ਆਮ ਆਦਮੀ ਪਾਰਟੀ ਦੀ ਪਾਟੋਪਾੜ ਅਤੇ ਤੀਜਾ ਬਦਲ

ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਉਸ ਵੇਲੇ ਆਮ ਲੋਕਾਂ ਨੂੰ ਇਹ ਮਹਿਸੂਸ ਹੋਇਆ ਸੀ ਕਿ ਸ਼ਾਇਦ ਹੁਣ ਉਹਨਾਂ ਦਾ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਖਹਿੜਾ ਛੁੱਟ ਜਾਵੇਗਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰੂਪ ਵਿਚ ਤੀਜਾ ਰਾਜਸੀ ਬਦਲ ਬਣ ਜਾਵੇਗਾ ਪਰ ਜੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਤੇ ਨਜਰ ਮਾਰੀ ਜਾਵੇ ਤਾਂ ਇਸ ਪਾਰਟੀ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ| ਇਸਦਾ ਕਾਰਨ ਇਹ ਹੈ ਕਿ ਕਿਸੇ ਵੇਲੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਪਰ ਨਸ਼ੇ ਦੇ ਵਪਾਰ ਵਿੱਚ ਸ਼ਾਮਿਲ ਹੋਣ ਦ ਦੋਸ਼ ਲਗਾਉਣ ਵਾਲੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਸ ਮਾਮਲੇ ਵਿੱਚ ਸ੍ਰ. ਮਜੀਠੀਆ ਤੇ ਲਾਏ ਗਏ ਦੋਸ਼ਾਂ ਸਬੰਧੀ ਅਦਾਲਤ ਵਿੱਚ ਮੁਆਫੀ ਮੰਗ ਲਈ ਗਈ ਹੈ ਅਤੇ ਕੇਜਰੀਵਾਲ ਦੇ ਇਸ ਮੁਆਫੀਨਾਮੇ ਕਾਰਨ ਪੰਜਾਬ ਦੀ ਸਿਆਸਤ ਵਿੱਚ ਜਿਵੇਂ ਭੂਚਾਲ ਆ ਗਿਆ ਹੈ|
ਦਿੱਲੀ ਦੇ ਮੁੱਖ ਮੰਤਰੀ ਵਲੋਂ ਕੀਤੀ ਗਈ ਇਸ ਕਾਰਵਾਈ ਕਾਰਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਖੁੱਲੀ ਬਗਾਵਤ ਹੋ ਗਈ ਹੈ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਭਗਵੰਤ ਮਾਨ ਤੇ ਉਪ ਮੁਖੀ ਅਮਨ ਅਰੋੜਾ ਵਲੋਂ ਪਾਰਟੀ ਦੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਜਿੱਤੇ ਹੋਏ ਵਿਧਾਇਕ ਵੀ ਪਾਰਟੀ ਤੋਂ ਵਖਰੀ ਸੁਰ ਅਲਾਪ ਰਹੇ ਹਨ| ਇਹਨਾਂ ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗਣ ਵੇਲੇ ਪੰਜਾਬ ਦੇ ਆਪ ਆਗੂਆਂ ਨੂੰ ਭਰੋਸੇ ਵਿਚ ਨਹੀਂ ਲਿਆ| ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਇਸ ਮਾਮਲੇ ਵਿਚ ਤਰਕ ਦੇ ਰਹੇ ਹਨ ਕਿ ਉਹਨਾਂ ਦਾ ਕੰਮ ਅਦਾਲਤਾਂ ਵਿਚ ਕੇਸ ਲੜਨਾ ਨਹੀਂ ਹੈ, ਇਸ ਲਈ ਕੇਜਰੀਵਾਲ ਵਲੋਂ ਅਦਾਲਤੀ ਕੇਸ ਖਤਮ ਕਰਨ ਲਈ ਹੀ ਇਹ ਮੁਆਫੀ ਮੰਗੀ ਗਈ ਹੈ|
ਕੇਜਰੀਵਾਲ ਵਲੋਂ ਮਜੀਠੀਆ ਤੋਂ ਮੰਗੀ ਗਈ ਮਾਫੀ ਦੇ ਕਾਰਨ ਆਮ ਆਦਮੀ ਪਾਰਟੀ ਦੇ ਆਮ ਵਰਕਰ ਵੀ ਸਕਤੇ ਦੀ ਹਾਲਤ ਵਿਚ ਹਨ| ਪੰਜਾਬ ਦੇ ਆਪ ਆਗੂਆਂ ਅਤੇ ਆਮ ਵਰਕਰਾਂ ਨੂੰ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂ ਟਿੱਚਰਾਂ ਕਰ ਰਹੇ ਹਨ ਉਥੇ ਹੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਵਿਚਰ ਰਹੇ ਆਗੂਆਂ ਅਤੇ ਵਰਕਰਾਂ ਨੂੰ ਕਈ ਤਰ੍ਹਾਂ ਦੇ ਕਮੈਂਟ ਭੇਜ ਰਹੇ ਹਨ ਅਤੇ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ| ਸ਼ੋਸਲ ਮੀਡੀਆ ਤੇ ਵੀ ਵੱਡੀ ਗਿਣਤੀ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਜਾ ਰਹੀ ਹੈ| ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸੋਸਲ ਮੀਡੀਆ ਉਪਰ ਪਿਛਲੇ ਸਮੇਂ ਦੌਰਾਨ ਹੋਏ ਪ੍ਰਚਾਰ ਨੇ ਹੀ ਆਮ ਆਦਮੀ ਪਾਰਟੀ ਨੂੰ ਮਜਬੂਤ ਬਣਾਇਆ ਸੀ ਤੇ ਉਹ ਪੰਜਾਬ ਵਿਚ ਚਾਰ ਲੋਕ ਸਭਾ ਸੀਟਾਂ ਜਿੱਤ ਗਈ ਸੀ ਪਰੰਤੂ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਖਿੰਡਦਾ ਦਿਖ ਰਿਹਾ ਹੈ|
ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਮੁਹਾਲੀ ਸਮੇਤ ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਲਗਭਗ ਠੱਪ ਪਈਆਂ ਹਨ| ਜਿਸ ਕਰਕੇ ਹੁਣ ਇਸ ਪਾਰਟੀ ਦੀ ਹੋਂਦ ਉਪਰ ਹੀ ਸਵਾਲ ਖੜੇ ਹੋਣ ਲੱਗ ਪਏ ਹਨ| ਇਕ ਸਮੇਂ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਵੇਖਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਹੁਣ ਲੋਕਾਂ ਤੋਂ ਮੂੰਹ ਛੁਪਾ ਰਹੇ ਹਨ| ਹਾਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅਨੇਕਾਂ ਹੀ ਆਗੂ ਹੁਣ ਪਾਰਟੀ ਤੋਂ ਦੂਰੀ ਬਣਾਉਣ ਬਾਰੇ ਸੋਚਣ ਲੱਗ ਪਏ ਹਨ|
ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਹੋ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ| ਅਤੇ ਇਹਨਾ ਹਾਲਾਤਾਂ ਵਿੱਚ ਪੰਜਾਬ ਵਿਚ ਤੀਜੇ ਸਿਆਸੀ ਬਦਲ ਦੇ ਮਜਬੂਤ ਹੋਣ ਦੀ ਸੰਭਾਵਨਾ ਵੀ ਲਗਭਗ ਖਤਮ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਮੁੜ ਰਵਾਇਤੀ ਪਾਰਟੀਆਂ (ਕਾਂਗਰਸ ਅਤੇ ਅਕਾਲੀ ਦਲ) ਦੇ ਰਹਿਮੋਕਰਮ ਉਪਰ ਹੀ ਰਹਿਣਾ ਪਵੇਗਾ| ਇਹ ਦੋਵੇਂ ਪਾਰਟੀ ਸੂਬੇ ਵਿੱਚ ਵਾਰੀ ਬਦਲ ਕੇ ਰਾਜ ਕਰਦੀਆਂ ਆ ਰਹੀਆਂ ਹਨ ਅਤੇ ਇਹਨਾਂ ਨੇ ਪੰਜਾਬ ਵਿਚ ਕਦੇ ਤੀਜੀ ਪਾਰਟੀ ਦੀ ਸਰਕਾਰ ਹੀ ਨਹੀਂ ਬਣਨ ਦਿੱਤੀ| ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਸਨ ਪਰ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦੀ ਥਾਂ ਇਸ ਪਾਰਟੀ ਵਿਚ ਆਪਸੀ ਪਾਟੋਧਾੜ ਨੇ ਉਸਦੀ ਹੋਂਦ ਉਪਰ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਅਤੇ ਵੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀ ਜਨਤਾ ਇਸ ਪਾਰਟੀ ਪ੍ਰਤੀ ਕੀ ਰੁੱਖ ਅਖਤਿਆਰ ਕਰਦੀ ਹੈ|

Leave a Reply

Your email address will not be published. Required fields are marked *