਿਵਾਜਦਿਆਂ ਸੂਬਾ ਪੱਧਰ ਤੇ ਸਨਮਾਨਤ ਕੀਤਾ ਜਾਵੇਗਾ| ਸ੍ਰ. ਸਿੱਧੂ ਨੇ ਸਿਹਤ ਵਿਭਾਗ ਵਿੱਚ ਸਟਾਫ ਦੀ ਕਮੀ ਦਾ ਜਿਕਰ ਕਰਦਿਆਂ ਕਿਹਾ ਉਹ ਜਾਣਦੇ ਹਨ ਕਿ ਸਾਡੇ ਕੋਲ ਸੀਮਤ ਸਾਧਨ ਹਨ ਪਰ ਇਸਦੇ ਬਾਵਜੂਦ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਅੱਵਲ ਤਰਜੀਹ ਹੈ|
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਮਾਮਲੇ ਵਿਚ ਪੰਜਾਬ ਮੂਹਰਲੀ ਕਤਾਰ ਦਾ ਸੂਬਾ ਹੈ, ਫਿਰ ਵੀ ਹਾਲੇ ਲੰਮਾ ਪੈਂਡਾ ਪਿਆ ਹੈ| ਉਹਨਾਂ ਦਸਿਆ ਕਿ 11 ਜੁਲਾਈ ਤੋਂ 24 ਜੁਲਾਈ ਤਕ ਆਬਾਦੀ ਕੰਟਰੋਲ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਹਰ ਸ਼ਹਿਰ ਅਤੇ ਪਿੰਡ ਵਿਚ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ|
ਸਮਾਗਮ ਵਿਚ ਪਰਿਵਾਰ ਨਿਯੋਜਨ ਬਾਰੇ ਕਿਤਾਬਚਾ ਵੀ ਜਾਰੀ ਕੀਤਾ ਗਿਆ| ਇਸ ਮੌਕੇ ਸਿਹਤ ਮੰਤਰੀ ਨੇ ਆਬਾਦੀ ਕੰਟਰੋਲ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਡਾਕਟਰਾਂ, ਏਐਨਐਮਜ਼ ਅਤੇ ਆਸ਼ਾ ਵਰਕਰਾਂ ਦਾ ਵਿਸ਼ੇਸ਼ ਟਰਾਫ਼ੀਆਂ ਨਾਲ ਸਨਮਾਨ ਕੀਤਾ| ਸਮਾਗਮ ਵਿਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਹਤ ਮੰਤਰੀ ਦੇ ਓ ਐਸ ਡੀ ਡਾ. ਬਲਵਿੰਦਰ ਸਿੰਘ, ਡਾਇਰੈਕਟਰ ਸਿਹਤ ਵਿਭਾਗ ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਅਵਨੀਤ ਕੌਰ, ਡਾਇਰੈਕਟਰ ਐਨਐਚਐਮ ਡਾ. ਰੀਟਾ ਭਾਰਦਵਾਜ, ਡਾਇਰੈਕਟਰ ਪੀਐਚਐਸਸੀ ਡਾ. ਮੀਨਾ ਹਰਦੀਪ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਨੋਡਲ ਅਫ਼ਸਰ ਡਾ. ਹੰਸਪ੍ਰੀਤ, ਡਾ. ਰੁਪਿੰਦਰ ਕੌਰ ਵਾਲੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *