ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਵਲੋਂ ਅਸਤੀਫਾ

ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਵਲੋਂ ਅਸਤੀਫਾ
ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੁਣ ਦਾ ਤਰੀਕਾ ਗੈਰ ਜਮਹੂਰੀ: ਧਾਲੀਵਾਲ
ਸਕਾਈ ਹਾਕ ਟਾਈਮਜ਼ ਬਿਊਰੋ
ਐਸ ਏ ਐਸ ਨਗਰ, 7 ਅਗਸਤ

ਆਮ ਆਦਮੀ ਪਾਰਟੀ ਵਿੱਚ ਜਾਰੀ ਅੰਦਰੂਨੀ ਜੰਗ ਦਿਨੋਂ ਦਿਨ ਹੋਰ ਤੇਜ ਹੁੰਦੀ ਜਾ ਰਹੀ ਹੈ, ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ| ਉਹਨਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਡਾ. ਬਲਬੀਰ ਸਿੰਘ ਨੂੰ ਭੇਜ ਦਿੱਤਾ ਹੈ|
ਸਕਾਈ ਹਾਕ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਇਕ ਵਲੰਟੀਅਰ ਦੇ ਰੂਪ ਵਿੱਚ ਕੰਮ ਕਰਦੇ ਰਹਿਣਗੇ ਤਾਂ ਜੋ ਪਾਰਟੀ ਦੇ ਢਾਂਚੇ ਨੂੰ ਮਜਬੂਤ ਕੀਤਾ ਜਾ ਸਕੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ|
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਕੇਂਦਰੀ ਕਨਵੀਨਰ ਸ੍ਰੀ ਅਰਵਿਦ ਕੇਜਰੀਵਾਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਦੇ ਰਹਿਣਗੇ|
ਉਹਨਾਂ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਸਮੇਤ 6 ਹੋਰ ਵਿਧਾਇਕਾਂ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਦਿੱਤੇ ਸੁਝਾਆਂ ਦਾ ਸਮਰਥਣ ਕਰਦੇ ਹਨ ਤਾਂ ਜੋ ਪੰਜਾਬ ਵਿੱਚ ਪਾਰਟੀ ਮੁੜ ਲੀਹ ਤੇ ਲਿਆ ਕੇ ਮਜਬੂਤ ਕੀਤਾ ਜਾ ਸਕੇ|
ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਸਬੰਧੀ ਪੁਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਪਾਰਟੀ ਦੀ ਕਾਰਗੁਜਾਰੀ ਤਾਂ ਬਹੁਤ ਚੰਗੀ ਰਹੀ ਹੈ, ਪਰ ਕੇਂਦਰੀ ਲੀਡਰਸ਼ਿਪ ਖਾਸ ਕਰਕੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਹਨ| ਉਹਨਾਂ ਕਿਹਾ ਕਿ ਪਾਰਟੀ ਦੇ ਕੁੱਝ ਆਗੂ ਨਿੱਜੀ ਹਿਤਾਂ ਨੂੰ ਮਹੱਤਵ ਦਿੰਦੇ ਹਨ, ਜਿਸ ਕਾਰਨ ਪਾਰਟੀ ਨੂੰ ਢਾਹ ਲੱਗ ਰਹੀ ਹੈ|
ਉਹਨਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਵਲੋਂ ਸ੍ਰ. ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿੱਚੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦਾ ਤਰੀਕਾ ਗੈਰਜਮਹੂਰੀ ਹੈ| ਉਹਨਾਂ ਕਿਹਾ ਕਿ ਜੇ ਸ੍ਰ. ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣਾ ਹੀ ਸੀ ਤਾਂ ਇਸ ਸਬੰਧੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਕਰਵਾਈ ਜਾਣੀ ਚਾਹੀਦੀ ਸੀ ਜਿਸ ਵਿੱਚ ਪਾਰਟੀ ਦੇ ਕੇਂਦਰੀ ਨਿਗਰਾਨ ਦੀ ਅਗਵਾਈ ਵਿੱਚ ਬਹੁਸੰਮਤੀ ਨਾਲ ਕੋਈ ਫੈਸਲਾ ਲਿਆ ਜਾਂਦਾ ਅਤੇ ਉਸ ਉੱਪਰ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੁੰਦਾ|
ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਲੋਕਤਾਂਤਰਿਕ ਪੰਰਪਰਾਂਵਾਂ ਅਨੁਸਾਰ ਪਾਰਟੀ ਦੇ ਚੁਣੇ ਹੋਏ ਵਿਧਾਇਕ ਹੀ ਆਪਣੇ ਆਗੂ ਦੀ ਚੋਣ ਕਰਦੇ ਹਨ ਅਤੇ ਕਿਸੇ ਵੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਮਾਮਲੇ ਵਿੱਚ ਦਖਲ ਅੰਦਾਜੀ ਨਹੀਂ ਕਰਦੀ|
ਉਹਨਾਂ ਕਿਹਾ ਕਿ ਆਪ ਦਾ ਗਠਨ ਲੋਕਤੰਤਰ ਦੀ ਬਹਾਲੀ ਲਈ ਕੀਤਾ ਗਿਆ ਸੀ| ਹੁਣ ਪੰਜਾਬ ਦੇ ਵਰਕਰਾਂ ਦੀ ਰਾਏ ਲੈ ਕੇ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸ੍ਰ. ਖਹਿਰਾ ਸਮੇਤ ਪਾਰਟੀ ਦੇ ਅੱਠ ਵਿਧਾਇਕਾਂ ਵਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਵਿੱਚ ਪਾਰਟੀ ਹੋਰ ਵੀ ਮਜਬੂਤ ਹੋਵੇਗੀ|
ਆਪ ਵਲੋਂ ਗਰਮ ਦਲੀਆਂ ਪ੍ਰਤੀ ਸੁਰ ਨਰਮ ਰੱਖਣ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਆਪ ਧਰਮ ਨਿਰਪੱਖ ਪਾਰਟੀ ਹੈ, ਜੋ ਕਿ ਦੇਸ਼ ਦੇ ਸੰਵਿਧਾਨ ਮੁਤਾਬਿਕ ਕੰਮ ਕਰਦੀ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਦਿੱਲੀ ਪੈਟਰਨ ਤੇ ਸਿੱਖਿਆ ਅਤੇ ਸਿਹਤ ਸੁਧਾਰਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *