ਆਮ ਆਦਮੀ ਪਾਰਟੀ ਕਾਂਗਰਸ ਦੀ ‘ਬੀ’ ਟੀਮ : ਸਤਿੰਦਰ ਸਿੰਘ ਗਿੱਲ

ਐਸ ਏ ਐਸ ਨਗਰ, 3 ਅਗਸਤ (ਸ.ਬ.) ਯੂਥ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿੱਲ ਨੇ ਬਠਿੰਡਾ ਵਿੱਚ ਹੋਈ ਸੁਖਪਾਲ ਖਹਿਰਾ ਅਤੇ ਸਾਥੀਆਂ ਦੀ ਕਨਵੈਨਸ਼ਨ ਤੇ ਸਵਾਲ ਚੁੱਕੇ ਹਨ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਗਿੱਲ ਨੇ ਕਿਹਾ ਕਿ ਸਾਲ 2017 ਦੀਆਂ ਚੋਣਾਂ ਦੌਰਾਨ ਜਸਟਿਸ ਰਣਜੀਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਕਰਕੇ ਭੁਲੱਥ ਹਲਕੇ ਵਿੱਚ ਕਾਂਗਰਸ ਨੇ ਖਹਿਰਾ ਦੇ ਬਰਾਬਰ ਤਕੜਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਅਤੇ ਕਾਂਗਰਸੀ ਉਮੀਦਵਾਰ 6 ਹਜਾਰ ਵੋਟ ਤੱਕ ਹੀ ਸਿਮਟ ਗਿਆ ਅਤੇ ਉਸ ਦੀ ਜਮਾਨਤ ਜਬਤ ਹੋਈ| ਉਹਨਾਂ ਕਿਹਾ ਕਿ ਖਹਿਰਾ ਕਾਂਗਰਸ ਦਾ ਹੀ ਬੰਦਾ ਹੈ ਅਤੇ ਬੀਤੇ ਦਿਨ ਦਾ ਬਠਿੰਡਾ ਦਾ ਇਕੱਠ ਵੀ ਕਾਂਗਰਸ ਵੱਲੋਂ ਸਪਾਂਸਰ ਕੀਤਾ ਗਿਆ ਸੀ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਪੱਤਾ ਖੇਡਿਆ ਗਿਆ ਸੀ ਜਿਸ ਨੂੰ ਪੰਜਾਬ ਦੀ ਜਨਤਾ ਭਲੀਭਾਂਤੀ ਜਾਣਦੀ ਹੈ| ਉਹਨਾਂ ਕਿਹਾ ਕਿ ਖਹਿਰਾ ਵਲੋਂ ਕਨਵੈਨਸ਼ਨ ਵਿਚ ‘ਆਪ’ ਲੀਡਰਸ਼ਿਪ ਦਾ ਜਿਹੜਾ ਸੱਚ ਸਾਹਮਣੇ ਲਿਆਂਦਾ ਗਿਆ ਹੈ, ਉਸ ਨਾਲ ਸੁਖਪਾਲ ਖਹਿਰਾ, ਕੰਵਰ ਸੰਧੂ ਤੇ ਸਾਥੀ ਕਟਹਿਰੇ ਵਿੱਚ ਖੜ੍ਹੇ ਹੋਏ ਗਏ ਹਨ| ਉਨ੍ਹਾਂ ਕਿਹਾ ਕਿ ਪਾਰਟੀ ਇਸ ਤੋਂ ਪਹਿਲਾਂ ਵੀ ਕਈ ਵੱਡੇ ਲੀਡਰਾਂ ਨੂੰ ਖੁੰਜੇ ਲਗਾ ਚੁੱਕੀ ਹੈ| ਅੱਜ ਜਦੋਂ ਆਪਣੀ ਵਾਰੀ ਆਈ ਤਾਂ ਖਹਿਰਾ ਨੂੰ ਪੰਜਾਬ ਦੇ ਮੁੱਦੇ ਯਾਦ ਆ ਗਏ| ਹੁਣ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕ ਕੇ ਖਹਿਰਾ ਕਾਂਗਰਸ ਨੂੰ ਦੋਸ਼ੀ ਆਖ ਰਹੇ ਹਨ ਜਦਕਿ ਇਹੋ ਖਹਿਰਾ ਲੰਮਾ ਸਮਾਂ ਕਾਂਗਰਸ ਦਾ ਹਿੱਸਾ ਰਹੇ ਹਨ| ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਰ ਮੁੱਦੇ ਤੇ ਪੰਜਾਬ ਨਾਲ ਧੱਕਾ ਕੀਤਾ, ਉਸ ਸਮੇਂ ਵੀ ਖਹਿਰਾ ਗਾਂਧੀ ਪਰਿਵਾਰ ਦੀ ਹਾਜ਼ਰੀ ਭਰਦੇ ਸਨ| ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ-ਟੀਮ ਦੱਸਦੇ ਹੋਏ ਗਿੱਲ ਨੇ ਕਿਹਾ ਕਿ ‘ਆਪ’ ਦੀ ਬਦੌਲਤ ਹੀ ਕਾਂਗਰਸ ਸੱਤਾ ਤੇ ਕਾਬਜ਼ ਹੋਈ ਹੈ| ਹੁਣ ਵੀ 2019 ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੇ ਚਰਚੇ ਚੱਲ ਰਹੇ ਹਨ ਸ. ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਭੋਗ ਪੈ ਚੁੱਕਾ ਹੈ ਅਤੇ ਪੰਜਾਬੀਆਂ ਦੇ ਮਨਾਂ ਵਿਂਚੋਂ ਵੀ ਇਹ ਪਾਰਟੀਆਂ ਲੱਥ ਚੁੱਕੀਆਂ ਹਨ| ਚੋਣਾਂ ਸਮੇਂ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ ਉਸ ਤੇ ਉਹ ਪੂਰਾ ਨਹੀਂ ਉਤਰੇ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਮੂੱਹ ਤੋੜ ਜੁਆਬ ਦੇਣ ਦੀ ਤਿਆਰੀ ਕਰੀ ਬੈਠੇ ਹਨ

Leave a Reply

Your email address will not be published. Required fields are marked *