ਆਮ ਆਦਮੀ ਪਾਰਟੀ ਨੇ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਮੰਗੀ


ਚੰਡੀਗੜ੍ਹ, 22 ਅਕਤੂਬਰ  (ਸ.ਬ.) ਬਾਹਰਲੇ ਰਾਜਾਂ ਤੋਂ ਆ ਰਹੇ ਝੋਨੇ ਦੀ ਖ਼ਰੀਦ ਘੁਟਾਲੇ  ਸਬੰਧੀ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਪੂਰੇ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ|
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਤੋਂ ਅੱਧੇ ਮੁੱਲ ਤੇ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ            ਵੇਚੇ ਜਾਣ ਦਾ ਘਪਲਾ ਸਿਰਫ਼ ਪਨਸਪ ਦੇ ਜ਼ਿਲ੍ਹਾ ਮੈਨੇਜਰ ਪਟਿਆਲਾ ਤੱਕ ਸੀਮਤ ਨਹੀਂ ਹੈ| ਇਸ ਖੇਡ ਵਿੱਚ ਸੂਬੇ ਦੀਆਂ ਲਗਭਗ ਸਾਰੀਆਂ ਖਰੀਦ                   ਏਜੰਸੀਆਂ ਸ਼ਾਮਲ ਹਨ|
ਆਗੂਆਂ ਨੇ ਕਿਹਾ ਕਿ ਇਹ ਘੁਟਾਲਾ ਪੰਜਾਬ ਦੇ ਕਿਸਾਨਾਂ ਦੀ ਕੀਮਤ ਤੇ ਉਸ ਸਮੇਂ ਹੋ ਰਿਹਾ ਹੈ, ਜਦ ਕਿਸਾਨ ਆਪਣੇ ਲੁੱਟੇ ਜਾ ਰਹੇ ਹੱਕਾਂ ਦੀ ਰੱਖਿਆ ਲਈ ਦਿਨ ਰਾਤ ਸੰਘਰਸ਼ ਕਰ ਰਹੇ ਹਨ| ਉਹਨਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਯੂ.ਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਸ਼ੋਸ਼ਣ ਕਰਕੇ ਪੰਜਾਬ ਦੀਆਂ ਮੰਡੀਆਂ ਰਾਹੀਂ ਕਰੋੜਾਂ-ਅਰਬਾਂ ਦੀ ਕਮਾਈ ਕਰ ਰਹੇ ਵਿਚੋਲੀਏ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਰਹੇ? ਉਹਨਾਂ ਕਿਹਾ ਕਿ ਸਰਕਾਰ ਦੇ ਅੱਖਾਂ ਮਿਚਣ ਕਾਰਨ ਇਨ੍ਹਾਂ ਵਿਚੋਲੀਆਂ ਨੂੰ ਘੇਰਨ ਦਾ ਕੰਮ ਵੀ ਖ਼ੁਦ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ|
ਉਹਨਾਂ ਕਿਹਾ ਕਿ ਜੇਕਰ ਬਾਹਰੀ ਰਾਜਾਂ ਦੇ ਝੋਨੇ ਨਾਲ ਹੀ ਪੰਜਾਬ ਨੂੰ ਜਾਰੀ ਹੋਈ ਕੈਸ਼ ਕਰੈਡਿਟ ਲਿਮਟ (ਸੀਸੀਐਲ) ਖ਼ਤਮ ਹੋ ਗਈ ਤਾਂ ਕੀ ਪੰਜਾਬ ਸਰਕਾਰ ਆਪਣੇ ਦਮ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੇ ਝੋਨੇ ਦੀ ਐਮ.ਐਸ.ਪੀ. ਉਤੇ ਗਰੰਟੀ ਨਾਲ ਖ਼ਰੀਦ ਕਰੇਗੀ? ਆਗੂਆਂ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਵੀ ਸਾਧੂ ਸਿੰਘ ਧਰਮਸੋਤ ਵਾਂਗ ਭਾਰਤ ਭੂਸ਼ਣ ਆਸ਼ੂ ਨੂੰ ਬਚਾਈ ਰੱਖਦੇ ਹਨ ਤਾਂ ਇੱਕ ਵਾਰ ਫਿਰ ਸਾਬਤ ਹੋ ਜਾਵੇਗਾ ਕਿ ਲੁੱਟ ਦਾ ਮਾਲ ਗਾਂਧੀ ਪਰਿਵਾਰ ਤੱਕ ਪਹੁੰਚਦਾ ਹੈ|

Leave a Reply

Your email address will not be published. Required fields are marked *