ਆਮ ਆਦਮੀ ਪਾਰਟੀ ਨੂੰ ਕਿਹੜੇ ਪਾਸੇ ਲੈ ਕੇ ਜਾਵੇਗੀ ਉਸਦੀ ਅੰਦਰੂਨੀ ਫੁੱਟ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਆਪਸ ਵਿੱਚ ਬੁਰੀ ਤਰ੍ਹਾਂ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਦੀ ਫੁੱਟ ਨੇ ਪਿਛਲੇ ਕੁੱਝ ਸਮੇਂ ਦੌਰਾਨ ਇਸਨੂੰ ਜਿਵੇਂ ਹਾਸ਼ੀਏ ਉੱਪਰ ਪਹੁੰਚਾ ਦਿੱਤਾ ਹੈ ਅਤੇ ਆਮ ਲੋਕਾਂ ਵਲੋਂ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਆਸਾਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ, ਉਹਨਾਂ ਉਪਰ ਪਾਣੀ ਫਿਰ ਗਿਆ ਹੈ| ਪਿਛਲੇ ਕੁੱਝ ਸਮੇਂ ਦੌਰਾਨ ਵਾਪਰੇ ਘਟਨਾਚੱਕਰ ਦੌਰਾਨ ਜਿਸ ਤਰੀਕੇ ਨਾਲ ਪਾਰਟੀ ਦੇ ਪੌਣਾ ਦਰਜਨ ਵਿਧਾਇਕ ਪਾਰਟੀ ਦੀ ਖੁੱਲੀ ਬਗਾਵਤ ਕਰ ਰਹੇ ਹਨ ਉਸਨੇ ਨਾ ਸਿਰਫ ਆਮ ਆਦਮੀ ਪਾਰਟੀ ਦੀ ਸਾਖ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਬਲਕਿ ਇਸਨੇ ਆਮ ਲੋਕਾਂ ਦਾ ਭਰੋਸਾ ਵੀ (ਕਾਫੀ ਹੱਦ ਤਕ) ਗਵਾ ਦਿੱਤਾ ਹੈ|
ਆਮ ਆਦਮੀ ਪਾਰਟੀ ਇਸ ਸਮੇਂ ਭਾਰੀ ਫੁੱਟ ਦਾ ਸ਼ਿਕਾਰ ਹੋ ਹੈ| ਹਾਲਾਂਕਿ ਪਾਰਟੀ ਦੀ ਇਹ ਫੁੱਟ ਸਿਰਫ ਪੰਜਾਬ ਤਕ ਹੀ ਸੀਮਿਤ ਨਹੀਂ ਹੈ ਬਲਕਿ ਦਿੱਲੀ ਅਤੇ ਹੋਰ ਰਾਜਾਂ ਵਿੱਚ ਵੀ ਇਹ ਪਾਰਟੀ ਭਾਰੀ ਫੁੱਟ ਦੀ ਸ਼ਿਕਾਰ ਹੈ| ਆਮ ਆਦਮੀ ਪਾਰਟੀ ਦੇ ਨਾਲ ਇਸ ਪਾਰਟੀ ਦੇ ਜਨਮ ਤੋਂ ਹੀ ਜੁੜੇ ਹੋਏ ਸੀਨੀਅਰ ਆਗੂ ਇਸ ਪਾਰਟੀ ਤੋਂ ਦੂਰ ਹੋ ਗਏ ਹਨ ਅਤੇ ਇਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੀ ਇਸ ਪਾਰਟੀ ਦੇ ਸੁਪਰੀਮੋ ਬਣੇ ਹੋਏ ਹਨ|
ਆਮ ਆਦਮੀ ਪਾਰਟੀ ਦੀ ਇਸੇ ਅੰਦਰੂਨੀ ਫੁੱਟ ਕਾਰਨ ਪਿਛਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਸਦਾ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਟੁੱਟ ਗਿਆ ਸੀ| ਉਸ ਤੋਂ ਬਾਅਦ ਵੀ ਇਸਦੀ ਅੰਦਰੂਨੀ ਫੁੱਟ ਲਗਾਤਾਰ ਵਧਦੀ ਹੀ ਰਹੀ ਹੈ| ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਕੇਂਦਰੀ ਅਗਵਾਈ ਵਲੋਂ ਜਿਸ ਤਰੀਕੇ ਨਾਲ ਵਿਧਾਇਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਸਨੇ ਇਹਨਾਂ ਆਗੂਆਂ ਦੀ ਘਰ ਵਾਪਸੀ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ| ਜਿੱਥੇ ਸ੍ਰ ਖਹਿਰਾ ਇਹ ਕਹਿ ਰਹੇ ਹਨ ਕਿ ਉਹ ਕੇਜਰੀਵਾਲ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਉੱਥੇ ਜਵਾਬ ਵਿੱਚ ਕੇਜਰੀਵਾਲ ਵੀ ਕਹਿ ਚੁੱਕੇ ਹਨ ਕਿ ਚੰਗਾ ਹੈ ਕਿ ਖਹਿਰਾ ਉਹਨਾਂ ਦੇ ਮੱਥੇ ਨਾ ਲੱਗੇ ਕਿਉਂਕਿ ਉਹ ਖੁਦ ਵੀ ਖਹਿਰਾ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ|
ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਛੇ ਮਹੀਨੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੱਲ ਲੱਗਿਆ ਹੋਇਆ ਹੈ| ਆਮ ਆਦਮੀ ਪਾਰਟੀ ਵਲੋਂ ਭਾਵੇਂ ਇਹਨਾਂ ਚੋਣਾਂ ਲਈ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ ਪਰੰਤੂ ਜਮੀਨੀ ਪੱਧਰ ਤੇ ਪਾਰਟੀ ਦੇ ਆਗੂਆਂ ਵਲੋਂ ਹੀ ਇਹਨਾਂ ਉਮੀਦਵਾਰਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ| ਪਾਰਟੀ ਆਗੂ ਆਪਸੀ ਧੜੇਬੰਦੀ ਵਿੱਚ ਹੀ ਉਲਝੇ ਹੋਏ ਹਨ ਅਤੇ ਹਰ ਕੋਈ ਆਪਣੀ ਆਪਣੀ ਡਫਲੀ ਵਜਾ ਰਿਹਾ ਹੈ|
ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣੇ ਵੀ ਇਸੇ ਆਸ ਵਿੱਚ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਇਹ ਇਸ ਵਾਰ ਵੀ ਪੰਜਾਬ ਦੀਆਂ ਕਈ ਸੀਟਾਂ ਜਿੱਤ ਜਾਵੇਗੀ| ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਚਾਰ ਸਾਂਸਦਾ ਵਿੱਚੋਂ ਦੋ ਸਾਂਸਦ ਬਾਗੀ ਹੋ ਚੁੱਕੇ ਹਨ ਅਤੇ ਪਾਰਟੀ ਟਿਕਟ ਤੇ ਵਿਧਾਨਸਭਾ ਚੋਣ ਜਿੱਤਣ ਵਾਲੇ 8 ਵਿਧਾਇਕ ਵੀ ਬਾਗੀ ਹਨ| ਹੁਣ ਇਹਨਾਂ ਬਾਗੀ ਆਗੂਆਂ ਵਲੋਂ ਨਵਾਂ ਫਰੰਟ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਹੀ ਹੈ ਅਤੇ ਖਹਿਰਾ ਧੜਾ ਇਸ ਮਾਮਲੇ ਵਿੱਚ ਕਾਫੀ ਅੱਗੇ ਹੈ| ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਇਹਨਾਂ ਆਗੂਆਂ ਵਲੋਂ ਬਣਾਇਆ ਜਾਣ ਵਾਲਾ ਇਹ ਨਵਾਂ ਫਰੰਟ ਵਲੋਂ ਚੋਣਾਂ ਦੌਰਾਨ ਸਭਤੋਂ ਵੱਧ ਨੁਕਸਾਨ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਹੀ ਕੀਤਾ ਜਾਣਾ ਹੈ ਅਤੇ ਜੇਕਰ ਬਾਗੀ ਧੜੇ ਦੀ ਚਲੀ ਤਾਂ ਆਮ ਆਦਮੀ ਪਾਰਟੀ ਲਈ ਲੋਕਸਭਾ ਚੋਣਾਂ ਦੌਰਾਨ ਇੱਕ ਸੀਟ ਜਿੱਤਣੀ ਵੀ ਔਖੀ ਹੋ ਜਾਣੀ ਹੈ|

Leave a Reply

Your email address will not be published. Required fields are marked *