ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਸ਼ੇਰਗਿਲ ਨੂੰ ਮੁਹਾਲੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਵੱਲੋਂ ਚੁੱਪ ਤੋੜਦਿਆਂ ਮੁਹਾਲੀ ਵਿਧਾਨਸਭਾ ਹਲਕੇ ਤੋਂ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ| ਸ੍ਰ. ਸ਼ੇਰਗਿਲ ਪਿੰਡ ਝਿੰਗੜਾ ਦੇ ਵਸਨੀਕ ਹਨ ਅਤੇ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਸਿਆਸੀ ਹੈ ਅਤੇ ਉਹਨਾਂ ਦੇ ਪਿਤਾ ਸ੍ਰ. ਭਜਨ ਸਿੰਘ ਸ਼ੇਰਗਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ| ਸ੍ਰ. ਭਜਨ ਸਿੰਘ ਸ਼ੇਰਗਿਲ ਨੇ 2004 ਵਿੱਚ ਸਾਂਝੇ ਫਰੰਟ ਵੱਲੋਂ ਚੋਣ ਲੜੀ ਸੀ ਅਤੇ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਉਜਾਗਰ ਸਿੰਘ ਵਡਾਲੀ ਨੂੰ ਹਰਾਇਆ ਸੀ|
ਇਸ ਤੋਂ ਪਹਿਲਾਂ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਖਰੜ ਹਲਕੇ ਤੋਂ ਟਿਕਟ ਦੇਣ ਦੀ ਚਰਚਾ ਰਹੀ ਸੀ ਪਰੰਤੂ ਪਾਰਟੀ ਵੱਲੋਂ ਖਰੜ ਤੋਂ ਸ੍ਰ. ਕੰਵਰ ਸੰਧੂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਸੀ| ਮੁਹਾਲੀ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਸ੍ਰ. ਹਿੰਮਤ ਸਿੰਘ  ਸ਼ੇਰਗਿਲ ਨੂੰ ਬਾਅਦ ਵਿੱਚ ਮਜੀਠਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਤੋਂ ਮੁਹਾਲੀ ਹਲਕਾ ਖਾਲੀ ਪਿਆ ਸੀ ਅਤੇ ਇਸ ਸਬੰਧੀ ਕਈ ਨਾਮ ਵੀ ਚਰਚਾ ਵਿੱਚ ਚੱਲ ਰਹੇ ਸਨ| ਹਾਲਾਂਕਿ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦਾ ਨਾਮ ਮੁਹਾਲੀ ਹਲਕੇ ਦੇ ਸੰਭਾਵੀ ਉਮੀਦਵਾਰਾਂ ਵਿੱਚ ਨਹੀਂ ਸੀ ਪਰੰਤੂ ਪਾਰਟੀ ਵੱਲੋਂ ਸਾਰਿਆਂ ਨੂੰ ਹੈਰਾਨ ਕਰਦਿਆਂ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ|
ਸ੍ਰ. ਸ਼ੇਰਗਿਲ ਨੇ ਸਕਾਈ ਹਾਕ ਟਾਈਮਜ਼ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਤੇ ਭਰੋਸਾ ਕਰਦਿਆ ਇਹ ਜਿੰੇਮਵਾਰੀ ਦਿੱਤੀ ਗਈ ਹੈ ਅਤੇ ਉਹ ਹਲਕੇ ਦੇ ਸਮੂਹ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਚੋਣ ਮੈਦਾਨ ਵਿੱਚ ਉਤਰਨਗੇ| ਉਹਨਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਤਕੜਾ ਆਧਾਰ ਹੈ ਅਤੇ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ| ਸ਼ੇਰਗਿਲ ਪੋਸਟ ਗ੍ਰੈਜੂਏਟ ਹਨ ਅਤੇ ਉਹ 1998 ਤੋਂ 2003 ਤੱਕ ਝਿੰਗੜਾ ਪਿੰਡ ਦੇ ਸਰਪੰਚ ਰਹੇ ਹਨ|

Leave a Reply

Your email address will not be published. Required fields are marked *