ਆਬਾਦੀ ਵਿੱਚ ਹੋਣ ਵਾਲੇ ਅਥਾਹ ਵਾਧੇ ਵਿੱਚ ਲੁਕਿਆ ਹੈ ਭਵਿੱਖ ਦੀ ਭਿਆਨਕ ਤਬਾਹੀ ਦਾ ਸੁਨੇਹਾ

ਕੁੱਝ ਸਮਾਂ ਪਹਿਲਾਂ ਸਾਡੇ ਦੇਸ਼ ਦੀ ਆਬਾਦੀ ਦਾ ਅੰਕੜਾ 130 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਦੇਸ਼ ਦੀ ਆਬਾਦੀ ਦਾ ਇਹ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ| ਵਿਸ਼ਵ ਵਿੱਚ ਹੋਣ ਵਾਲੇ ਆਬਾਦੀ ਵਿਚਲੇ ਇਸ ਵਾਧੇ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਇਸਦੀ ਰਫਤਾਰ ਕਾਫੀ ਵੱਧ ਹੈ ਅਤੇ ਜਿਸ ਹਿਸਾਬ ਨਾਲ ਸਾਡੀ ਆਬਾਦੀ ਵੱਧ ਰਹੀ ਹੈ ਉਸ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਜੇਕਰ ਇਸਦੀ ਰਫਤਾਰ  ਉੱਤੇ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਹ ਅੰਕੜਾ ਅਗਲੇ ਕੁੱਝ ਸਾਲਾਂ ਬਾਅਦ ਡੇਢ ਅਰਬ ਨੂੰ ਵੀ ਪਾਰ ਕਰ ਜਾਵੇਗਾ|
ਲਗਾਤਾਰ ਵੱਧਦੀ ਆਬਾਦੀ ਦਾ ਇਹ ਅੰਕੜਾ ਆਉਣ ਵਾਲੇ ਸਮੇਂ ਦੀ ਜਿਹੜੀ ਤਸਵੀਰ ਪੇਸ਼ ਕਰ ਰਿਹਾ ਹੈ ਉਹ ਬਹੁਤ ਹੀ ਜਿਆਦਾ ਭਿਆਨਕ ਹੈ| ਪਹਿਲਾਂ ਹੀ ਹਰ ਪਾਸਿਓਂ ਭੀੜ ਭੜੱਕੇ, ਭੁਖਮਰੀ, ਲੁੱਟਮਾਰ ਅਤੇ ਅਵਿਵਸਥਾ ਨਾਲ ਘਿਰੇ ਸਾਡੇ ਦੇਸ਼ ਦੇ ਹਾਲਾਤ  ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਹੋਣਗੇ ਉਸਦਾ ਅੰਦਾਜਾ ਲਗਾਉਣਾ ਵੀ ਔਖਾ ਹੈ| ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਬੱਚੇ ਜਦੋਂ ਜਵਾਨ ਹੋਣਗੇ ਉਸ ਸਮੇਂ ਤਕ ਦੁਨੀਆ ਦੀ ਆਬਾਦੀ ਵਿੱਚ ਹੋਏ ਵਾਧੇ ਕਾਰਨ ਆਮ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮਿਲਣੀਆਂ ਤਾਂ ਇੱਕ ਪਾਸੇ ਉਹਨਾਂ ਲਈ ਆਪਣੀਆਂ ਜਰੂਰੀ ਲੋੜਾਂ ਪੂਰੀਆਂ ਕਰਨੀਆਂ ਵੀ ਬਹੁਤ ਜਿਆਦਾ ਔਖੀਆਂ ਹੋ ਜਾਣਗੀਆਂ|
ਧਰਤੀ ਦੀ ਆਬਾਦੀ ਦਾ ਅੰਕੜਾ ਜਿਸ ਤੇਜੀ ਨਾਲ ਵੱਧ ਰਿਹਾ ਹੈ ਉਸ ਹਿਸਾਬ ਨਾਲ ਲੱਗਦਾ ਹੈ ਕਿ ਧਰਤੀ ਦੀ ਆਬਾਦੀ ਦਾ ਇਹ ਅੰਕੜਾ ਛੇਤੀ ਹੀ 8 ਅਰਬ ਦੇ ਅੰਕੜੇ ਨੂੰ ਪਾਰ ਕਰ  ਜਾਵੇਗਾ| ਜਾਹਿਰ ਹੈ ਇੰਨੀ ਵੱਡੀ ਆਬਾਦੀ ਦੀਆਂ ਰੋਜਾਨਾ ਲੋੜਾਂ ਨੂੰ ਪੂਰਾ ਕਰਨਾ ਆਸਾਨ ਨਹੀਂ ਹੋਵੇਗਾ| ਅਜਿਹਾ ਹੋਣ ਤੇ ਜਿਹੜੇ ਹਾਲਾਤ ਪੈਦਾ ਹੋਣਗੇ ਉਹ ਸਾਡੀ ਧਰਤੀ ਨੂੰ ਉਸ ਧਮਾਕਾਖੇਜ਼ ਸਥਿਤੀ ਵੱਲ ਲਿਜਾ ਰਹੇ ਹਨ ਜਿੱਥੇ ਮਨੁੱਖ ਲਈ ਖੁਦ ਦੇ ਜੀਵਨ ਨੂੰ ਬਚਾਉਣ ਦਾ ਸੰਘਰਸ਼ ਉਸਨੂੰ ਮਨੁੱਖਤਾ ਦੇ ਹੀ ਖਾਤਮੇ ਵੱਲ ਧੱਕ ਦੇਵੇਗਾ| ਹਾਲਾਤ ਇਹ ਹਨ ਕਿ ਲਗਾਤਾਰ ਵੱਧਦੀ ਆਬਾਦੀ ਦਾ ਇਹ ਦਬਾਅ ਕਿਸੇ ਭਿਆਨਕ ਜਵਾਲਾਮੁਖੀ ਵਾਂਗ ਫਟਣ ਲਈ ਤਿਆਰ ਹੈ ਪਰੰਤੂ ਮਨੁੱਖੀ ਫਿਤਰਤ ਅਜਿਹੀ ਹੈ ਕਿ ਜਦੋਂ ਤਕ ਖਤਰਾ ਪੂਰੀ ਤਰ੍ਹਾਂ ਸਿਰ ਤੇ ਨਾ ਆ ਜਾਵੇ ਉਹ ਬੇਫਿਕਰ ਹੀ ਰਹਿੰਦਾ ਹੈ ਅਤੇ ਅਸੀਂ ਵੀ ਅਜਿਹਾ ਹੀ ਕਰ ਰਹੇ ਹਾਂ|
ਦੁਨੀਆ ਦੇ ਜਿਹਨਾਂ ਮੁਲਕਾਂ ਵਿੱਚ ਖੇਤਰਫਲ ਦੇ ਹਿਸਾਬ ਨਾਲ ਆਬਾਦੀ ਦੀ ਘਣਤਾ ਘੱਟ ਹੈ ਉਹਨਾਂ ਮੁਲਕਾਂ ਵਿੱਚ ਭਾਵੇਂ ਆਮ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਰਾਹ ਵਿੱਚ ਕੋਈ ਵੱਡੀ ਰੁਕਾਵਟ ਨਾ ਆਵੇ ਪਰੰਤੂ ਏਸ਼ੀਆ ਮਹਾਦੀਪ (ਜਿੱਥੇ ਦੁਨੀਆ ਦੀ 50 ਫੀਸਦੀ ਆਬਾਦੀ ਵਸਦੀ ਹੈ) ਵਿੱਚ ਹਾਲਾਤ ਹੁਣੇ ਹੀ ਕਾਬੂ ਤੋਂ ਬਾਹਰ ਹੁੰਦੇ ਨਜਰ ਆ ਰਹੇ ਹਨ| ਆਉਣ ਵਾਲੇ ਸਾਲਾਂ ਦੌਰਾਨ ਜਦੋਂ ਇਸ ਖੇਤਰ ਦੀ ਆਬਾਦੀ ਵਿੱਚ ਹੋਰ ਬੇਤਹਾਸ਼ਾ ਵਾਧਾ ਹੋ ਜਾਵੇਗਾ ਉਦੋਂ ਹਾਲਾਤ ਕਿਸ ਕਦਰ ਬਦਤਰ ਹੋਣਗੇ ਇਸਦਾ ਸਿਰਫ ਕਿਆਸ ਹੀ ਲਗਾਇਆ ਜਾ ਸਕਦਾ ਹੈ|
ਲਗਾਤਾਰ ਵੱਧਦੀ ਆਬਾਦੀ ਦੇ ਇਸ ਬੋਝ ਨੂੰ ਸਾਡੀ ਇਹ ਧਰਤੀ ਕਦੋਂ ਤਕ ਬਰਦਾਸ਼ਤ ਕਰ ਪਾਏਗੀ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਮੌਜੂਦਾ ਹਾਲਾਤ ਵਿੱਚ  ਸੁਧਾਰ ਦੀ ਕੋਈ ਗੁੰਜਾਇਸ਼ ਨਾ ਹੋਣ ਕਾਰਨ ਸਾਮ੍ਹਣੇ ਤੋਂ ਆਉਣ ਵਾਲੀ ਇਸ ਭਿਆਨਕ ਆਫਤ ਦਾ ਟਾਕਰਾ ਸਾਨੂੰ ਕਰਨਾ ਹੀ ਪੈਣਾ ਹੈ| ਤ੍ਰਾਸਦੀ ਇਹ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰੀ ਤੰਤਰ ਦੀ ਢਿੱਲੜ ਨੀਤੀ ਕਾਰਨ ਕਿਤੇ ਵੀ ਸੁਧਾਰ ਦੀ ਕੋਈ ਗੁੰਜਾਇਸ਼ ਵੀ ਨਜਰ ਨਹੀਂ ਆ ਰਹੀ ਹੈ ਅਤੇ ਅਗਲੇ ਕੁੱਝ ਸਾਲਾਂ ਵਿੱਚ ਭਾਰਤ ਦੀ ਆਬਾਦੀ ਦਾ ਅੰਕੜਾ ਚੀਨ ਦੀ ਆਬਾਦੀ ਤੋਂ ਵੀ ਵੱਧ ਜਾਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ|
ਇਸ ਸਮੱਸਿਆ ਦਾ ਇਕਲੌਤਾ ਇਲਾਜ ਇਹ ਹੈ ਕਿ ਦੇਸ਼ ਅਤੇ ਦੁਨੀਆ ਵਿੱਚ ਆਬਾਦੀ ਦੇ ਵਾਧੇ ਦੀ ਰਫਤਾਰ ਨੂੰ ਘੱਟ ਕਰਕੇ ਇਸਨੂੰ ਕਾਬੂ ਹੇਠ ਲਿਆਂਦਾ ਜਾਵੇ| ਅਜਿਹਾ ਤਾਂ ਹੀ ਸੰਭਵ ਹੈ  ਜੇਕਰ ਆਮ ਲੋਕ ਖੁਦ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਅਤੇ ਸਰਕਾਰ ਵਲੋਂ ਇਸ ਵੀ ਇਮਾਨਦਾਰੀ ਨਾਲ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣ, ਪਰੰਤੂ (ਘੱਟੋ ਘੱਟ) ਹੁਣ ਤਕ ਤਾਂ ਇਹ ਗੱਲ ਸਾਡੀ ਸਰਕਾਰ ਦੀ ਪਹਿਲ ਵਿੱਚ ਕਿਤੇ ਵੀ ਨਜਰ ਨਹੀਂ ਆ ਰਹੀ ਹੈ| ਉਲਟਾ ਸਾਡੇ ਰਾਜਨੇਤਾਵਾਂ ਅਤੇ ਵੱਖ ਵੱਖ ਧਰਮਾਂ ਦੇ ਕਥਿਤ ਠੇਕੇਦਾਰਾਂ ਵਲੋਂ ਆਪਣੇ ਆਪਣੇ ਫਿਰਕੇ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਕੇ ਆਪਣੀ ਗਿਣਤੀ ਵਧਾਉਣ ਦੀਆਂ ਅਪੀਲਾਂ ਜਰੂਰ ਸਾਮ੍ਹਣੇ ਆ ਜਾਂਦੀਆਂ ਹਨ| ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਇਹ ਸਮੱਸਿਆ ਹੁਣ ਪੂਰੀ ਤਰ੍ਹਾ ਕਾਬੂ ਤੋਂ ਬਾਹਰ ਹੁੰਦੀ ਦਿਖ ਰਹੀ ਹੈ ਅਤੇ ਜੇਕਰ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਸਦਾ ਸਭਤੋਂ ਵੱਧ ਖਾਮਿਆਜਾ ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਨੂੰ ਹੀ ਭੁਗਤਣਾ ਪੈਣਾ ਹੈ|

Leave a Reply

Your email address will not be published. Required fields are marked *