ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ

ਐਸ ਏ ਐਸ ਨਗਰ, 16 ਜੂਨ (ਸ.ਬ.) ਨੇੜਲੇ ਪਿੰਡ ਸੋਹਾਣਾ ਵਿਖੇ ਸੰਘਰਸ਼ ਕਰ ਰਹੇ ਬੀ ਐਡ ਟੈਟ ਅਤੇ ਸਬਜੈਕਟ ਪਾਸ ਬੇਰੁਜਗਾਰ ਯੂਨੀਅਨ ਦੇ ਸੰਘਰਸ਼ ਨੂੰ ਅੱਜ ਆਮ ਆਦਮੀ ਪਾਰਟੀ ਨੇ ਆਪਣੀ ਹਮਾਇਤ ਦੇ ਦਿੱਤੀ ਹੈ ਅਤੇ ਅੱਜ ਆਪ ਦੇ ਸੰਸਦ ਮੈਂਬਰ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਇਸ ਧਰਨੇ ਵਿੱਚ ਪਹੁੰਚੇ ਅਤੇ ਬੇਰੁਜਗਾਰ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਸਰਕਾਰ ਬਦਲ ਗਈ ਹੈ ਪਰੰਤੂ ਅਸਲੀਅਤ ਵਿੱਚ ਤਾਂ ਸਿਰਫ ਪੱਗਾਂ ਦਾ ਰੰਗ ਹੀ ਤਬਦੀਲ ਹੋਇਆ ਹੈ| ਉਹਨਾਂ ਕਿਹਾ ਕਿ ਨਾਂ ਤਾਂ ਕਾਰਗੁਜਾਰੀ ਵਿੱਚ ਕੋਈ ਫਰਕ ਆਇਆ ਹੈ ਅਤੇ ਨਾ ਹੀ ਗਰੀਬਾਂ ਅਤੇ ਲੋੜਵੰਦਾਂ ਪ੍ਰਤੀ ਉਸਦਾ ਨਜਰੀਆ ਹੀ ਬਦਲਿਆ ਹੈ| ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਪੋਤੇ ਨੂੰ ਤਾਂ ਸਰਕਾਰੀ ਅਫਸਰ ਬਣਾਉਣ ਲਈ ਚਾਰਾਜੋਈ ਕੀਤੀ ਜਾਂਦੀ ਹੈ ਜਦੋਂ ਕਿ ਉਸ ਪਰਿਵਾਰ ਵਿੱਚ ਮੌਜੂਦਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਹੋਣ ਦੇ ਇਲਾਵਾ ਸਾਬਕਾ ਮੰਤਰੀ ਵੀ ਸ਼ਾਮਿਲ ਹਨ ਅਤੇ ਇਹ ਪਰਿਵਾਰ ਆਰਥਿਕ ਅਤੇ ਸਮਾਜਿਕ ਪੱਖੋਂ ਬਹੁਤ ਮਜਬੂਤ ਵੀ ਹੈ ਪਰੰਤੂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜਗਾਰ ਅਧਿਆਪਕਾਂ ( ਜਿਹਨਾਂ ਦੇ ਘਰ ਰੋਟੀ ਪਕਣੀ ਵੀ ਔਖੀ ਹੈ) ਨੂੰ ਸਰਕਾਰ ਨੌਕਰੀ ਦੇਣ ਤੋਂ ਇਨਕਾਰੀ ਹੈ| ਉਹਨਾਂ ਟੈਂਕੀ ਤੇ ਚੜ੍ਹੇ ਬੇਰੁਜਗਾਰ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਭਾਵਕੁਤਾ ਵਿੱਚ ਆ ਕੇ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਸਦਾ ਉਹਨਾਂ ਅਤੇਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਸਹਿਣਾ ਪਵੇ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ  ਬੇਰੁਜਗਾਰ ਅਧਿਆਪਕਾਂ ਦੇ ਮਸਲੇ ਨੂੰ ਉਪਰ ਤੱਕ ਲੈ ਕੇ ਜਾਵੇਗੀ ਅਤੇ ਉਹਨਾਂ ਨੂੰ ਇਨਸਾਫ ਦਿਵਾ ਕੇ ਰਹੇਗੀ|
ਇਸ ਮੌਕੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਵਲੋਂ ਵਿਧਾਨ ਸਭਾ ਦੀ ਕਾਰਵਾਈ ਫੇਸਬੁਕ ਤੇ ਲਾਈਵ ਕਰਨ ਬਦਲੇ ਉਹਨਾਂ ਨੂੰ ਬਜਟ ਸ਼ੈਸ਼ਨ ਵਾਸਤੇ ਵਿਧਾਨ ਸਭਾ ਤੋਂ ਮੁਅੱਤਲ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰ. ਮਾਨ ਨੇ ਕਿਹਾ ਕਿ ਸਰਕਾਰ ਦਾ ਤਾਂ ਇਹ ਕੰਮ ਹੀ ਹੁੰਦਾ ਹੈ ਕਿ ਜਿਹੜਾ ਵੀ ਉਸਦੇ ਖਿਲਾਫ ਬੋਲੇ ਉਸਨੂੰ ਬਾਹਰ ਕਰ ਦਿਉ| ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਸਾਨੂੰ ਵਿਰੋਧੀ ਧਿਰ ਵਿੱਚ ਭੇਜ ਕੇ ਜਨਤਾ ਦੇ ਚੌਕੀਦਾਰ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗੀ|
ਇਸ ਤੋਂ ਸੋਹਣਾ ਨੇੜੇ ਧਰਨੇ ਵਾਲੀ ਥਾਂ ਤੇ ਪਹੁੰਚਣ ਮੌਕੇ ਬੇਰੁਜਗਾਰ ਅਧਿਆਪਕਾਂ ਦੀ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨੇ ਸ੍ਰ. ਭਗਵੰਤ ਮਾਨ ਨੂੰ ਆਪਣੀ ਮੰਗਾਂ ਬਾਰੇ ਜਾਣਕਾਰੀ ਦਿੱਤੀ ਜਿਹਨਾਂ ਤੇ ਸਹਿਮਤੀ ਪਗਟਾਉਂਦਿਆਂ ਸ੍ਰ. ਮਾਨ ਨੇ ਆਮ ਆਦਮੀ ਪਾਰਟੀ ਵਲੋਂ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ|  ਇਸ ਦੌਰਾਨ ਪਾਣੀ ਦੀ ਟੈਂਕੀ ਤੇ ਚੜ੍ਹੇ  ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਪਾਣੀ  ਦੀ ਟੈਂਕੀ ਤੋਂ ਇੱਕ ਅਲਟੀਮੇਟਮ ਦਾ ਪੱਤਰ ਹੇਠਾਂ ਸੁਟਿਆ| ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਪਿਛਲੀ14 ਜੂਨ ਤੋਂ ਆਪਣੇ ਰੁਜਗਾਰ ਦੀ ਮੰਗ ਨੂੰ  ਲੈ ਕੇ ਟਂੈਕੀ ਤੇ ਚੜ੍ਹੇ ਹੋਏ ਹਨ ਪਰੰਤੂ ਅੱਜ ਤੀਜੇ ਦਿਨ ਤਕ ਸਰਕਾਰ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ ਹੈ| ਪੱਤਰ ਵਿੱਚ ਲਿਖਿਆ ਹੈ ਕਿ ਜੇਕਰ ਅਗਲੇ 48 ਘੰਟਿਆਂ ਤਕ ਸਰਕਾਰ ਨੇ ਉਹਨਾਂ ਦੀ ਰੁਜਗਾਰ ਦੀ ਮੁੱਖ ਮੰਗ ਨਾ ਮੰਨੀ ਤਾਂ ਉਹ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ| ਜਿਸਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ|
ਇੱਥੇ ਇਹ ਜਿਕਰਯੋਗ ਹੈ ਕਿ ਬੀਤੀ 14 ਜੂਨ ਨੂੰ ਬੀ ਐਡ ਬੇਰੁਜਗਾਰ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੀ ਮੀਟਿੰਗ ਦੌਰਾਨ 1 ਮਹਿਲਾ ਸਮੇਤ ਯੂਨੀਅਨ ਦੇ ਪੰਜ ਮੈਂਬਰ ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੇ ਕੁਮਾਰ ਨਾਭਾ, ਹਰਦੀਪ ਸਿੰਘ ਭੀਖੀ ਅਤੇ ਵਰਿੰਦਰਜੀਤ ਕੌਰ ਨਾਭਾ  ਸੋਹਾਣਾ   ਨੇੜੇ ਪਾਣੀ ਦੀ ਟੈਂਕੀ ਤੇ ਚੜ੍ਹ ਗਏ ਸਨ ਅਤੇ ਟੈਂਕੀ ਦੇ ਹੇਠਾਂ ਯੂਨੀਅਨ ਵਲੋਂ ਧਰਨਾ ਲਗਾ ਦਿੱਤਾ ਗਿਆ ਸੀ ਜਿਹੜਾ ਹੁਣ ਵੀ ਜਾਰੀ ਹੈ| ਇਸ ਦੌਰਾਨ ਪੁਲੀਸ ਅਤੇ ਪ੍ਰਸ਼ਾਸਨ ਦੀਆਂ ਭਰਪੂਰ  ਕੋਸ਼ਿਸ਼ਾਂ ਦੇ ਬਾਵਜੂਦ ਸੰਘਰਸ਼ਕਸੀ ਬੇਰੁਜਗਾਰ ਅਧਿਆਪਕ ਟੈਂਕੀ ਤੇ ਹੀ ਖੜੇ ਹੋਏ ਹਨ| ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁਹਾਲੀ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ਸ੍ਰ: ਨਰਿੰਦਰ ਸਿੰਘ  ਸ਼ੇਰਗਿੱਲ, ਸ੍ਰ. ਮਨਜੀਤ ਸਿੰਘ ਮੀਡੀਆ ਇੰਚਾਰਜ, ਪੰਜਾਬ ਆਮ ਆਦਮੀ ਪਾਰਟੀ,  ਸ੍ਰ. ਦਿਲਾਵਰ ਸਿੰਘ, ਸ੍ਰ. ਮੇਜਰ ਸਿੰਘ ਸ਼ੇਰਗਿੱਲ, ਰਵਨੀਤ ਸਿੰਘ ਅਤੇ ਸ੍ਰੀਮਤੀ ਅਮਨਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *